ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਂ ਇਬਾਰਤ

12:23 PM Jun 16, 2024 IST

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਕਥਾ ਪ੍ਰਵਾਹ

ਹਿੰਦ-ਪਾਕਿ ਸਰਹੱਦ ਦੇ ਨਜ਼ਦੀਕ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਭਾਰਤ ਦੀ ਸਰਹੱਦ ਪਾਰ ਕਰਕੇ ਲਗਾਤਾਰ ਦੋ-ਤਿੰਨ ਹਮਲੇ ਕਰਨ ਤੋਂ ਬਾਅਦ ਇਲਾਕੇ ਵਿੱਚ ਹਰ ਇੱਕ ਆਉਣ-ਜਾਣ ਵਾਲੇ ’ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਸੀ ਅਤੇ ਸਰਹੱਦ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਖ਼ਾਸ ਕਰਕੇ ਬਾਹਰਲੇ ਸੂਬਿਆਂ ਤੋਂ ਆ ਕੇ ਇੱਥੇ ਵੱਸੇ ਲੋਕਾਂ ਦੀ ਅਤੇ ਇੱਕ ਖ਼ਾਸ ਵਰਗ ਦੇ ਲੋਕਾਂ ਦੀ ਜ਼ਿਆਦਾ ਬਾਰੀਕੀ ਨਾਲ ਤਸਦੀਕ ਕੀਤੀ ਜਾ ਰਹੀ ਸੀ। ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਪੁਲੀਸ ਦੀ ਇੱਕ ਟੁਕੜੀ ਘਰਾਂ ਦੀ ਤਲਾਸ਼ੀ ਕਰਦੀ-ਕਰਦੀ ਮੇਰੀ ਬੰਬੀ ਦੇ ਨਜ਼ਦੀਕ ਕਈ ਸਾਲਾਂ ਤੋਂ ਰਹਿ ਰਹੇ ਗੁੱਜਰ ਨਿਜ਼ਾਮੂਦੀਨ ਦੇ ਡੇਰੇ ’ਤੇ ਆ ਗਈ। ਨਿਜ਼ਾਮੂਦੀਨ ਬਹੁਤ ਹੀ ਨੇਕ ਦਿਲ ਇਨਸਾਨ ਸੀ। ਉਹ ਮੇਰੇ ਖੇਤੀਬਾੜੀ ਦੇ ਕਈ ਕੰਮ ਨਾਲ ਹੋ ਕੇ ਕਰਵਾ ਦਿੰਦਾ। ਮੈਂ ਵੀ ਉਸ ਭਲੇ ਪੁਰਸ਼ ਕੋਲੋਂ ਕਦੇ ਝੋਨੇ ਦੀ ਪਰਾਲੀ ਦਾ ਕੋਈ ਪੈਸਾ ਨਾ ਵਸੂਲਿਆ ਅਤੇ ਨਾ ਹੀ ਕਦੇ ਉਸ ਨੂੰ ਪਸ਼ੂਆਂ ਨੂੰ ਬੰਬੀ ਤੋਂ ਪਾਣੀ ਪਿਆਉਣੋਂ ਰੋਕਿਆ। ਸਾਡੀ ਇਹ ਸਾਂਝ ਮੇਰੇ ਪਿਤਾ ਜੀ ਵੇਲੇ ਤੋਂ ਚੱਲਦੀ ਆ ਰਹੀ ਸੀ। ਕੁੱਲ ਮਿਲਾ ਕੇ ਨਿਜ਼ਾਮੂਦੀਨ ਇੱਕ ਕਿਰਦਾਰ ਵਾਲਾ ਆਦਮੀ ਸੀ।
