ਨਵੇਂ ਰਾਹ
ਦਰਸ਼ਨ ਸਿੰਘ
ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ’ਚ ਕਿਹੜੇ ਨਵੇਂ ਰਾਹਾਂ ’ਤੇ ਤੁਰਨਾ ਪਵੇ। ਕਿਹੜੀਆਂ ਨਵੀਆਂ ਥਾਵਾਂ ’ਤੇ ਰਹਿਣਾ ਅਤੇ ਉੱਠਣਾ ਬਹਿਣਾ ਪਵੇ। ਨਵੇਂ ਰਾਹਾਂ ਦੇ ਤਜਰਬੇ ਸਦਾ ਨਵੇਂ ਹੁੰਦੇ ਹਨ। ਉਂਜ ਸਭ ਰਾਹ ਕਿਸੇ ਨਾ ਕਿਸੇ ਪਾਸੇ ਜ਼ਰੂਰ ਲੈ ਜਾਂਦੇ ਨੇ ਪਰ ਕਦੋਂ ਕਿਸ ਪਾਸੇ ਮੁੜ ਜਾਣ, ਇਹ ਪਤਾ ਨਹੀਂ ਹੁੰਦਾ। ਬੰਦਾ ਬਸ ਤੁਰਦਾ ਹੀ ਜਾਂਦੈ ਆਪਣੀਆਂ ਸੋਚਾਂ ਤੇ ਖਿਆਲਾਂ ਨਾਲ। ਹੁਣ ਜਿਸ ਰਾਹ ’ਤੇ ਮੇਰੇ ਪੈਰ ਸਨ, ਮੇਰੇ ਲਈ ਇਹ ਨਵਾਂ ਨਹੀਂ ਸੀ। ਕਦੇ ਮੇਰਾ ਇੱਥੇ ਰੋਜ਼ ਆਉਣ ਜਾਣ ਸੀ।
ਇਸ ਰਾਹ ’ਤੇ ਹੀ ਮੇਰਾ ਸਕੂਲ ਸੀ ਜਿੱਥੇ ਮੇਰੀ ਜ਼ਿੰਦਗੀ ਦੇ ਕੁਝ ਵਰ੍ਹੇ ਬੀਤੇ ਸਨ। ਨਾ ਮੈਂ ਹੁਣ ਇਸ ਸਕੂਲ ਵਿੱਚ ਸੀ, ਨਾ ਹੀ ਮੇਰੇ ਵੇਲੇ ਦੇ ਵਿਦਿਆਰਥੀ। ਮੇਰੇ ਕੋਲੋਂ ਕੁਝ ਵਰ੍ਹੇ ਪੜ੍ਹ ਕੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਰਾਹ ਚੁਣ ਲਏ ਸਨ, ਮੈਂ ਆਪਣੀਆਂ ਪਗਡੰਡੀਆਂ ਲੱਭ ਲਈਆਂ। ਇਸ ਸਕੂਲ ਦੇ ਸਾਹਮਣਿਉਂ ਸਾਲਾਂ ਪਿੱਛੋਂ ਮੈਂ ਫਿਰ ਲੰਘਿਆ ਸੀ। ਉਦੋਂ ਇਹ ਰਾਹ ਕੱਚਾ ਸੀ। ਗਰਮੀਆਂ ’ਚ ਧੂੜ ਉੱਡ ਉੱਡ ਮੂੰਹ ’ਤੇ ਪੈਂਦੀ। ਕਈ ਵਾਰ ਅੱਖਾਂ ਬੰਦ ਕਰਨੀਆਂ ਪੈਂਦੀਆਂ। ਹੁਣ ਪੱਕੀ ਸੜਕ ਹੇਠਾਂ ਇਹ ਉੱਡਦੀਆਂ ਧੂੜਾਂ ਦਫ਼ਨ ਹੋ ਗਈਆਂ ਸਨ। ਸਕੂਲ ਦੀ ਦਿੱਖ ਵੀ ਬਹੁਤ ਬਦਲ ਗਈ ਸੀ, ਪਰ ਅੱਜ ਨਾ ਮੈਂ ਸਕੂਲ ਦੇ ਅੰਦਰ ਜਾਣਾ ਸੀ, ਨਾ ਹੀ ਇੱਥੇ ਖੇਡ ਰਹੇ ਨਿੱਕੇ-ਵੱਡੇ ਮੁੰਡੇ ਕੁੜੀਆਂ ਨਾਲ ਕੋਈ ਗੱਲ ਸਾਂਝੀ ਕਰਨੀ ਸੀ ਤੇ ਨਾ ਹੀ ਕੁਝ ਪੜ੍ਹਨਾ ਪੜ੍ਹਾਉਣਾ । ਕੋਲ ਖੜ੍ਹ ਕੇ ਨਾ ਹੱਸਣਾ ਸੀ, ਨਾ ਕੁਝ ਕਹਿਣਾ ਦੱਸਣਾ ਸੀ। ਯਾਦ ਜ਼ਰੂਰ ਆਇਆ ਕਿ ਕਦੇ ਮੈਂ ਇੱਥੇ ਬੱਚਿਆ ਦੇ ਨਾਲ ਨਾਲ ਰਿਹਾ, ਤੁਰਿਆ, ਆਪਣੀਆਂ ਸੋਚਾਂ ਇਨ੍ਹਾਂ ਨੂੰ ਵੰਡੀਆਂ ਤੇ ਖ਼ੁਸ਼ੀ ਦਿੱਤੀ। ਇਨ੍ਹਾਂ ਨੇ ਨਵਾਂ ਸੋਚਣਾ ਸਿੱਖ ਲਿਆ ਸੀ।
ਹੁਣ ਇਨ੍ਹਾਂ ਵਿੱਚੋਂ ਕੋਈ ਇੱਥੇ ਨਹੀਂ ਸੀ। ਮੇਰੇ ਹੱਥੀਂ ਲਾਏ ਕੁਝ ਰੁੱਖ ਮੇਰੀਆਂ ਨਿਸ਼ਾਨੀਆਂ ਬਣ ਕੇ ਖੜ੍ਹੇ ਸਨ। ਪਤਾ ਨਹੀਂ ਮੇਰੇ ਪਿੱਛੋਂ ਕਿੰਨੇ ਤੂਫ਼ਾਨ ਝੱਖੜ ਇਨ੍ਹਾਂ ਝੱਲੇ ਸਨ, ਕਿੰਨੀਆਂ ਪੱਤਝੜਾਂ ਹੰਢਾਈਆਂ ਸਨ, ਪਰ ਫੇਰ ਵੀ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਤੋਂ ਇਹ ਉੱਚੇ ਤੇ ਸੰਘਣੇ ਖੜ੍ਹੇ ਸਨ। ਇਨ੍ਹਾਂ ਦੀਆਂ ਟਾਹਣੀਆਂ ਤੇ ਪੱਤਿਆਂ ‘ਚੋਂ ਛਣ ਛਣ ਆਉਂਦੀ ਧੁੱਪ ਦਾ ਮੈਂ ਡੂੰਘਾ ਅਹਿਸਾਸ ਵੀ ਕੀਤਾ। ਇਨ੍ਹਾਂ ਵਿਲੱਖਣ ਪਲਾਂ ਦਾ ਵਿਲੱਖਣ ਹੀ ਆਨੰਦ ਸੀ ਜੋ ਕੋਈ ਵੀ ਕਿਤਾਬ ਪੜ੍ਹ ਕੇ ਮਹਿਸੂਸ ਨਹੀਂ ਕੀਤਾ ਜਾ ਸਕਦਾ।
‘‘ਸੰਜੀਵ ਕਿੱਥੇ?’’ ਜਾਂਦੇ ਜਾਂਦੇ ਮੈਂ ਕਿਸੇ ਜਾਣਕਾਰ ਤੋਂ ਪੁੱਛਿਆ। ‘‘ਕਿਸੇ ਫੈਕਟਰੀ ’ਚ ਕੰਮ ਕਰਦੈ। ਸਵੇਰੇ ਜਾਂਦਾ, ਸ਼ਾਮੀਂ ਮੁੜਦਾ। ਦੋ ਛੋਟੇ ਛੋਟੇ ਬੱਚੇ ਨੇ ਉਸ ਦੇ।’’ ਬੜਾ ਹੀ ਸਾਊ ਤੇ ਹੁਸ਼ਿਆਰ ਬੱਚਾ ਸੀ ਉਹ। ਹਰ ਬੱਚਾ ਹੀ ਆਪਣੀ ਵਿਸ਼ੇਸ਼ ਭੂਮਿਕਾ ਰੱਖਦਾ ਹੈ ਤੇ ਕੁਝ ਨਾਂਅ ਜ਼ਰੂਰ ਸੁਰਖੀਆਂ ਤੱਕ ਪਹੁੰਚਦੇ ਹਨ। ਸ਼ਿਵਾਨੀ, ਰੇਨੂ, ਸਰਲਾ, ਸੋਨੀਆ ਤੇ ਮੋਨਿਕਾ ਸਰਕਾਰੀ ਸਕੂਲਾਂ ’ਚ ਅਧਿਆਪਕਾਵਾਂ ਬਣ ਗਈਆਂ ਸਨ। ਇਹ ਸਾਰੇ ਬੱਚੇ ਮੈਨੂੰ ਕਈ ਸਵਾਲ ਕਰਦੇ। ਕਾਵਿ ਤੇ ਸਾਇੰਸ ਕੁਇਜ਼ ਮੁਕਾਬਲਿਆਂ ’ਚ ਮੇਰੇ ਨਾਲ ਦੂਰ-ਦੁਰਾਡੇ ਦੇ ਸਕੂਲਾਂ ’ਚ ਭਾਗ ਲੈਣ ਜਾਂਦੇ। ਪਤਾ ਨਹੀਂ ਹੋਰ ਕਿੰਨੇ ਬੱਚਿਆਂ ਨੂੰ ਮੈਂ ਇਕ ਇਕ ਕਰਕੇ ਯਾਦ ਕੀਤਾ। ਰੇਨੂ ਤਾਂ ਅੱਜ ਸਕੂਲੋਂ ਛੁੱਟੀ ਲੈ ਕੇ ਮੈਨੂੰ ਮਿਲਣ ਵੀ ਆਈ ਸੀ। ਮੇਰੇ ਆਉਣ ਦਾ ਉਸ ਨੂੰ ਉਸ ਦੇ ਭਰਾ ਕੋਲੋਂ ਪਤਾ ਲੱਗਿਆ ਸੀ। ਇਹ ਸਭ ਕੁਝ ਮੈਨੂੰ ਬੀਤੇ ਸਮੇਂ ’ਚ ਲੈ ਗਿਆ ਸੀ। ਕਿਤਾਬਾਂ, ਕਾਪੀਆਂ, ਮੋਢੇ ਟੰਗੇ ਬਸਤੇ, ਕਲਾਸ ਰੂਮ ਤੇ ਮੈਂ..!’’ ਸਰ ਜੀ, ਕਿੱਥੇ ਓ? ਰਾਜੀਵ ਤੁਹਨੂੰ ਉਡੀਕ ਰਿਹੈ। ਪ੍ਰਦੀਪ ਸਵੇਰ ਤੋਂ ਆਇਆ ਬੈਠਾ ਹੈ। ਵਾਰ ਵਾਰ ਪੁੱਛਦੇ ਨੇ, ਸਰ ਜੀ ਨੇ ਕਦੋਂ ਆਉਣੈ?” ਮੇਰੇ ਵਿਦਿਆਰਥੀ ਦਾ ਫ਼ੋਨ ਸੀ। ਇਸ ਵਿਦਿਆਰਥੀ ਦੇ ਪਿਤਾ ਜੀ ਦੀ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਮੈਂ ਆਇਆ ਸਾਂ। ਵੀਹ ਵਰ੍ਹੇ ਪਹਿਲੋਂ ਇਹ ਸਾਰੇ ਮੇਰੇ ਕੋਲੋਂ ਪੜ੍ਹੇ ਸਨ। ਮੈਂ ਉਨ੍ਹਾਂ ਦੀਆਂ ਯਾਦਾਂ ’ਚ ਅਜੇ ਵੀ ਸੀ। ਸੋਚਦਾ ਸਾਂ ਕਿ ਅਪਣੱਤ ਦੀ ਭਾਵਨਾ ਕਿਵੇਂ ਕਿਸੇ ਦੇ ਮਨ ’ਚ ਵਸ ਕੇ ਨਿੱਘਾ ਜਿਹਾ ਕੋਮਲ ਤੇ ਅਨੂਠਾ ਰਿਸ਼ਤਾ ਜੋੜ ਦਿੰਦੀ ਹੈ। ਉਹ ਮੇਰੇ ਲਈ ਪੂਰੀ ਤਰ੍ਹਾਂ ‘ਆਪਣਾ ਆਪ’ ਲੈ ਕੇ ਆਏ ਸਨ। ਰਿਸ਼ਤਾ ਨਾ ਹੋ ਕੇ ਵੀ ਕੋਈ ਰਿਸ਼ਤਾ ਤਾਂ ਸੀ ਜਿਸ ਵਿਚੋਂ ਉਨ੍ਹਾਂ ਨੂੰ ਕੋਈ ਉਮੀਦ ਦਿਸਦੀ ਸੀ।
