‘ਨਵਾਂ ਭਾਰਤ ਸਰਹੱਦਾਂ ਤੇ ਲੋਕਾਂ ਦੇ ਰੱਖਿਆ ਕਰਨੀ ਜਾਣਦੈ’
ਜੈਪੁਰ, 7 ਅਪਰੈਲ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਨਵਾਂ ਭਾਰਤ ਆਪਣੀਆਂ ਸਰਹੱਦਾਂ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਨੀ ਜਾਣਦਾ ਹੈ ਅਤੇ ਨਾਲ ਹੀ ਲੋਕਾਂ ਨੂੰ ਪੁੱਛਿਆ ਕਿ ਕੀ ਦਹਿਸ਼ਤਗਰਦਾਂ ਨੂੰ ਮਾਰਨਾ ਗਲਤ ਸੀ।
ਯੋਗੀ ਬਰਤਾਨਵੀ ਅਖਬਾਰ ‘ਦਿ ਗਾਰਡੀਅਨ’ ਦੀ ਖ਼ਬਰ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2019 ਤੋਂ ਬਾਅਦ ਕੌਮੀ ਸੁਰੱਖਿਆ ਪ੍ਰਤੀ ਦਲੇਰਾਨਾ ਪਹੁੰਚ ਤਹਿਤ ਭਾਰਤੀ ਏਜੰਸੀਆਂ ਪਾਕਿਸਤਾਨ ’ਚ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ’ਚ ਸ਼ਾਮਲ ਸਨ।
ਭਾਰਤਪੁਰ ਵਿੱਚ ਚੋਣ ਰੈਲੀ ਦੌਰਾਨ ਭਾਜਪਾ ਨੇਤਾ ਨੇ ਕਿਹਾ, ‘‘ਤਿੰਨ ਦਿਨ ਪਹਿਲਾਂ ਯੂਕੇ ਦੀ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ 20 ਖ਼ਤਰਨਾਕ ਦਹਿਸ਼ਤਗਰਦਾਂ ਨੂੰ ਮਾਰਿਆ ਗਿਆ ਹੈ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਨੂੰ ਭਾਰਤ ਵੱਲੋਂ ਮਾਰਿਆ ਗਿਆ ਹੋਵੇ। ਜਿਹੜੇ ਕੱਲ੍ਹ ਤੱਕ ਉਨ੍ਹਾਂ ਦਹਿਸ਼ਤਗਰਦਾਂ ਨੂੰ ਪਨਾਹ ਦਿੰਦੇ ਸਨ, ਉਹ ਹੁਣ ਹਵਾਈ ਹਮਲੇ ਦੇ ਡਰੋਂ ਭਾਰਤ ਖ਼ਿਲਾਫ਼ ਕੁਝ ਵੀ ਕਹਿਣ ਤੋਂ ਡਰਦੇ ਹਨ।’’ ਅਦਿੱਤਿਆਨਾਥ ਨੇ ਕਿਹਾ ਕਿ ਦੁਨੀਆ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ, ‘‘ਭਾਰਤੀ ਨਾਗਰਿਕ ਜਦੋਂ ਵਿਦੇਸ਼ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਤਿਕਾਰ ਮਿਲਦਾ ਹੈ। ਸਰਹੱਦਾਂ ਹੁਣ ਸੁਰੱਖਿਅਤ ਹਨ ਤੇ ਨਕਸਲਵਾਦ, ਕੱਟੜਵਾਦ ਤੇ ਅਤਿਵਾਦ ਖਤਮ ਹੋ ਚੁੱਕੇ ਹਨ।’’ ਉਨ੍ਹਾਂ ਨੇ 26/11 ਮੁੰਬਈ ਦਹਿਸ਼ਤੀ ਹਮਲੇ ’ਚ ਸ਼ਾਮਲ ਦਹਿਸ਼ਤਗਰਦ ਅਜਮਲ ਕਸਾਬ ਨੂੰ ਕਾਂਗਰਸ ਦੇ ਸ਼ਾਸਨ ’ਚ ਬਿਰਿਆਨੀ ਪਰੋਸਣ ਦੀਆਂ ਅਫਵਾਹਾਂ ਦੇ ਹਵਾਲੇ ਨਾਲ ਆਖਿਆ, ‘‘ਕੀ ਦਹਿਸ਼ਤਗਰਦ ਮਾਰੇ ਜਾਣੇ ਚਾਹੀਦੇ ਹਨ ਜਾਂ ਨਹੀਂ? ਉਹ ਸਮਾਜ ’ਤੇ ਬੋਝ ਅਤੇ ਹਰੇਕ ਦੀ ਸੁਰੱਖਿਆ ਲਈ ਖ਼ਤਰਾ ਹਨ।’’ -ਪੀਟੀਆਈ