ਮਨੀਪੁਰ: ਵਿਧਾਇਕਾਂ ਦੇ ਘਰਾਂ ਨੂੰ ਅੱਗ ਲਾਉਣ ਵਾਲੇ ਦੋ ਹੋਰ ਕਾਬੂ
ਇੰਫਾਲ, 23 ਨਵੰਬਰ
ਪੁਲੀਸ ਨੇ ਇੰਫਾਲ ਘਾਟੀ ’ਚ ਵਿਧਾਇਕਾਂ ਦੇ ਘਰਾਂ ਦੀ ਭੰਨਤੋੜ ਕਰਨ ਅਤੇ ਅੱਗ ਲਾਉਣ ਦੀ ਘਟਨਾ ’ਚ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋ ਗ੍ਰਿਫ਼ਤਾਰੀਆ ਨਾਲ ਇਸ ਮਾਮਲੇ ਵਿਚ ਹੁਣ ਤੱਕ ਕੁੱਲ 34 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਵੱਲੋਂ 16 ਨਵੰਬਰ ਨੂੰ ਇੰਫਾਲ ਘਾਟੀ ਦੇ ਵੱਖ-ਵੱਖ ਖੇਤਰਾਂ ਵਿੱਚ ਵਾਪਰੀਆਂ ਘਟਨਾਵਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਵਿਧਾਇਕਾਂ ਦੀਆਂ ਰਿਹਾਇਸ਼ਾਂ ਦੀ ਭੰਨਤੋੜ ਕਰਨ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਦੀ ਜਾਂਚ ਜਾਰੀ ਹੈ। ਮਨੀਪੁਰ ਵਿੱਚ 11 ਨਵੰਬਰ ਨੂੰ ਸੁਰੱਖਿਆ ਬਲਾਂ ਅਤੇ ਮਸ਼ਕੂਕ ਕੁਕੀ-ਜ਼ੋ ਅਤਿਵਾਦੀਆਂ ਵਿਚਾਲੇ ਮੁਕਾਬਲੇ ’ਚ 10 ਦਹਿਸ਼ਤਗਰਦ ਮਾਰੇ ਜਾਣ ਬਾਅਦ ਹਿੰਸਾ ਵਧ ਗਈ ਸੀ। ਉਦੋਂ ਤੋਂ ਮੈਤੇਈ ਭਾਈਚਾਰੇ ਦੇ ਤਿੰਨ ਬੱਚੇ ਅਤੇ ਤਿੰਨ ਔਰਤਾਂ ਲਾਪਤਾ ਸਨ। -ਪੀਟੀਆਈ
ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਦੋ ਦਿਨਾਂ ਲਈ ਵਧਾਈ
ਇੰਫਾਲ: ਮਨੀਪੁਰ ਸਰਕਾਰ ਨੇ ਅੱਜ ਸੱਤ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ’ਤੇ ਪਾਬੰਦੀ ਦੋ ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ‘ਸੂਬਾ ਸਰਕਾਰ ਨੇ ਕਾਨੂੰਨ-ਵਿਵਸਥਾ ਦੀ ਸਮੀਖਿਆ ਕਰਨ ਤੋਂ ਬਾਅਦ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚੰਦਪੁਰ ਅਤੇ ਕੰਗਪੋਕਪੀ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਦੋ ਹੋਰ ਦਿਨਾਂ ਲਈ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ।’ -ਪੀਟੀਆਈ