ਭਾਰਤ ਨੂੰ 1,000 ਮੈਗਾਵਾਟ ਬਿਜਲੀ ਬਰਾਮਦ ਕਰੇਗਾ ਨੇਪਾਲ: ਜੈਸ਼ੰਕਰ
ਨਵੀਂ ਦਿੱਲੀ, 19 ਅਗਸਤ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੀ ਨੇਪਾਲੀ ਹਮਰੁਤਬਾ ਆਰਜ਼ੂ ਰਾਣਾ ਦਿਓਬਾ ਨਾਲ ਵਿਆਪਕ ਗੱਲਬਾਤ ਕਰਨ ਮਗਰੋਂ ਅੱਜ ਕਿਹਾ ਕਿ ਨੇਪਾਲ ਵੱਲੋਂ ਭਾਰਤ ਨੂੰ ਕਰੀਬ 1,000 ਮੈਗਾਵਾਟ ਬਿਜਲੀ ਬਰਾਮਦ ਕੀਤੀ ਜਾਵੇਗੀ। ਜੈਸ਼ੰਕਰ ਨੇ ਭਾਰਤ ਨੂੰ ਬਿਜਲੀ ਬਰਾਮਦ ਕਰਨ ਦੇ ਨੇਪਾਲ ਦੇ ਫੈਸਲੇ ਨੂੰ ਨਵਾਂ ਮੀਲ ਪੱਥਰ ਕਰਾਰ ਦਿੱਤਾ।
ਦੋਹਾਂ ਮੰਤਰੀਆਂ ਵਿਚਾਲੇ ਇਹ ਗੱਲਬਾਤ ਕਾਰੋਬਾਰ, ਸੰਪਰਕ ਅਤੇ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਵਧਾਉਣ ’ਤੇ ਕੇਂਦਰਿਤ ਸੀ। ਦਿਓਬਾ ਨੇਪਾਲ ਦੀ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਸਰਕਾਰੀ ਵਿਦੇਸ਼ ਯਾਤਰਾ ਤਹਿਤ ਪੰਜ ਦਿਨਾ ਦੌਰੇ ’ਤੇ ਐਤਵਾਰ ਨੂੰ ਭਾਰਤ ਪੁੱਜੀ ਸੀ। ਜੈਸ਼ੰਕਰ ਨੇ ‘ਐਕਸ’ ਉੱਤੇ ਕਿਹਾ, ‘‘ਊਰਜਾ, ਕਾਰੋਬਾਰ, ਸੰਪਰਕ ਅਤੇ ਢਾਂਚਾ ਵਿਕਾਸ ਸਣੇ ਬਹੁਪੱਖੀ ਭਾਰਤ-ਨੇਪਾਲ ਸਹਿਯੋਗ ਬਾਰੇ ਚਰਚਾ ਹੋਈ।’’ ਉਨ੍ਹਾਂ ਕਿਹਾ, ‘‘ਇਹ ਜਾਣ ਕਿ ਖੁਸ਼ੀ ਹੋਈ ਕਿ ਨੇਪਾਲ ਵੱਲੋਂ ਭਾਰਤ ਨੂੰ ਕਰੀਬ 1000 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾਵੇਗੀ ਜੋ ਕਿ ਇਕ ਨਵਾਂ ਮੀਲ ਪੱਥਰ ਹੈ।’’
ਉੱਧਰ, ਦਿਓਬਾ ਨੇ ਆਪਣੇ ਪੱਧਰ ’ਤੇ ਇਸ ਗੱਲਬਾਤ ਨੂੰ ਉਸਾਰੂ ਕਰਾਰ ਦਿੱਤਾ। ਉਨ੍ਹਾਂ ‘ਐਕਸ’ ਉੱਤੇ ਕਿਹਾ, ‘‘ਨਵੀਂ ਦਿੱਲੀ ਵਿੱਚ ਡਾ. ਐੱਸ ਜੈਸ਼ੰਕਰ ਨਾਲ ਗੱਲਬਾਤ ਉਸਾਰੂ ਰਹੀ। ਅਸੀਂ ਦੁਵੱਲੇ ਹਿੱਤਾਂ, ਨੇਪਾਲ ਤੇ ਭਾਰਤ ਦੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਅਤੇ ਆਪਸੀ ਸਹਿਯੋਗ ਦੇ ਆਦਾਨ-ਪ੍ਰਦਾਨ ਬਾਰੇ ਵਿਚਾਰ-ਚਰਚਾ ਕੀਤੀ। ਮੈਨੂੰ ਭਰੋਸਾ ਹੈ ਕਿ ਇਹ ਯਾਤਰਾ ਨੇਪਾਲ ਤੇ ਭਾਰਤ ਵਿਚਾਲੇ ਸਦੀਆਂ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।’’ ਨੇਪਾਲ ਦੀ ਵਿਦੇਸ਼ ਮੰਤਰੀ ਦੀ ਇਹ ਯਾਤਰਾ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਕਾਠਮੰਡੂ ਯਾਤਰਾ ਤੋਂ ਇਕ ਹਫ਼ਤੇ ਬਾਅਦ ਹੋ ਰਹੀ ਹੈ। -ਪੀਟੀਆਈ
ਭਾਰਤ ਨੇ ਨੇਪਾਲ ਨੂੰ 251 ਮੈਗਾਵਾਟ ਵਾਧੂ ਬਿਜਲੀ ਬਰਾਮਦ ਕਰਨ ਦੀ ਮਨਜ਼ੂਰੀ ਦਿੱਤੀ
ਕਾਠਮੰਡੂ: ਭਾਰਤ ਨੇ ਨੇਪਾਲ ਨੂੰ 251 ਮੈਗਾਵਾਟ ਵਾਧੂ ਬਿਜਲੀ ਬਰਾਮਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਕ ਸਰਕਾਰੀ ਬਿਆਨ ਰਾਹੀਂ ਅੱਜ ਕਿਹਾ ਗਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਹਿਮਾਲੀਅਨ ਦੇਸ਼ ਵੱਲੋਂ ਮੱਧਮ ਮਿਆਦ ਦੇ ਵਿਕਰੀ ਸਮਝੌਤੇ ਤਹਿਤ ਬਿਹਾਰ ਨੂੰ ਬਿਜਲੀ ਸਪਲਾਈ ਕੀਤੀ ਜਾਵੇਗੀ। ਨੇਪਾਲ ਵਿੱਚ ਭਾਰਤੀ ਦੂਤਾਵਾਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਸਰਹੱਦ ਪਾਰ ਕਾਰੋਬਾਰ ਲਈ ਭਾਰਤ ਵੱਲੋਂ ਬਣਾਈ ਗਈ ਅਥਾਰਿਟੀ ਵੱਲੋਂ ਨੇਪਾਲ ਵਿਚਲੇ 12 ਪਣਬਿਜਲੀ ਪ੍ਰਾਜੈਕਟਾਂ ਤੋਂ 251 ਮੈਗਾਵਾਟ ਵਾਧੂ ਬਿਜਲੀ ਬਰਾਮਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮਗਰੋਂ ਨੇਪਾਲ 28 ਪਣਬਿਜਲੀ ਪ੍ਰਾਜੈਕਟਾਂ ਤੋਂ 941 ਮੈਗਾਵਾਟ ਬਿਜਲੀ ਬਰਾਮਦ ਕਰੇਗਾ। ਇਸ ਤੋਂ ਪਹਿਲਾਂ ਨੇਪਾਲ 16 ਪ੍ਰਾਜੈਕਟਾਂ ਤੋਂ 690 ਮੈਗਾਵਾਟ ਬਿਜਲੀ ਬਰਾਮਦ ਕਰ ਰਿਹਾ ਸੀ।’’ -ਪੀਟੀਆਈ