ਫੈਸਟ ਦੌਰਾਨ ਨਵੇਂ ਵਿਦਿਆਰਥੀਆਂ ਨੇ ਆਪਣਾ ਹੁਨਰ ਦਿਖਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਨਵੰਬਰ
ਇੱਥੇ ਲਾਲਾ ਅਮੀ ਚੰਦ ਗਰੁੱਪ ਆਫ ਇੰਸਟੀਚਿਊੂੂਸ਼ਨ ਵਿੱਚ ਨਵੇਂ ਵਿਦਿਆਰਥੀਆਂ ਲਈ ਕਾਲਜ ਫੈਸਟ ਕਰਵਾਇਆ ਗਿਆ। ਇਸ ਵਿਚ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਰਾਹੀਂ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਇਸ ਮੌਕੇ ਵਿਦਿਆਰਥੀਆਂ ਲਈ ਨ੍ਰਿਤ, ਗਾਇਨ ਤੇ ਕਵਿਤਾ ਦੇ ਵੱਖ ਵੱਖ ਈਵੈਂਟ ਕਰਵਾਏ ਗਏ ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰਤਿਭਾ ਦੇ ਬਲਬੂਤੇ ਦਰਸ਼ਕਾਂ ਦਾ ਮਨ ਮੋਹ ਲਿਆ। ਕਾਲਜ ਦੇ ਚੇਅਰਮੈਨ ਕੇਐੱਲ ਸੈਣੀ ਨੇ ਕਿਹਾ ਕਿ ਕਾਲਜ ਫੈਸਟ ਪ੍ਰੋਗਰਾਮ ਨਾ ਸਿਰਫ ਬੱਚਿਆਂ ਨੂੰ ਮਨੋਰੰਜਨ ਦਾ ਮੌਕਾ ਦਿੰਦਾ ਹੈ ਸਗੋਂ ਉਨ੍ਹਾਂ ਦੀ ਸ਼ਖਸੀਅਤ, ਸਮਾਜਿਕ ਤੇ ਪੇਸ਼ੇਵਰ ਹੁਨਰ ਦਾ ਵਿਕਾਸ ਵੀ ਕਰਦਾ ਹੈ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਕਮਲ ਤੇ ਰਾਹੁਲ ਸੈਣੀ ਨੇ ਕਿਹਾ ਕਿ ਫੈਸਟ ਨਾਲ ਵਿਦਿਆਰਥੀਆਂ ਨੂੰ ਈਵੈਂਟ ਮੈਨੇਜਮੈਂਟ ਟੀਮ ਵਰਕ ਤੇ ਲੀਡਰਸ਼ਿਪ ਦੇ ਹੁਨਰ ਸਿੱਖਣ ਦਾ ਮੌਕਾ ਮਿਲਦਾ ਹੈ। ਇਹ ਉਨ੍ਹਾਂ ਨੂੰ ਅਸਲ ਜੀਵਨ ਦੀਆਂ ਸਥਿਤੀਆਂ ਵਿੱਚ ਪ੍ਰਬੰਧਨ ਤੇ ਲੀਡਰਸ਼ਿਪ ਅਨੁਭਵ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਅਕਾਦਮਿਕ ਤੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਦਾ ਹੈ। ਇਸ ਪ੍ਰੋਗਰਾਮ ਵਿਚ ਕਾਲਜ ਦੇ ਸਮੂਹ ਫੈਕਲਟੀ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਕਾਲਜ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।