‘‘ਦਸ ਕੁ ਮਿੰਟ ਤਕ ਪਹੁੰਚ ਜਾਵਾਂਗਾ।’’ ਮੈਂ ਕਿਹਾ। ਉਸ ਦੇ ਘਰ ਨੂੰ ਵੀ ਇਹੋ ਰਾਹ ਜਾਂਦਾ ਸੀ..ਥੋੜ੍ਹੀ ਦੂਰੀ ’ਤੇ ਇਕ ਮੋੜ ਤੋਂ ਮੈਂ ਉਸ ਦੇ ਘਰ ਵੱਲ ਮੁੜ ਜਾਣਾ ਸੀ। ਸੋਚਦਾ ਸਾਂ ਬਿਨ ਸੱਦੇ ਕੌਣ ਕਿਸ ਕੋਲ ਜਾਂਦਾ ਹੈ। ‘ਆਪਣਿਆਂ’ ਨੂੰ ਹੀ ਕੋਈ ਸੱਦਦਾ ਤੇ ਮਿਲ ਬੈਠ ਦਿਲ ਦੀ ਗਹਿਰਾਈ ਤੋਂ ਗੱਲਾਂ ਕਰਦੈ। ਇਸ ਤਰ੍ਹਾਂ ਭਾਵੇਂ ਦੁੱਖ ਮੁੱਕ ਤਾਂ ਨਹੀਂ ਜਾਂਦੇ ਪਰ ਮਨਾਂ ’ਤੇ ਚੁੱਕੇ ਹੋਏ ਭਾਰ ਇਹੋ ਜਿਹੀਆਂ ਸਾਂਝਾਂ ਨਾਲ ਪਹਿਲੋਂ ਜਿਹੇ ਭਾਰੇ ਵੀ ਨਹੀਂ ਲੱਗਦੇ। ਮੇਰੀਆਂ ਗੱਲਾਂ ਤੇ ਦਿਲਾਸਿਆਂ ਨਾਲ ਉਸ ਦੀਆਂ ਸਿਸਕੀਆਂ ਨੂੰ ਕੁਝ ਸਕੂਨ ਮਿਲਿਆ ਸੀ। ਹੋਰ ਸਭ ਵੀ ਮੈਨੂੰ ਚਾਅ, ਹੁਲਾਸ ਨਾਲ ਮਿਲੇ। ਹੁਣ ਇਹ ਜ਼ਿੰਦਗੀ ਨੂੰ ਬਹੁਤ ਕੁਝ ਦੇਣ ਦੇ ਯੋਗ ਹੋ ਗਏ ਸਨ ਅਤੇ ਇਕ ਨਵੀਂ ਦੁਨੀਆ ਇਨ੍ਹਾਂ ਦੇ ਅੰਦਰ ਵਸ ਗਈ ਸੀ ਪਰ ਵਰ੍ਹਿਆਂ ਪਿੱਛੋਂ ਵੀ ਨਾ ਜਜ਼ਬਾਤ ਬਦਲੇ ਸਨ, ਨਾ ਭਾਵਨਾਵਾਂ ਤੇ ਨਾ ਹੀ ਡੂੰਘੀ ਅਪਣੱਤ। ਜ਼ਿੰਦਗੀ ਦੀਆਂ ਬਹੁਤ ਲੰਮੀਆਂ ਵਾਟਾਂ ਦੀ ਗੱਲ ਉਨ੍ਹਾਂ ਨਾਲ ਸਾਂਝੀ ਕਰਦਿਆਂ ਤੇ ਸਾਂਝ ਦੀ ਤੰਦ ਜੋੜਦਿਆਂ ਮੈਨੂੰ ਮਹਿਸੂਸ ਹੋਇਆ ਕਿ ਆਪਣੇ ਕਿਰਦਾਰ ਵਿੱਚ ਜਜ਼ਬਾ ਹੋਵੇ, ਦੂਜਿਆਂ ਪ੍ਰਤੀ ਅਪਣੱਤ ਦਾ ਅਹਿਸਾਸ ਹੋਵੇ ਤਾਂ ਜ਼ਿੰਦਗੀ ਦੇ ਸਫ਼ਰ ਵਿੱਚ ਅਣਜਾਣ ਰਾਹਾਂ, ਥਾਵਾਂ ’ਤੇ ਵੀ ਦੇਖਣ, ਮਹਿਸੂਸ ਕਰਨ ਤੇ ਨਵਾਂ ਤਲਾਸ਼ਣ ਵਾਲੀ ਅੱਖ ‘ਆਪਣੇ’ ਲੱਭ ਹੀ ਲੈਂਦੀ ਹੈ ਤੇ ‘ਆਪਣਿਆਂ’ ਨਾਲ ਬੈਠ ਕੇ ਅਣਸੁਖਾਵੇਂ ਪਲ ਵੀ ਪਲਾਂ ਵਿੱਚ ਹੀ ਬੀਤ ਜਾਂਦੇ ਹਨ।
ਸੰਪਰਕ: 94667-37933