ਪੁਲੀਸ ਨੇ ਆਉਣ ਸਾਰ ਆਪਣੀ ਭਾਸ਼ਾ ਵਿੱਚ ਕਿਹਾ, ‘‘ਓਏ ਮੈਹਰ, ਬਾਹਰ ਨਿਕਲੋ, ਸਾਨੂੰ ਵਖ਼ਤ ਪਾ ਕੇ ਆਪ ਕਿਵੇਂ ਲੰਮੀਆਂ ਤਾਣ ਕੇ ਸੁੱਤੇ ਪਏ ਓ।’’
‘‘ਆਓ ਹਜ਼ੂਰ, ਤਾਬਿਆਦਾਰ ਹਾਂ ਸਰਕਾਰ ਦੇ, ਬੈਠੋ ਜੀ।’’ ਗੋਰਾ ਨਿਛੋਹ ਰੰਗ, ਲਾਲ ਰੰਗ ਦੀ ਦਾੜ੍ਹੀ ਅਤੇ ਭਰਵੇਂ ਜੁੱਸੇ ਵਾਲੇ ਛੇ ਫੁੱਟ ਦੇ ਕਰੀਬ ਲੰਮੇ ਨਿਜ਼ਾਮੂਦੀਨ ਗੁੱਜਰ ਨੇ ਦੋਵੇਂ ਹੱਥ ਜੋੜ ਕੇ ਆਪਣੀ ਹਲੀਮੀ ਦਾ ਪ੍ਰਮਾਣ ਦਿੱਤਾ ਤੇ ਵਿਹੜੇ ਵਿੱਚ ਡੱਠਿਆ ਕਾਫ਼ੀ ਵੱਡਾ ਜਿਹਾ ਹੱਥ ਨਾਲ ਬੁਣਿਆ ਮੰਜਾ ਮੁਲਾਜ਼ਮਾਂ ਦੇ ਬੈਠਣ ਲਈ ਅਗਾਂਹ ਨੂੰ ਖਿੱਚ ਦਿੱਤਾ।
‘‘ਸਰ ਪਤਾ ਲੱਗਾ ਹੈ ਕਿ ਸਾਡੇ ਵਾਲੇ ਪਾਸੇ ਹਮਲਾ ਕਰਨ ਵਾਲੇ ਉਹ ਗੁਆਂਢੀ ਮੁਲਕ ਦੇ ਦਹਿਸ਼ਤਗਰਦ ਇਨ੍ਹਾਂ ਗੁੱਜਰਾਂ ਦੇ ਡੇਰਿਆਂ ਵਿੱਚ ਹੀ ਠਹਿਰੇ ਸਨ, ਹੁਣ ਬੜੇ ਸ਼ਰੀਫ਼ ਬਣਦੇ ਪਏ ਨੇ ਇਹ। ਸਰ ਇਨ੍ਹਾਂ ਦਾ ਕੋਈ ਇਤਬਾਰ ਨਹੀਂ। ਇਹ ਬਹੁਤ ਬੇਇਤਬਾਰੇ ਬੰਦੇ ਹੁੰਦੇ ਨੇ। ਇਹ ਕਦੇ ਸੱਚ ਨਹੀਂ ਬੋਲਦੇ।’’ ਥਾਣੇਦਾਰ ਦੇ ਨਾਲ ਆਏ ਸੇਵਾਮੁਕਤੀ ਨੇੜੇ ਲੱਗੇ ਇੱਕ ਸਿਪਾਹੀ ਨੇ ਆਪਣੀ ਸਮਝ ਮੁਤਾਬਿਕ ਥਾਣੇਦਾਰ ਨੂੰ ਗਾਈਡ ਕਰਦਿਆਂ ਆਪਣਾ ਤਜਰਬਾ ਦੱਸਣ ਦੀ ਕੋਸ਼ਿਸ਼ ਕੀਤੀ।
‘‘ਲਿਖ ਇਨ੍ਹਾਂ ਦੇ ਘਰ ਦੇ ਸਾਰੇ ਜੀਆਂ ਦੇ ਨਾਮ ਫਿਰ, ਅਫਸਰਾਂ ਵੱਲੋਂ ਆਏ ਹੋਏ ਪ੍ਰੋਫਾਰਮੇ ਮੁਤਾਬਿਕ।’’
