ਇਤਿਹਾਸਕਾਰੀ ਦੀ ਨਵੀਂ ਪੈੜ: ਜੇ ਐਸ ਗਰੇਵਾਲ
ਕਰਮਜੀਤ ਕੇ. ਮਲਹੋਤਰਾ*
ਪ੍ਰੋਫੈਸਰ ਜੇ ਐਸ ਗਰੇਵਾਲ ਦੇ ਚਲਾਣੇ ਨੂੰ ਅੱਜ ਇਕ ਸਾਲ ਹੋ ਗਿਆ ਹੈ। ਇਸ ਦੌਰਾਨ ਅਸੀਂ ਉਨ੍ਹਾਂ ਦੀਆਂ ਲਿਖਤਾਂ ਦਾ ਇਕ ਵੱਡਾ ਭੰਡਾਰ ਕਾਇਮ ਕਰ ਲਿਆ ਹੈ ਅਤੇ ਸਾਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ 200 ਤੋਂ ਵੱਧ ਖੋਜ ਪੱਤਰ ਅਤੇ 50 ਤੋਂ ਵੱਧ ਵਿਸ਼ੇਸ਼ ਨਬਿੰਧ ਅਤੇ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੇ ਸਨ। ਇਤਿਹਾਸਕਾਰੀ ਹੋਵੇ ਜਾਂ ਫ਼ਾਰਸੀ ਦਸਤਾਵੇਜ਼, ਸ਼ਹਿਰੀ ਇਤਿਹਾਸ, ਸੂਫ਼ੀਮਤ, ਧਾਰਮਿਕ ਲਹਿਰਾਂ, ਪੰਜਾਬੀ ਸਾਹਿਤ ਜਾਂ ਸਿੱਖ ਅਤੇ ਪੰਜਾਬ ਦਾ ਇਤਿਹਾਸ -ਜਿਸ ਕਿਸੇ ਵੀ ਖੇਤਰ ਨੂੰ ਉਨ੍ਹਾਂ ਛੂਹਿਆ, ਉਸ ਵਿਚ ਨਵੀਆਂ ਪੈੜਾਂ ਪਾ ਗਏ।
ਸਿੱਖ ਅਤੇ ਪੰਜਾਬ ਦੇ ਇਤਿਹਾਸ ਵਿਚ ਜਦੋਂ ਪ੍ਰੋਫੈਸਰ ਗਰੇਵਾਲ ਨੇ ਪੈਰ ਧਰਿਆ ਸੀ ਤਾਂ ਇਸ ਦਾ ਚਿਹਰਾ ਮੁਹਰਾ ਬਦਲ ਗਿਆ ਸੀ। ਉਹ ਜੁਲਾਈ, 1971 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਰੀਡਰ ਰਹੇ ਤੇ ਇਸ ਦੌਰਾਨ ਉਨ੍ਹਾਂ ਦੀਆਂ ਸਿੱਖਾਂ ਅਤੇ ਪੰਜਾਬ ਬਾਰੇ ਚਾਰ ਕਿਤਾਬਾਂ ਛਪ ਕੇ ਆਈਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣ ਕੇ ਜਾਣ ਤੋਂ ਬਾਅਦ ਲੰਡਨ ਯੂਨੀਵਰਸਿਟੀ ਵਲੋਂ ਉੁਨ੍ਹਾਂ ਦੇ ਸ਼ਾਹਕਾਰ ਅਧਿਐਨ ‘ਗੁਰੂ ਨਾਨਕ ਇਨ ਹਿਸਟਰੀ’ (ਪੰਜਾਬ ਯੂਨੀਵਰਸਿਟੀ, 1969) ਦੇ ਇਵਜ਼ ਵਿਚ ਉਨ੍ਹਾਂ ਨੂੰ ਡੀ ਲਿੱਟ ਦੀ ਡਿਗਰੀ ਦਿੱਤੀ ਗਈ। ਅਸਲ ਵਿਚ ਉਨ੍ਹਾਂ ਦੀ ਕਲਮ ਜੁਲਾਈ 2022 ਤੱਕ ਬਾਦਸਤੂਰ ਚਲਦੀ ਰਹੀ ਅਤੇ ਤਦ ਤੀਕ ਉਨ੍ਹਾਂ ਦੇ ਕਾਰਜ ਦਾ ਵਡੇਰਾ ਹਿੱਸਾ ਸਿੱਖਾਂ ਨਾਲ ਸੰਬੰਧਤ ਸੀ। ਉਨ੍ਹਾਂ ਦੀ ਕਿਤਾਬ ‘ਸਿੱਖਜ਼ ਆਫ ਪੰਜਾਬ’ (ਪੰਜਾਬ ਦੇ ਸਿੱਖ) ਕੈਂਬਰਿਜ ਯੂਨੀਵਰਸਿਟੀ ਪ੍ਰੈਸ (ਮੁੜ ਪ੍ਰਕਾਸ਼ਨ 2017) ਸਿੱਖ ਇਤਿਹਾਸ ਦੀ ਜਾਣ ਪਛਾਣ ਦਾ ਸਰਬੋਤਮ ਇਕਹਿਰਾ ਸੰਸਕਰਨ ਹੈ। ਉਨ੍ਹਾਂ ਦੇ ਖੁਲਾਸੇ ਇਕ ਤਰਕਸੰਗਤ ਧਰਮ ਨਿਰਪੱਖ ਵਿਸ਼ਵਦ੍ਰਿਸ਼ਟੀ ਦੀਆਂ ਜਾਣਕਾਰੀਆਂ ’ਤੇ ਆਧਾਰਿਤ ਸਨ ਪਰ ਧਰਮ ਪ੍ਰਤੀ ਕਿਸੇ ਵੀ ਤਰ੍ਹਾਂ ਦੇ ਉਲਾਰ ਤੋਂ ਮੁਕਤ ਸਨ।
ਪ੍ਰੋਫੈਸਰ ਗਰੇਵਾਲ ਨੇ ਗੁਰੂ ਨਾਨਕ ਅਤੇ ਉਨ੍ਹਾਂ ਤੋਂ ਬਾਅਦ ਆਏ ਗੁਰੂਆਂ ਦੀ ਬਾਣੀ ਅਤੇ ਹੋਰਨਾਂ ਲਿਖਤਾਂ ਦਾ ਅਧਿਐਨ ਕੀਤਾ ਅਤੇ ਇਸ ਸਿੱਟੇ ’ਤੇ ਪੁੱਜੇ ਕਿ ਗੁਰੂ ਨਾਨਕ ਅਤੇ ਕਬੀਰ ਭਗਤ ਜਿਹੇ ਸੰਤਾਂ ਵਿਚਕਾਰ ਕੁਝ ਅਹਿਮ ਵਖਰੇਵੇਂ ਵੀ ਸਨ। ਗੁਰੂ ਨਾਨਕ ਨੇ ਸਿੱਖ ਮਤ ਅਤੇ ਸਿੱਖ ਪੰਥ ਦੀ ਨੀਂਹ ਰੱਖੀ ਅਤੇ ਇਸ ਨੂੰ ਸੰਸਥਾਈ ਰੂਪ ਦੇਣ ਦੀ ਸ਼ੁਰੂਆਤ ਕੀਤੀ ਸੀ। ਇਹ ਸਿੱਖ ਇਤਿਹਾਸ ਬਾਰੇ ਪ੍ਰੋਫੈਸਰ ਗਰੇਵਾਲ ਦੀ ਸਮੁੱਚੀ ਸਮਝ ਦਾ ਆਧਾਰ ਬਣੀ। ਉਹ ਸਿੱਖ ਪਛਾਣ ਦੇ ਨਿਆਰੇਪਣ ਦੇ ਕਾਇਲ ਸਨ। ਉਨ੍ਹਾਂ ਸਿੱਖ ਰਾਜ ਪ੍ਰਬੰਧ -ਖ਼ਾਸਕਰ ਇਸ ਦੀ ਪ੍ਰਭੂਸੱਤਾ, ਗੁਰਮਤਾ, ਮਿਸਲ, ਦਲ ਖ਼ਾਲਸਾ ਅਤੇ ਰਾਖੀ ਦੇ ਸਿਧਾਂਤਾਂ ਦੀ ਇਕ ਨਵੀਂ ਵਿਆਖਿਆ ਦਿੱਤੀ। ਉਨ੍ਹਾਂ ਔਰਤਾਂ ਅਤੇ ਦਲਿਤਾਂ ਦੀ ਸਥਿਤੀ ਦਾ ਜ਼ਮੀਨੀ ਹਕੀਕਤਾਂ ਅਤੇ ਸਮਾਨਤਾ ਦੇ ਜ਼ਾਵੀਏ ਤੋਂ ਅਧਿਐਨ ਕੀਤਾ। ਉਨ੍ਹਾਂ ਜ਼ਿਕਰ ਕੀਤਾ ਕਿ ਕੁਝ ਖ਼ਾਸ ਹਾਲਤਾਂ ਵਿਚ ਵਿਚਾਰ ਇਤਿਹਾਸ ਦੀ ਚਾਲਕ ਸ਼ਕਤੀ ਵਜੋਂ ਕੰਮ ਕਰਦੇ ਹਨ ਅਤੇ ਇਸ ਕਰ ਕੇ ਉਨ੍ਹਾਂ ਆਪਣੀਆਂ ਵਿਆਖਿਆਵਾਂ ਵਿਚ ਵਿਚਾਰਧਾਰਾ ਨੂੰ ਚੋਖੀ ਅਹਿਮੀਅਤ ਵੀ ਦਿੱਤੀ ਸੀ। ਉਨ੍ਹਾਂ ਵਲੋਂ ਮਾਸਟਰ ਤਾਰਾ ਸਿੰਘ (2017), ਨਾਭੇ ਦੇ ਮਹਾਰਾਜਾ ਰਿਪੁਦਮਨ ਸਿੰਘ (2018) ਅਤੇ ਗੁਰੂ ਗੋਬਿੰਦ ਸਿੰਘ (2019) ਦੀਆਂ ਲਿਖੀਆਂ ਜੀਵਨੀਆਂ ’ਤੇ ਸਪਸ਼ਟ ਪ੍ਰਭਾਵ ਨਜ਼ਰ ਆਉਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਦਾ ਮਤ ਸੀ ਕਿ ਪੰਜਾਬ ਖਿੱਤੇ ਨੂੰ ਭਾਰਤੀ ਉਪ ਮਹਾਦੀਪ ਦੇ ਇਕ ਹਿੱਸੇ ਦੇ ਸੰਦਰਭ ਵਿਚ ਰੱਖ ਕੇ ਹੀ ਸਿੱਖ ਇਤਿਹਾਸ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਉਹ ਕਹਿੰਦੇ ਸਨ ‘ ਖੇਤਰੀ ਇਤਿਹਾਸ ਦੇ ਲਿਹਾਜ਼ ਤੋਂ ਆਬਾਦੀ ਦੇ ਸਪੇਸ, ਆਕਾਰ ਅਤੇ ਵਿਭਿੰਨਤਾ ਦੇ ਹੋਰ ਵੀ ਬਹੁਤ ਮਾਇਨੇ ਬਣਦੇ ਹਨ।’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਨੀ ਮੁਖੀ ਅਤੇ ਉਪ ਕੁਲਪਤੀ ਵਜੋਂ ਉਨ੍ਹਾਂ ਉੱਤਰ ਪੱਛਮੀ ਭਾਰਤ ਦੇ ਇਤਿਹਾਸ ਦੇ ਜਾਤੀਆਂ, ਜਮਾਤਾਂ, ਭਾਈਚਾਰਿਆਂ, ਲਿੰਗਕ ਰਿਸ਼ਤਿਆਂ, ਖੇਤੀਬਾੜੀ, ਦਸਤਕਾਰੀ, ਵਪਾਰ ਅਤੇ ਸ਼ਹਿਰੀਕਰਨ, ਧਾਰਮਿਕ ਤੇ ਸੰਪਰਦਾ ਲਹਿਰਾਂ, ਕਲਾ, ਭਾਸ਼ਾਵਾਂ ਅਤੇ ਸਾਹਿਤ, ਪੱਤਰਕਾਰੀ ਅਤੇ ਰਾਜਨੀਤੀ ਅਤੇ ਇਤਿਹਾਸਕਾਰੀ ਦੇ ਰੁਝਾਨਾਂ ਅਤੇ ਸਰੋਤਾਂ ਜਿਹੇ ਅਣਛੋਹੇ ਪਹਿਲੂਆਂ ਦੇ ਬੱਝਵੇਂ ਅਧਿਐਨ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਪੂਰਵ ਇਤਿਹਾਸ ਤੋਂ ਮੱਧ ਕਾਲ ਤੱਕ ਪੰਜਾਬ ਖਿੱਤੇ ਦਾ ਇਕਮਾਤਰ ਨਬਿੰਧਕਾਰੀ ਅਧਿਐਨ ਕੀਤਾ ਸੀ। ਉਨ੍ਹਾਂ ਖੇਤਰੀ ਇਤਿਹਾਸ ਨੂੰ ਇਕ ਅਜਿਹਾ ਮੁਹਾਂਦਰਾ ਦਿੱਤਾ ਜਿਸ ਨੂੰ ਉੱਤਰੀ ਭਾਰਤ ਵਿਚ ਹੋਰ ਕਿਤੇ ਥਾਂ ਨਾ ਮਿਲ ਸਕੀ।
ਸੇਵਾਮੁਕਤੀ ਤੋਂ ਬਾਅਦ ਪ੍ਰੋਫੈਸਰ ਗਰੇਵਾਲ ਨੂੰ ਕਈ ਵਕਾਰੀ ਫੈਲੋਸ਼ਿਪਾਂ ਅਤੇ ਹੋਰ ਅਹੁਦਿਆਂ ਦੀਆਂ ਪੇਸ਼ਕਸ਼ਾਂ ਹੋਈਆਂ ਜਿਨ੍ਹਾਂ ਤਹਿਤ ਉਨ੍ਹਾਂ ਸ਼ਿਮਲਾ ਵਿਖੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਡਾਇਰੈਕਟਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਸ਼ਵ ਪੰਜਾਬੀ ਕੇਂਦਰ ਦੇ ਬਾਨੀ ਡਾਇਰੈਕਟਰ ਵਜੋਂ ਕੰਮ ਕੀਤਾ ਸੀ। ਉਨ੍ਹਾਂ ਬਹੁਤ ਸਾਰੇ ਵਿਦਿਆਰਥੀਆਂ ਦੇ ਜੀਵਨ ਵਿਚ ਬਦਲਾਅ ਲਿਆਂਦਾ ਅਤੇ ਚਪੜਾਸੀ, ਰਿਸਟੋਰਰ, ਕਲਰਕ ਅਤੇ ਸਟੈਨੋਗ੍ਰਾਫਰ ਵਜੋਂ ਕੰਮ ਕਰਦੇ ਵਿਅਕਤੀਆਂ ਨੂੰ ਖੋਜਕਾਰ ਅਤੇ ਅਧਿਆਪਕ ਬਣਨ ਲਈ ਹੱਲਾਸ਼ੇਰੀ ਦਿੱਤੀ ਸੀ। ਉਨ੍ਹਾਂ ਦੇ ਮਨ ਵਿਚ ਦਲਿਤਾਂ ਅਤੇ ਦਿਹਾਤੀ ਅਤੇ ਪਿਛੜੇ ਖੇਤਰਾਂ ਤੋਂ ਆਉਂਦੇ ਲੋਕਾਂ ਪ੍ਰਤੀ ਖਾਸ ਲਗਾਓ ਸੀ। ਇਕ ਸਮੇਂ ਸ਼ਿਮਲੇ ਦਾ ਜੋ ਸੰਸਥਾਨ ਮਰਨ ਕੰਢੇ ਪਿਆ ਸੀ, ਉਨ੍ਹਾਂ ਦੀ ਮਿਕਨਾਤੀਸੀ ਛੋਹ ਅਤੇ ਉੂਰਜਾ, ਅਕਾਦਮਿਕ ਸਹਿਣਸ਼ੀਲਤਾ, ਸਪੱਸ਼ਟ ਨਜ਼ਰੀਆ ਪਾ ਕੇ ਅਤੇ ਵਿਅਕਤੀਗਤ ਸਨਮਾਨ ਅਤੇ ਆਜ਼ਾਦੀ ਸਦਕਾ ਮੁੜ ਠਾਠਾਂ ਮਾਰਨ ਲੱਗ ਪਿਆ ਸੀ। ਇਸ ਦੀਆਂ ਜੜ੍ਹਾਂ ਵਿਚ ਉਨ੍ਹਾਂ ਦਾ ਨਿਰੋਲ ਉਤਸ਼ਾਹ ਤੇ ਹਾਂਦਰੂ ਰਵੱਈਆ, ਸਬਰ ਤੇ ਠਰੰਮਾ, ਦਰਿਆਦਿਲੀ ਅਤੇ ਹਾਸੇ ਦਾ ਮਿਜਾਜ਼ ਕਾਰਜਸ਼ੀਲ ਸੀ। ਪ੍ਰੋਫੈਸਰ ਗਰੇਵਾਲ ਵਿਦਵਾਨਾਂ ਤੇ ਵਿਦਿਆਰਥੀਆਂ ਅਤੇ ਅਕਾਦਮਿਕ ਪ੍ਰਸ਼ਾਸਕਾਂ ਲਈ ਇਕ ਅਮੀਰ ਵਿਰਾਸਤ ਛੱਡ ਗਏ ਹਨ।
*ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98142-58712