ਕੀਨੀਆ ’ਚ ਹਵਾਈ ਅੱਡੇ ਬਾਰੇ ਕਦੀ ਸਮਝੌਤਾ ਨਹੀਂ ਕੀਤਾ: ਅਡਾਨੀ ਸਮੂਹ
ਨਵੀਂ ਦਿੱਲੀ: ਅਰਬਪਤੀ ਗੌਤਮ ਅਡਾਨੀ ਦੇ ਸਮੂਹ ਨੇ ਰਿਸ਼ਵਤਖੋਰੀ ਦੇ ਦੋਸ਼ਾਂ ’ਤੇ ਅਮਰੀਕੀ ਮੁਕੱਦਮੇ ਮਗਰੋਂ ਕੀਨੀਆ ਵੱਲੋਂ 2.5 ਅਰਬ ਡਾਲਰ ਤੋਂ ਵੱਧ ਦੇ ਸੌਦੇ ਰੱਦ ਕਰਨ ਦੀਆਂ ਖ਼ਬਰਾਂ ਬਾਰੇ ਅੱਜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਸ ਨੇ ਕੀਨੀਆ ਦੇ ਮੁੱਖ ਹਵਾਈ ਅੱਡੇ ਦੇ ਸੰਚਾਲਨ ਲਈ ਕਿਸੇ ਸਮਝੌਤੇ ’ਤੇ ਦਸਤਖ਼ਤ ਨਹੀਂ ਕੀਤੇ ਸਨ। ਕੀਨੀਆ ’ਚ 30 ਸਾਲਾਂ ਲਈ ਪ੍ਰਮੁੱਖ ਬਿਜਲੀ ਟਰਾਂਸਮਿਸ਼ਨ ਲਾਈਨਾਂ ਦੇ ਨਿਰਮਾਣ ਤੇ ਸੰਚਾਲਨ ਲਈ ਪਿਛਲੇ ਮਹੀਨੇ ਸਹੀਬੰਦ ਸਮਝੌਤੇ ਬਾਰੇ ਸਮੂਹ ਨੇ ਕਿਹਾ ਕਿ ਇਹ ਪ੍ਰਾਜੈਕਟ ਸੇਬੀ ਦੇ ਨਿਯਮਾਂ ਦੇ ਦਾਇਰੇ ’ਚ ਨਹੀਂ ਆਉਂਦਾ ਇਸ ਲਈ ਇਸ ਦੇ ਰੱਦ ਹੋਣ ’ਤੇ ਕਿਸੇ ਖੁਲਾਸੇ ਦੀ ਲੋੜ ਨਹੀਂ ਹੈ। ਸਮੂਹ ਨੇ ਸ਼ੇਅਰ ਬਾਜ਼ਾਰਾਂ ਵੱਲੋਂ ਭੇਜੇ ਗਏ ਨੋਟਿਸਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਕੀਨੀਆ ਦੇ ਮੁੱਖ ਹਵਾਈ ਅੱਡੇ ਦੇ ਸੰਚਾਲਨ ਸਮਝੌਤੇ ਬਾਰੇ ਕੰਪਨੀ ਨੇ ਕਿਹਾ, ‘ਕੰਪਨੀ ਉਕਤ ਪ੍ਰਾਜੈਕਟ ਲਈ ਸਬੰਧਤ ਅਥਾਰਿਟੀ ਨਾਲ ਚਰਚਾ ਕਰ ਰਹੀ ਸੀ ਪਰ ਕੰਪਨੀ ਨੂੰ ਕੀਨੀਆ ’ਚ ਕੋਈ ਹਵਾਈ ਅੱਡਾ ਪ੍ਰਾਜੈਕਟ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਸਮਝੌਤਾ ਸਹੀਬੰਦ ਕੀਤਾ ਗਿਆ ਹੈ।’ -ਪੀਟੀਆਈ