ਉਸ ਦਾ ਨਾਮ, ਪਤਾ ਅਤੇ ਘਰ ਦੇ ਜੀਆਂ ਦੇ ਨਾਮ ਲਿਖਣ ਤੋਂ ਬਾਅਦ ਥਾਣੇਦਾਰ ਬੋਲਿਆ, ‘‘ਹਾਂ ਬਈ ਮੈਹਰ, ਤੁਹਾਨੂੰ ਕੀ ਬਿਮਾਰੀ ਏ, ਤੁਸੀਂ ਖਾਂਦੇ ਭਾਰਤ ਦਾ ਹੋ ਤੇ ਕੰਮ ਪਾਕਿਸਤਾਨ ਲਈ ਕਰਦੇ ਹੋ। ਤੁਹਾਨੂੰ ਸ਼ਰਮ ਨਹੀਂ ਆਉਂਦੀ ਥੋੜ੍ਹੀ-ਬਹੁਤੀ? ਜਦੋਂ ਅਸੀਂ ਤੁਹਾਨੂੰ ਆਪਣੇ ਦੇਸ਼ ਵਿੱਚ ਰੱਖ ਹੀ ਲਿਆ, ਹੁਣ ਤਾਂ ਸਾਡੇ ਹੋ ਜਾਓ!’’ ਥਾਣੇਦਾਰ ਨੇ ਇੱਕ ਕਿਸਮ ਦਾ ਮੈਹਰ ਨਿਜ਼ਾਮੂਦੀਨ ਨੂੰ ਨਿਹੋਰਾ ਜਿਹਾ ਹੀ ਮਾਰਿਆ।
‘‘ਅਸੀਂ ਕੀ ਗਵਾਇਆ, ਕੀ ਪਾਇਆ, ਇਸ ਮੁਲਕ ਦੀ ਧਰਤੀ ਲਈ ਅਤੇ ਅਸੀਂ ਕਿੰਨੇ ਕੁ ਵਫ਼ਾਦਾਰ ਹਾਂ ਉਸ ਦੇਸ਼ ਲਈ ਜਿਸ ਦੇਸ਼ ਲਈ ਅਸੀਂ ਏਨਾ ਕੁਝ ਕੁਰਬਾਨ ਕਰਕੇ ਵੀ ਉਸ ਦੇਸ਼ ਦੇ ਨਹੀਂ ਹੋ ਸਕੇ, ਇਹ ਅਸੀਂ ਜਾਂ ਸਾਡਾ ਖ਼ੁਦਾ ਜਾਣਦਾ ਹੈ ਮੋਤੀਆਂ ਆਲਿਓ।’’ ਮੈਹਰ ਨਿਜ਼ਾਮੂਦੀਨ ਨੇ ਅੱਖਾਂ ਵਿੱਚ ਗਲੇਡੂ ਭਰਦੇ ਨੇ ਥਾਣੇਦਾਰ ਨੂੰ ਐਸਾ ਜੁਆਬ ਦਿੱਤਾ ਕਿ ਥਾਣੇਦਾਰ ਉਸ ਦੇ ਅੰਦਰ ਦੇ ਦਰਦ ਨੂੰ ਸੁਣਨ ਤੋਂ ਬਿਨਾਂ ਅਗਾਂਹ ਪੈਰ ਹੀ ਨਾ ਪੁੱਟ ਸਕਿਆ। ਉਸ ਨੇ ਮੈਹਰ ਨੂੰ ਆਪਣੀਆਂ ਅੱਖਾਂ ਵਿੱਚ ਭਰੇ ਗਲੇਡੂਆਂ ਦੀ ਵਿਥਿਆ ਵਿਸਥਾਰ ਸਹਿਤ ਦੱਸਣ ਲਈ ਕਿਹਾ।
ਮੈਹਰ ਨਿਜ਼ਾਮੂਦੀਨ ਨੇ ਭਰੀਆਂ ਅੱਖਾਂ ਮੋਢੇ ’ਤੇ ਰੱਖੇ ਪਰਨੇ ਨਾਲ ਸਾਫ਼ ਕਰਦਿਆਂ ਥਾਣੇਦਾਰ ਨੂੰ ਕੁਰਸੀ ’ਤੇ ਬਿਠਾ ਅਤੇ ਆਪ ਜ਼ਮੀਨ ’ਤੇ ਹੀ ਬੈਠਦਿਆਂ ਆਪਣੀ ਦਰਦ ਭਰੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ।
