ਨਵੀਆਂ ਵਿਆਖਿਆਵਾਂ ਤੇ ਨਵੇਂ ਗਿਆਨ ਸ਼ਾਸਤਰ
ਪਰਮਜੀਤ ਢੀਂਗਰਾ
ਇਕ ਪੁਸਤਕ - ਇਕ ਨਜ਼ਰ
ਬਾਬਾ ਬੁੱਲ੍ਹੇ ਸ਼ਾਹ ਨੂੰ ਪੰਜਾਬੀ ਸੂਫ਼ੀ ਕਾਵਿ ਦਾ ਸਿਖਰ ਮੰਨਿਆ ਜਾਂਦਾ ਹੈ। ਮੱਧਕਾਲੀ ਕਿਰਤਾਂ ਦਾ ਵੱਡਾ ਗੁਣ ਇਹ ਹੈ ਕਿ ਹਰ ਸਮੇਂ ਇਨ੍ਹਾਂ ਦੀਆਂ ਵਿਆਖਿਆਵਾਂ ਵਿਚੋਂ ਨਵੇਂ ਅਰਥ ਪ੍ਰਾਪਤ ਹੁੰਦੇ ਹਨ ਜੋ ਸਮੇਂ ਦੇ ਹਿਸਾਬ ਨਾਲ ਨਵੇਂ ਮੁੱਲਾਂ ਦੇ ਵਾਹਨ ਬਣ ਜਾਂਦੇ ਹਨ।
ਇਸ ਬਾਰੇ ਲੇਖਕ ਦਾ ਕਥਨ ਹੈ: ‘ਤਾਰੀਖ਼ ਦੇ ਹਰ ਵਾਰੇ ਦੀ ਵਿਚਾਰਧਾਰਾ ਦੀ ਆਪਣੀ ਵਲਗਣ ਹੁੰਦੀ ਹੈ ਜਿਸ ਵਿਚ ਰਮਜ਼ਾਂ ਤੇ ਸੈਨਤਾਂ ਦੀ ਆਪਣੀ ਲਫ਼ਜ਼ਾਲੀ (ਸ਼ਬਦਾਵਲੀ) ਹੁੰਦੀ ਹੈ। ਜਗੀਰਦਾਰੀ ਵਸੋਂ ਵਿਚ ਇਹ ਲਫ਼ਜ਼ਾਲੀ ਬਹੁਤੀ ਮਜ਼ਹਬੀ ਵਲਗਣ ਦੇ ਅੰਦਰ ਆਪਣੇ ਵੱਖਰੇ ਵੱਖਰੇ ਤੇ ਟਕਰਾਵੇਂ ਰੰਗ ਵਿਖਾਉਂਦੀ ਹੈ। ਇਕ ਹੀ ਹਰਫ਼ ਜਾਂ ਲਫ਼ਜ਼ ਦੇ ਮਤਲਬ ਟਕਰਾਵੇਂ ਹੋ ਸਕਦੇ ਹਨ।’
ਇਸ ਕਥਨ ਤੋਂ ਸਪਸ਼ਟ ਹੈ ਕਿ ਲੇਖਕ ਬੁੱਲ੍ਹੇ ਸ਼ਾਹ ਦੇ ਕਲਾਮ ਦੀਆਂ ਰਮਜ਼ਾਂ ਤੇ ਸੈਨਤਾਂ ਨੂੰ ਸ਼ਾਬਦਿਕ ਪੱਧਰ ’ਤੇ ਵਿਚਾਰਨ ਦਾ ਚਾਹਵਾਨ ਹੈ ਕਿਉਂਕਿ ਬੁੱਲ੍ਹੇ ਸ਼ਾਹ ਨਾਬਰੀ ਦਾ ਕਾਵਿ ਪ੍ਰਵਚਨ ਸਿਰਜਦਾ ਹੈ। ਹਰ ਕਿਰਤ ਆਪਣੇ ਸਮੇਂ ਦੀ ਸਮਾਜਿਕ ਡਾਇਲੈਕਟਿਸ ਨਾਲ ਵਿਰੋਧੀ ਸੁਰ ਵਿਚ ਸੰਵਾਦ ਰਚਾਉਂਦੀ ਹੈ। ਬੁੱਲ੍ਹੇ ਸ਼ਾਹ ਉੱਚੀ ਸੁਰ ਵਿਚ ਸਮੇਂ ਦੀਆਂ ਇਤਿਹਾਸਕ ਸਥਿਤੀਆਂ ਨੂੰ ਵੰਗਾਰਦਾ ਹੈ। ਉਹਦੇ ਕਾਵਿ ਪ੍ਰਵਚਨ ਵਿਚ ਮੁਗ਼ਲਸ਼ਾਹੀ ਦੀ ਮੁੱਲਾਂਪ੍ਰਸਤੀ ਪ੍ਰਤੀ ਵੰਗਾਰ ਹੈ। ਮੁੱਲਾਂ, ਕਾਜ਼ੀ ਰਜਵਾੜਾਸ਼ਾਹੀ ਤੇ ਸਥਾਪਤੀ ਦੇ ਪ੍ਰਤੀਨਿਧ ਤੇ ਸੰਚਾਲਕ ਰੂਪ ਵਿਚ ਲੋਕਾਂ ਨੂੰ ਵਿਚਾਰਧਾਰਕ ਤੌਰ ’ਤੇ ਖੁੰਢਾ ਕਰਕੇ ਧਰਮ ਰਾਜ ਸੱਤਾ ਦੇ ਰਿਸ਼ਤੇ ਨੂੰ ਪੁਖ਼ਤਾ ਕਰਨ ਵਿਚ ਪੁਲ ਦਾ ਕੰਮ ਕਰ ਰਹੇ ਹਨ। ਅਸਲ ਵਿਚ ਬੁੱਲ੍ਹੇ ਸ਼ਾਹ ਦਾ ਸਮਾਂ ਇਤਿਹਾਸਕ ਤੌਰ ਉੱਤੇ ਵੱਡੀਆਂ ਤਬਦੀਲੀਆਂ ਤੇ ਵੰਗਾਰਾਂ ਦਾ ਸਮਾਂ ਹੈ। ਰਾਜ ਸੱਤਾ ਵਿਚ ਉਥਲ-ਪੁਥਲ ਹੋ ਰਹੀ ਹੈ। ਇਸ ਹਫ਼ੜਾ-ਦਫ਼ੜੀ ਦੇ ਦੌਰ ਵਿਚ ਸੂਫ਼ੀ ਕਾਵਿ ਪ੍ਰਵਚਨ ਲੋਕਾਂ ਲਈ ਰਾਹ ਦਸੇਰਾ ਬਣ ਰਿਹਾ ਹੈ ਕਿਉਂਕਿ ਬੁੱਲ੍ਹੇ ਸ਼ਾਹ ਲੋਕਾਂ ਦੀ ਨਾਬਰੀ ਨੂੰ ਸੂਫ਼ੀ ਜ਼ਬਾਨ ਦੇ ਰਿਹਾ ਹੈ।
ਹਥਲੀ ਕਿਤਾਬ ‘ਬੁੱਲ੍ਹਾਨਾਮਾ’ (ਕੀਮਤ: 350 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ ਡਾ. ਮਨਜ਼ੂਰ ਏਜਾਜ਼ ਨੇ ਬੁੱਲ੍ਹੇ ਸ਼ਾਹ ਦੇ ਕਲਾਮ ਨੂੰ ਸਮਝਣ-ਸਮਝਾਉਣ ਕਰਨ ਲਈ ਆਪਣਾ ਇਕ ਮਾਡਲ ਤਿਆਰ ਕੀਤਾ ਹੈ। ਸਭ ਤੋਂ ਪਹਿਲਾਂ ਉਹ ਕਾਫ਼ੀ ਦਾ ਇਕ ਬੰਦ (ਸਟੈਂਜ਼ਾ) ਦਿੰਦੇ ਹਨ। ਫਿਰ ਔਖੇ ਲਫ਼ਜ਼ਾਂ ਦੇ ਮਾਅਨੇ ਤੇ ਉਸ ਤੋਂ ਬਾਅਦ ਉਹਦਾ ਮਤਲਬ ਸਮਝਾਉਂਦੇ ਹਨ। ਜਿਵੇਂ ‘ਅਲਫ਼ ਅੱਲ੍ਹਾ’ ਵਾਲੇ ਸਟੈਂਜ਼ੇ ਦਾ ਮਤਲਬ ਦੱਸਦਿਆਂ ਲਿਖਦੇ ਹਨ: ‘ਕਾਫ਼ੀ ਦਾ ਸਿੱਧਾ ਮਤਲਬ ਤੇ ਇਹੋ ਹੈ ਕਿ ਅਲਫ਼ ਅੱਲ੍ਹਾ ਦੇ ਨਾਲ ਮੇਰਾ ਦਿਲ ਲਾਲ ਹੋ ਗਿਆ ਹੈ ਤੇ ਮੈਨੂੰ ਅਲਫ਼ ਦਾ ਅਜਿਹਾ ਸਵਾਦ ਮਿਲਿਆ ਹੈ ਜੋ ‘ਬੇ’ ਦੀ ਨਾ ਕੋਈ ਸਮਝ ਆਉਂਦੀ ਹੈ ਨਾ ਹੀ ਕੁਝ ਹੋਰ ਪਤਾ ਲੱਗਦਾ ਹੈ। ਅਲਫ਼ ਦੀ ਸਮਝਾਈ ਗੱਲ ਪਾਰੋਂ ‘ਐਨ’ ਤੇ ‘ਗੈਨ’ ਵੀ ਸਮਝ ਵਿਚ ਨਹੀਂ ਆਉਂਦੇ। ਅਲਫ਼ ਦੀ ਦੱਸੀ ਹੋਈ ਸੇਧ ਤੇ ਉਸ ਦੇ ਬੋਲ ਐਨੇ ਮੁਕੰਮਲ ਹਨ ਕਿ ਉਹ ਦਿਲ ਦੀ ਸਫ਼ਾਈ ਕਰ ਦੇਂਦੇ ਹਨ।’
ਇਸ ਤਰ੍ਹਾਂ ਉਹ ਲੰਮੀ ਚੌੜੀ ਤਫ਼ਸੀਲ ਦੇ ਕੇ ਸਾਰੀ ਕਾਫ਼ੀ ਦੇ ਅਰਥ ਤੇ ਮਾਰਕਸੀ ਵਿਚਾਰਧਾਰਾ ਦੇ ਪ੍ਰਸੰਗ ਵਿਚ ਉਹਦੀ ਸਾਰਥਕਤਾ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਮੁੱਖ ਜ਼ੋਰ ਇਸ ਗੱਲ ’ਤੇ ਹੈ ਕਿ ਅਰਥਾਂ ਨੂੰ ਉਨ੍ਹਾਂ ਦੇ ਪ੍ਰਸੰਗ ਵਿਚ ਰੱਖ ਕੇ ਉਨ੍ਹਾਂ ਦੀ ਆਧੁਨਿਕ ਵਿਆਖਿਆ ਕੀਤੀ ਜਾਵੇ। ਇਸ ਦੇ ਨਾਲ ਸੂਫ਼ੀ ਕਾਵਿ ਵਿਚਲੇ ਸੰਕਲਪਾਂ ਦੀ ਵੀ ਉਹ ਵਿਆਖਿਆ ਕਰਦੇ ਹਨ। ਮਸਲਨ ਇਸ਼ਕ ਹਕੀਕੀ ਸੂਫ਼ੀ ਕਾਵਿ ਦਾ ਪ੍ਰਮੁੱਖ ਸੰਕਲਪੀ ਸ਼ਬਦ ਹੈ। ਇਸ ਨੂੰ ਸਮਝਾਉਂਦਿਆਂ ਉਹ ਲਿਖਦੇ ਹਨ: ‘ਲਗਨ ਜਾਂ ਇਸ਼ਕ ਦੇ ਲੱਗਣ ਨੇ ਅਜਿਹੀ ਬੇਵਸੀ ਦਾ ਵਿਖਾਲਾ ਕੀਤਾ ਹੈ ਜਿਸ ਵਿਚ ਨਾ ਜੀਆ ਤੇ ਨਾ ਹੀ ਮਰਿਆ ਜਾ ਸਕਦਾ ਹੈ। ਇਸ਼ਕ ਦਾ ਲੱਗਣਾ ਰੋਜ਼-ਬ-ਰੋਜ਼ ਦੇ ਚਾਲੂ ਵਿਹਾਰ ਦਾ ਕੋਈ ਇਕ ਕੰਮ ਨਹੀਂ ਜਿਸ ਦੇ ਹੱਲ ਲਈ ਕੋਈ ਨਾ ਕੋਈ ਰਾਹ ਜਾਂ ਵਸੀਲਾ ਮੌਜੂਦ ਹੁੰਦਾ ਹੈ। ਲਗਨ ਜਾਂ ਇਸ਼ਕ ਦਾ ਲੱਗਣਾ ਸਮਾਜ ਦੇ ਵਿਹਾਰ ਤੋਂ ਵੱਖਰਾ ਹੀ ਨਹੀਂ ਸਗੋਂ ਉਸ ਦਾ ਉਲਟ ਵੀ ਹੈ।’ ਬੁੱਲ੍ਹੇ ਸ਼ਾਹ ਨੇ ਸੂਫ਼ੀਅਤ ਦੇ ਨਾਲ ਨਾਲ ਬੰਦੇ ਦੀ ਬੰਦਈ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਹ ਦੇਖ ਰਿਹਾ ਹੈ ਕਿ ਬੰਦੇ ਅੰਦਰ ਕਈ ਬੰਦੇ ਨੇ। ਸਮਾਜਿਕ ਵਰਤਾਰਿਆਂ ਨੇ ਉਹਨੂੰ ਕਈ ਖਾਨਿਆਂ ਵਿਚ ਵੰਡਿਆ ਹੋਇਆ ਹੈ। ਇਸ ਵੰਡ ਵਿਚ ਉਹ ਮਜ਼ਹਬ, ਜਾਤ, ਮੁਲਕ, ਇਲਾਕੇ ਤੇ ਹੋਰ ਕਈ ਇਕਾਈਆਂ ਵਿਚ ਵੰਡਿਆ ਹੋਇਆ ਹੈ। ਇਸ ਦੇ ਨਾਲ ਵੱਖ ਵੱਖ ਵਿਚਾਰਧਾਰਾਵਾਂ ਨਾਲ ਜੁੜੇ ਵਿਅਕਤੀ ਓਸੇ ਪੱਖ ਤੋਂ ਹਰ ਵਰਤਾਰੇ ਦੀ ਵਿਆਖਿਆ ਕਰਦੇ ਹਨ। ਇਸ ਨਾਲ ਵਿਅਕਤੀ ਦੀ ਤਸਵੀਰ ਮੁਕੰਮਲ ਨਹੀਂ ਹੁੰਦੀ। ਕਦੇ ਉਹਦਾ ਇਕ ਪਾਸਾ ਨਜ਼ਰ ਆਉਂਦਾ ਹੈ ਤੇ ਕਦੇ ਦੂਸਰਾ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਨ੍ਹਾਂ ਖਾਨਿਆਂ ਨੂੰ ਢਾਹ ਦਿੱਤਾ ਜਾਵੇ ਤਾਂ ਅਸਲ ਬੰਦਾ ਕੀ ਹੈ, ਇਹਦਾ ਪਤਾ ਲੱਗ ਸਕਦਾ ਹੈ।
ਜਦੋਂ ਹਰ ਚੀਜ਼ ਵਿਚ ਅੱਲ੍ਹਾ ਦਾ ਜਲੌਅ ਮੰਨ ਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਬੇਸ਼ੁਮਾਰ ਰੂਪਾਂ ਤੇ ਆਕਾਰਾਂ ਵਿਚ ਆਪਣਾ ਵਿਖਾਲਾ ਕਰ ਰਿਹਾ ਹੈ। ਬੁੱਲ੍ਹੇ ਸ਼ਾਹ ਦਾ ਉਹ ਢੋਲਣ ਮਾਹੀ ਹੈ। ਢੋਲਣ ਮਾਹੀ ਲਈ ਸ਼ਹੁ, ਪਿਆਰਾ ਤੇ ਹੋਰ ਵੀ ਲਫ਼ਜ਼ਾਲੀ ਵਰਤੀ ਗਈ ਹੈ। ਇਸ ਦੀ ਵਿਆਖਿਆ ਕਰਦਾ ਲੇਖਕ ਲਿਖਦਾ ਹੈ:
‘ਸਾਰੀ ਗੱਲ ਦਾ ਤੱਤ ਸਾਰ ਇਹ ਹੈ ਕਿ ਇਕ ਮੁੱਢਲੀ ਹਕੀਕਤ ਕਈਆਂ ਰੂਪਾਂ ਵਿਚ ਆਪਣੇ ਆਪ ਨੂੰ ਵਿਖਾ ਰਹੀ ਹੈ। ਵਿਚਾਰਧਾਰਾ ਦੇ ਹਿਸਾਬ ਨਾਲ ਕੁਦਰਤ ਤੇ ਸੰਸਾਰ ਵਿਚ ਚਲਦੇ ਇਕ ਮੁੱਢਲੇ ਅਸੂਲ ਦੀ ਪਛਾਣ ਅਗੂੰਹੀ ਗੱਲ ਹੈ। ਇਕ ਨੂੰ ਮੰਣਨ ਦੇ ਉਲਟ ਕਈਆਂ ਅਸੂਲਾਂ, ਫਾਰਮੂਲਿਆਂ ਤੇ ਹਸਤੀਆਂ ਨੂੰ ਮੰਣਨਾ ਪਏਗਾ। ਮੁਸਲਮਾਨਾਂ ਵਿਚ ਆਮ ਮਨੁੱਖ ਤੋਂ ਲੈ ਕੇ ਪੈਗੰਬਰਾਂ, ਫਰਿਸ਼ਤਿਆਂ ਤੇ ਰੱਬ ਤਾਈਂ ਇਕ ਪੂਰੀ ਦਰਜਾਬੰਦੀ ਹੈ। ਇਸੇ ਤਰ੍ਹਾਂ ਹਿੰਦੂ ਮੱਤ ਵਿਚ ਵੀ ਦੇਵਤਿਆਂ ਤੇ ਦੇਵੀਆਂ ਦਾ ਇਕ ਪੂਰਾ ਨਿਜ਼ਾਮ ਹੈ ਜਿਸ ਵਿਚ ਦੁਨੀਆ ਵਿਚ ਹੋਵਣ ਵਾਲੇ ਸਾਰੇ ਕੰਮ ਵੱਖੋ ਵੱਖ ਦੇਵਤਿਆਂ ਜਾਂ ਦੇਵੀਆਂ ਦੇ ਜ਼ਿੰਮੇ ਹਨ। ਇਸ ਤਰ੍ਹਾਂ ਵੇਖੋ ਤਾਂ ਸਮਾਜ ਵਿਚ ਜਾਤਾਂ, ਤਬਕਿਆਂ ਤੇ ਇਲਾਕਿਆਂ ਦੀਆਂ ਵੱਖਰੀਆਂ ਵੱਖਰੀਆਂ ਖਾਸੀਅਤਾਂ ਨਜ਼ਰ ਆਉਂਦੀਆਂ ਹਨ। ਮਨੁੱਖਾਂ, ਪਸ਼ੂਆਂ, ਜਾਨਵਰਾਂ, ਸਮੁੰਦਰਾਂ ਤੇ ਦਰਿਆਵਾਂ ਦੇ ਨਿਜ਼ਾਮ ਵੱਖ ਵੱਖ ਕਰ ਕੇ ਸਮਝੇ ਜਾਂਦੇ ਹਨ। ਪਰ ਅਗੂੰਹੀ ਵਿਚਾਰਧਾਰਾ ਇਹ ਹੈ ਕਿ ਇਨ੍ਹਾਂ ਸਭਨਾਂ ਵਿਚ ਇਕ ਹੀ ਤਾਕਤ ਜਾਂ ਅਸੂਲ ਦੀ ਪਛਾਣ ਦ੍ਰਿੜ੍ਹ ਹੈ।’
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਪੁਸਤਕ ਬੁੱਲ੍ਹੇ ਸ਼ਾਹ ਦੇ ਹਵਾਲੇ ਨਾਲ ਸਮਾਜ ਤੇ ਕੁਦਰਤ ਦੇ ਦੁਵੱਲੇ ਰਿਸ਼ਤੇ ਨੂੰ ਵਿਭਿੰਨ ਸਰੋਕਾਰਾਂ ਤੇ ਇਕਾਈਆਂ ਰਾਹੀਂ ਸਮਝਣ ਦਾ ਸੁਹਿਰਦ ਉਪਰਾਲਾ ਹੈ। ਅੱਜ ਦੇ ਸਮੇਂ ਵਿਚ ਜਦੋਂ ਨੈਤਿਕ ਮੁੱਲ ਬਦਲ ਗਏ ਹਨ, ਮਨੁੱਖੀ ਨਜ਼ਰੀਏ ਵਿਚ ਵੱਡੀ ਤਬਦੀਲੀ ਆ ਗਈ ਹੈ, ਵਸਤੂ ਸੰਸਾਰ ਨੂੰ ਪਰਿਭਾਸ਼ਤ ਕਰਨ ਦੇ ਤੌਰ ਤਰੀਕੇ ਬਦਲ ਗਏ ਹਨ ਤਾਂ ਇਸ ਪ੍ਰਸੰਗ ਵਿਚ ਸੂਫ਼ੀ ਕਾਵਿ ਦੀਆਂ ਨਵੀਆਂ ਵਿਆਖਿਆਵਾਂ ਨਵੇਂ ਗਿਆਨ ਸ਼ਾਸਤਰ ਨੂੰ ਸਿਰਜਣ ਵੱਲ ਸੇਧਿਤ ਹਨ। ਹਥਲਾ ਅਧਿਐਨ ਅਜਿਹਾ ਹੀ ਇਕ ਉਪਰਾਲਾ ਕਿਹਾ ਜਾ ਸਕਦਾ ਹੈ। ਵਿਦਵਾਨਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਲਈ ਇਹ ਅਧਿਐਨ ਕਾਫ਼ੀ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸ ਕਿਤਾਬ ਦੇ ਲਿੱਪੀਅੰਤਰਣ ਤੇ ਸੰਪਾਦਨ ਲਈ ਮਨਦੀਪ ਸਨੇਹੀ, ਦੀਪ ਨਿਰਮੋਹੀ ਤੇ ਅਸ਼ੋਕ ਕਾਸਿਦ ਨੇ ਲਗਨ ਤੇ ਸੁਹਿਰਦਤਾ ਨਾਲ ਕੰਮ ਕੀਤਾ ਹੈ।
ਸੰਪਰਕ: 94173-58120