‘‘ਮਾਈਬਾਪ, ਮੈਂ ਉਦੋਂ ਮਸਾਂ ਹੀ 8-9 ਸਾਲ ਦਾ ਹੋਵਾਂਗਾ ਜਦੋਂ ਸੰਨ ਸੰਤਾਲੀ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ। ਮੇਰਾ ਦਾਦਾ ਮਿਹਰਦੀਨ ਇੱਕ ਨਾਮੀ ਪਹਿਲਵਾਨ ਸੀ। ਮੇਰੇ ਵਾਲਦ ਸਾਹਿਬ ਹੋਰੀਂ ਬੁਰਛਿਆਂ ਵਰਗੇ ਚਾਰ ਭਰਾ ਸਨ। ਸਾਡੀ ਇਸ ਇਲਾਕੇ ਵਿੱਚ ਚੰਗੀ ਪੈਂਠ ਸੀ। ਦੂਰ-ਦੂਰ ਤੱਕ ਮੇਰੇ ਦਾਦੇ ਦੀ ਪਹਿਲਵਾਨੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ। ਦੇਸ਼ ਦੀ ਵੰਡ ਹੁੰਦੇ ਹੀ ਇਕਦਮ ਹਾਲਾਤ ਬਦਲ ਗਏ ਅਤੇ ਪਤਾ ਹੀ ਨਾ ਲੱਗਾ ਕਦੋਂ ਮੇਰੇ ਦਾਦੇ ਦੇ ਪੈਰੀਂ ਪੈਣ ਵਾਲੇ ਅਤੇ ਉਸ ਨੂੰ ਉਸਤਾਦ ਮੰਨਣ ਵਾਲੇ ਲੋਕ ਉਸ ਦੀ ਜਾਨ ਦੇ ਵੈਰੀ ਬਣ ਗਏ। ਸਾਨੂੰ ਸੱਜਿਓਂ-ਖੱਬਿਓਂ ਸੁਨੇਹੇ ਮਿਲਣ ਲੱਗ ਪਏ ਕਿ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਤੁਹਾਨੂੰ ਵੱਢ ਦਿੱਤਾ ਜਾਵੇਗਾ। ਮੇਰੇ ਅੱਬਾ ਹੋਰਾਂ ਨੇ ਮੇਰੇ ਦਾਦੇ ਨੂੰ ਬਹੁਤ ਜ਼ੋਰ ਲਾਇਆ ਕਿ ਅੱਬੂ ਅਸੀਂ ਇਹ ਦੇਸ਼ ਛੱਡ ਜਾਈਏ ਤੇ ਪਾਕਿਸਤਾਨ ਚਲੇ ਜਾਈਏ ਕਿਉਂਕਿ ਸਾਡਾ ਇੱਥੇ ਰਹਿਣਾ ਹੁਣ ਮਹਿਫ਼ੂਜ਼ ਨਹੀਂ ਹੈ। ਲੋਕਾਂ ਦੇ ਸਿਰ ’ਤੇ ਫ਼ਿਰਕਾਪ੍ਰਸਤੀ ਦਾ ਜਨੂੰਨ ਸਵਾਰ ਹੋਇਆ ਪਿਆ ਹੈ। ਮੇਰੇ ਦਾਦੇ ਦਾ ਕਹਿਣਾ ਸੀ ਕਿ ਪੁੱਤਰਾ ਇਸ ਦੇਸ਼ ਦੀ ਮਿੱਟੀ ਵਿੱਚੋਂ ਮੈਨੂੰ ਏਨੀ ਸ਼ਕਤੀ ਮਿਲੀ ਹੈ ਕਿ ਪੂਰੇ ਇਲਾਕੇ ਵਿੱਚ ਮਿਹਰਦੀਨ ਮਿਹਰਦੀਨ ਹੋਈ ਏ, ਮੈਂ ਜਿਉਂਦੇ ਜੀਅ ਇਸ ਮਿੱਟੀ ਨੂੰ ਨਹੀਂ ਛੱਡਾਂਗਾ, ਅਗਰ ਮੇਰੇ ਟੋਟੇ ਕਰ ਕੇ ਕੋਈ ਪਾਕਿਸਤਾਨ ਸੁੱਟ ਆਵੇ ਉਹ ਗੱਲ ਵੱਖਰੀ ਏ, ਮੈਂ ਇਸ ਮਿੱਟੀ ਦਾ ਕਰਜ਼ ਕਦੇ ਨਹੀਂ ਉਤਾਰ ਸਕਦਾ। ਨਾਲੇ ਇਹ ਮੇਰੇ ਪੁਰਖਿਆਂ ਦੀ ਜਨਮ ਭੋਇੰ ਹੈ। ਬਾਕੀ ਪੁੱਤਰੋ, ਮੈਨੂੰ ਇਹ ਵੀ ਭਰੋਸਾ ਏ ਕਿ ਹਿੰਦੂ ਸਿੱਖ ਮੁਸਲਮਾਨ ਏਕਤਾ ਇੰਨੀ ਛੇਤੀ ਨਹੀਂ ਟੁੱਟ ਸਕਦੀ। ਸਾਡੀਆਂ ਆਪਸ ਵਿੱਚ ਪਰਿਵਾਰਕ ਸਾਂਝਾਂ ਕਿੰਨੀਆਂ ਪੀਢੀਆਂ ਨੇ ਤੁਸੀਂ ਨਹੀਂ ਜਾਣਦੇ। ਇੱਥੇ ਆਪਸੀ ਪਿਆਰ ਵਿੱਚ ਗੜੁੱਚ ਹੋਇਆ ਮੇਰਾ ਦਾਦਾ ਲੋਕਾਂ ਦੇ ਦਿਲਾਂ ’ਚ ਫੈਲ ਚੁੱਕੀ ਨਫ਼ਰਤ ਦੀ ਗਹਿਰਾਈ ਨਹੀਂ ਨਾਪ ਸਕਿਆ। ਅਖੀਰ ਮੇਰੇ ਦਾਦੇ ਦੀ ਜ਼ਿੱਦ ਅੱਗੇ ਸਭ ਹਾਰ ਗਏ ਤੇ ਭਾਰਤ ਹੀ ਰਹਿਣ ਦਾ ਫ਼ੈਸਲਾ ਪਾਸ ਹੋ ਗਿਆ। ਛੋਟੇ-ਮੋਟੇ ਧਾੜਵੀ ਤਾਂ ਮੇਰੇ ਵਡੇਰਿਆਂ ਨੇ ਹਵਾ ਦੇ ਫੰਬਿਆਂ ਵਾਂਗ ਉਡਾ ਦਿੱਤੇ ਜਿਸ ਦੀ ਚਰਚਾ ਸਾਰੇ ਪਾਸੇ ਹੋਣ ਲੱਗੀ ਕਿ ਨਿਜ਼ਾਮੂਦੀਨ ਅੜ ਗਿਆ ਹੈ ਉਹ ਭਾਰਤ ਛੱਡ ਕੇ ਨਹੀਂ ਜਾ ਰਿਹਾ।
ਇੱਕ ਮਨਹੂਸ ਰਾਤ ਸਾਡੇ ਪਰਿਵਾਰ ’ਤੇ ਕਹਿਰ ਦੀ ਰਾਤ ਹੋ ਗੁਜ਼ਰੀ। ਸਾਡੇ ਭਾਈਚਾਰੇ ਨਾਲ ਸਬੰਧਿਤ ਕੁਝ ਲੋਕ ਮੇਰੇ ਦਾਦੇ ਕੋਲ ਆ ਕੇ ਕਹਿਣ ਲੱਗੇ, ‘ਅੱਬੂ, ਅਸੀਂ ਇਹ ਦੇਸ਼ ਛੱਡ ਕੇ ਆਪਣੇ ਨਵੇਂ ਮਿਲੇ ਦੇਸ਼ ਪਾਕਿਸਤਾਨ ਜਾਣਾ ਚਾਹੁੰਦੇ ਹਾਂ। ਸਾਨੂੰ ਨਾਲ ਹੋ ਸਰਹੱਦ ਪਾਰ ਕਰਵਾ ਦਿਓ। ਮੇਰੇ ਦਾਦੇ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਬਹੁਤ ਸਮਝਾਇਆ ਕਿ ਕਮਲਿਓ ਇਹ ਵੀ ਸਾਡਾ ਹੀ ਦੇਸ਼ ਏ। ਦੇਸ਼ ਦੇ ਹਾਕਮਾਂ ਨੇ ਫ਼ੈਸਲਾ ਕਰ ਦਿੱਤਾ ਹੈ ਕਿ ਜੇਕਰ ਕੋਈ ਮੁਸਲਮਾਨ ਭਾਰਤ ਦੇਸ਼ ਵਿੱਚ ਰਹਿਣਾ ਚਾਹੁੰਦਾ ਹੈ ਉਸ ਦੀ ਪੂਰੀ ਹਿਫ਼ਾਜ਼ਤ ਕੀਤੀ ਜਾਵੇਗੀ ਤੇ ਬਣਦਾ ਮਾਣ-ਸਤਿਕਾਰ ਵੀ ਮਿਲੇਗਾ। ਹੁਣ ਤੁਸੀਂ ਦੱਸੋ ਕਿਉਂ ਜਾਣਾ ਹੈ?’ ਪਰ ਉਹ ਬਜ਼ਿਦ ਰਹੇ ਕਿ ਅੱਬੂ ਸਾਨੂੰ ਬਹੁਤ ਡਰ ਲੱਗ ਰਿਹਾ ਹੈ, ਕੁਝ ਧਾੜਵੀਆਂ ਨੇ ਸਾਨੂੰ ਘਰੋਂ ਬਾਹਰ ਕੱਢ ਕੇ ਸਾਡੇ ਘਰਾਂ ’ਤੇ ਕਬਜ਼ਾ ਵੀ ਕਰ ਲਿਆ ਹੈ। ਅਸੀਂ ਬੜੀ ਮੁਸ਼ਕਿਲ ਆਪਣੀਆਂ ਜਾਨਾਂ ਬਚਾ ਕੇ ਤੁਹਾਡੇ ਤੱਕ ਆਏ ਹਾਂ।
ਮੇਰੇ ਦਾਦੇ ਨੇ ਮੇਰੇ ਅੱਬੂ ਹੋਰਾਂ ਨੂੰ ਡਾਂਗਾਂ-ਸੋਟੇ ਦੇ ਕੇ ਆਪਣੇ ਨਾਲ ਤਿਆਰ ਕੀਤਾ ਤੇ ਉਨ੍ਹਾਂ ਲੋਕਾਂ ਨੂੰ ਰਾਤੋ-ਰਾਤ ਨੇੜੇ ਪੈਂਦੀ ਸਰਹੱਦ ਰਾਹੀਂ ਬਾਰਡਰ ਪਾਰ ਕਰਵਾ ਦਿੱਤਾ। ਘਰ ਮੁੜ ਕੇ ਮੇਰੇ ਦਾਦੇ ਹੋਰਾਂ ਡਾਂਗਾਂ-ਸੋਟੇ ਅਜੇ ਸੁੱਟੇ ਹੀ ਸਨ ਕਿ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਹਜ਼ੂਮ ਨੇ ਸਾਡੇ ਡੇਰੇ ’ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਮੇਰੇ ਅੱਬੂ ਹੋਰੀਂ ਕੁਝ ਸੰਭਲਦੇ, ਸਾਰੀ ਭੀੜ ਸਾਡੇ ਘਰ ਵਿੱਚ ਦਾਖ਼ਲ ਹੋ ਗਈ ਤੇ ਛਵੀਆਂ ਕਿਰਪਾਨਾਂ ਨਾਲ ਮੇਰੇ ਦਾਦੇ ਅਤੇ ਅੱਬੂ ਹੋਰਾਂ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਬੇਸ਼ੱਕ ਉਨ੍ਹਾਂ ਨੇ ਭੀੜ ਦਾ ਮੁਕਾਬਲਾ ਕਰਨਾ ਚਾਹਿਆ ਪਰ ਖਾਲੀ ਹੱਥ ਹੋਣ ਕਰਕੇ ਮਾਰ ਖਾ ਗਏ। ਅਖੀਰ ਇੱਕੋ ਰਾਤ ਵਿੱਚ ਸਾਡੇ ਪਰਿਵਾਰ ਦੇ ਪੰਜ ਜੀਆਂ ਨੂੰ ਕਤਲ ਕਰ ਦਿੱਤਾ ਗਿਆ। ਮੈਂ ਛੋਟਾ ਸੀ। ਬਾਕੀ ਘਰ ਵਿੱਚ ਔਰਤਾਂ ਹੀ ਸਨ। ਸਾਡੀ ਕਿਤੇ ਕੋਈ ਅਪੀਲ ਦਲੀਲ ਨਾ ਸੁਣੀ ਗਈ। ਅਖੀਰ ਸਬਰ ਦਾ ਘੁੱਟ ਭਰ ਕੇ ਰਹਿ ਗਏ। ਸਾਨੂੰ ਯਤੀਮ ਹੋਇਆਂ ਵੇਖ ਕੁਝ ਭਲੇ ਲੋਕਾਂ ਦੀ ਮਿਲੀ ਦਿਲੀ ਹਮਦਰਦੀ ਕਰਕੇ ਅਸੀਂ ਇੱਥੇ ਹੀ ਰੁਕ ਗਏ। ਇਸ ਤੋਂ ਬਾਅਦ ਜਦੋਂ ਸੰਨ 1971 ਦੀ ਜੰਗ ਲੱਗੀ ਤਾਂ ਜੰਗ ਵਿੱਚ ਜਖ਼ਮੀ ਹੋਏ ਭਾਰਤੀ ਫ਼ੌਜੀ ਜਵਾਨਾਂ ਲਈ ਫ਼ੌਜ ਵੱਲੋਂ ਲਾਏ ਗਏ ਖੂਨਦਾਨ ਕੈਂਪ ਵਿਚ ਮੈਂ ਤੇ ਮੇਰੇ ਭਾਈਚਾਰੇ ਦੇ ਲੋਕਾਂ ਨੇ ਵੱਧ-ਚੜ੍ਹ ਕੇ ਖ਼ੂਨ ਦਾਨ ਕੀਤਾ।
ਹੁਣ ਤੁਸੀਂ ਦੱਸੋ ਥਾਣੇਦਾਰ ਸਾਹਿਬ, ਜਿਸ ਮਿੱਟੀ ਦੇ ਮੋਹ ਕਰਕੇ ਮੇਰੇ ਪੁਰਖਿਆਂ ਨੇ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ, ਜਿਸ ਦੇਸ਼ ਦੇ ਫ਼ੌਜੀ ਜਵਾਨਾਂ ਦੀਆਂ ਰਗਾਂ ਵਿੱਚ ਸਾਡਾ ਆਪਣਾ ਖ਼ੂਨ ਦੌੜ ਰਿਹਾ ਹੋਵੇ, ਉਸ ਦੇਸ਼ ਦੀ ਮਿੱਟੀ ਨਾਲ, ਉਸ ਦੇਸ਼ ਨਾਲ ਅਸੀਂ ਕਿਵੇਂ ਗਦਾਰੀ ਕਰ ਸਕਦੇ ਹਾਂ? ਸਾਨੂੰ ਹਮੇਸ਼ਾਂ ਇਹ ਹੀ ਦੁੱਖ ਰਹਿੰਦਾ ਹੈ ਕਿ ਜਿਸ ਦੇਸ਼ ਪਿੱਛੇ ਅਸੀਂ ਆਪਣੇ ਛੱਡ ਦਿੱਤੇ, ਆਪਣੇ ਗਵਾ ਦਿੱਤੇ ਉਸ ਦੇਸ਼ ਦੇ ਲੋਕਾਂ ਅਤੇ ਉਸ ਹਾਕਮਾਂ ਨੇ ਸਾਨੂੰ ਆਪਣਾ ਹੀ ਨਹੀਂ ਮੰਨਿਆ। ਅੱਜ ਵੀ ਸਾਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਤੁਸੀਂ ਆਪਣੇ ਦਿਲ ’ਤੇ ਹੱਥ ਰੱਖ ਕੇ ਦੱਸੋ ਇਸ ਤੋਂ ਵੱਡਾ ਦੇਸ਼ ਭਗਤੀ ਦਾ ਸਬੂਤ ਹੋਰ ਕੀ ਹੋ ਸਕਦਾ ਹੈ?’’
ਮੈਹਰ ਨਿਜ਼ਾਮੂਦੀਨ ਦੀ ਇਹ ਦਰਦ ਭਰੀ ਕਹਾਣੀ ਸੁਣ ਕੇ ਥਾਣੇਦਾਰ ਨੇ ਵੀ ਜੇਬ ’ਚੋਂ ਰੁਮਾਲ ਕੱਢ ਆਪਣੀਆਂ ਸਿੱਲ੍ਹੀਆਂ ਅੱਖਾਂ ਸਾਫ਼ ਕੀਤੀਆਂ ਅਤੇ ਆਪਣਾ ਮੋਬਾਈਲ ਨੰਬਰ ਦਿੰਦਿਆਂ ਕਿਹਾ, ‘‘ਨਿਜ਼ਾਮੂਦੀਨ, ਮੇਰੇ ਵਡੇਰੇ ਵੀ ਕੁਝ ਅਜਿਹਾ ਹੀ ਦਰਦ ਹੰਢਾ ਕੇ ਭਾਰਤ ਆਏ ਸਨ। ਚੱਲ ਉੱਠ ਪਾ ਜੱਫੀ ਤੇ ਮੇਰਾ ਦਰਦ ਵੱਟ ਭਰਾ ਬਣ ਜਾ। ਆਪਾਂ ਚਲਦੇ ਸਾਹਾਂ ਤੀਕ ਆਪਸ ਵਿੱਚ ਭਰਾਵਾਂ ਵਾਂਗ ਮਿਲਦੇ ਰਹਾਂਗੇ।’’
ਮੈਹਰ ਨਿਜ਼ਾਮੂਦੀਨ ਅਤੇ ਥਾਣੇਦਾਰ ਨੂੰ ਗਲਵੱਕੜੀ ਪਾਈ ਵੇਖ ਮੈਂ ਪਿੱਛੇ ਖੜ੍ਹੇ ਨੇ ਇੰਝ ਮਹਿਸੂਸ ਕੀਤਾ ਜਿਵੇਂ ਹਿੰਦੋਸਤਾਨ ਅਤੇ ਪਾਕਿਸਤਾਨ ਆਪਣੇ ਪਿਛਲੇ ਸਾਰੇ ਵੈਰ-ਵਿਰੋਧ ਭੁਲਾ ਕੇ ਇੱਕ ਕਲਾਵੇ ਵਿੱਚ ਇੱਕਠੇ ਹੋ ਗਏ ਹੋਣ ਤੇ ਭਾਰਤ ਪਾਕਿਸਤਾਨ ਦੀ ਜ਼ੀਰੋ ਲਾਈਨ ’ਤੇ ਮੁਹੱਬਤ ਦੀ ਇਬਾਰਤ ਨਵੇਂ ਸਿਰਿਓਂ ਲਿਖੀ ਜਾ ਰਹੀ ਹੋਵੇ।
ਸੰਪਰਕ: 99888-11681

Advertisement

Advertisement