ਨੇਪਾਲ: ਸੋਨਾ ਤਸਕਰੀ ਮਾਮਲੇ ’ਚ ਸਾਬਕਾ ਸਪੀਕਰ ਗ੍ਰਿਫ਼ਤਾਰ
* ਜਾਂਚ ਰਿਪੋਰਟ ’ਚ ਨਾਮ ਆਉਣ ਮਗਰੋਂ ਹੋਈ ਕਾਰਵਾਈ
* ਪੁੱਤਰ ਪਹਿਲਾਂ ਹੀ ਹੋ ਚੁੱਕਾ ਹੈ ਗ੍ਰਿਫ਼ਤਾਰ
* ਚੀਨੀ ਤਸਕਰਾਂ ਨਾਲ ਸੰਪਰਕ ਹੋਣ ਦਾ ਦਾਅਵਾ
ਕਾਠਮੰਡੂ, 18 ਮਾਰਚ
ਹੁਕਮਰਾਨ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਮਾਓਵਾਦੀ ਸੈਂਟਰ) ਦੇ ਮੀਤ ਪ੍ਰਧਾਨ ਅਤੇ ਪ੍ਰਤੀਨਿਧ ਸਭਾ ਦੇ ਸਾਬਕਾ ਸਪੀਕਰ ਕ੍ਰਿਸ਼ਨ ਬਹਾਦਰ ਮਹਾਰਾ ਨੂੰ ਸੋਨਾ ਤਸਕਰੀ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਕਾਠਮੰਡੂ ਲਿਆਂਦਾ ਗਿਆ ਹੈ। ਉਸ ਨੂੰ ਕਪਿਲਵਸਤੂ ਜ਼ਿਲ੍ਹੇ ਦੇ ਪਕਾਦੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਨੇਪਾਲ ਪੁਲੀਸ ਦੇ ਲਾਜ਼ਿਮਪਤ ’ਚ ਸੈਂਟਰਲ ਇਨਵੈਸਟੀਗੇਸ਼ਨ ਬਿਊਰੋ (ਸੀਆਈਬੀ) ’ਚ ਲਿਆਂਦਾ ਗਿਆ। ਬਿਊਰੋ ਦੇ ਤਰਜਮਾਨ ਹੋਬਿੰਦਰ ਬੋਗਤੀ ਨੇ ਕਿਹਾ ਕਿ ਸਾਬਕਾ ਸਪੀਕਰ ਖ਼ਿਲਾਫ਼ ਕੇਸ ਤਿਆਰ ਕਰਕੇ ਅਟਾਰਨੀ ਜਨਰਲ ਦੇ ਦਫ਼ਤਰ ਭੇਜਿਆ ਜਾਵੇਗਾ। ਮਹਾਰਾ ਦਾ ਰਿਮਾਂਡ ਵਧਾਉਣ ਲਈ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਵੱਡੇ ਪੱਧਰ ’ਤੇ ਸੋਨੇ ਦੀ ਤਸਕਰੀ ਦੇ ਮਾਮਲੇ ’ਚ ਮਹਾਰਾ ਦੀ ਕਥਿਤ ਸ਼ਮੂਲੀਅਤ ਵਾਲੀ ਰਿਪੋਰਟ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਰਾਬੀ ਲਾਮਿਸ਼ਾਨੇ ਨੇ ਲਾਗੂ ਕਰਨ ਦੇ ਪੁਲੀਸ ਨੂੰ ਹੁਕਮ ਦਿੱਤੇ ਸਨ। ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਦੀ ਅਗਵਾਈ ਹੇਠਲੇ ਕਮਿਸ਼ਨ ਨੇ ਵੀਰਵਾਰ ਨੂੰ ਰਿਪੋਰਟ ਸੌਂਪੀ ਸੀ ਜਿਸ ’ਚ ਸੀਆਈਬੀ ’ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਮਹਾਰਾ ਖ਼ਿਲਾਫ਼ ਜਾਣਬੁੱਝ ਕੇ ਜਾਂਚ ਨਹੀਂ ਕਰ ਰਹੀ ਹੈ। ਰਿਪੋਰਟ ਮੁਤਾਬਕ ਮਹਾਰਾ ਦਾ ਪੁੱਤਰ ਰਾਹੁਲ 9 ਕਿਲੋਗ੍ਰਾਮ ਸੋਨੇ ਦੀ ਤਸਕਰੀ ’ਚ ਸ਼ਾਮਲ ਸੀ ਅਤੇ ਉਸ ਨੂੰ ਪਿਛਲੇ ਸਾਲ 30 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਪਿਤਾ-ਪੁੱਤਰ ’ਤੇ ਚੀਨੀ ਸੋਨਾ ਤਸਕਰਾਂ ਦੇ ਸੰਪਰਕ ’ਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਿਛਲੇ ਹਫ਼ਤੇ ਪੁਲੀਸ ਨੇ ਸਾਬਕਾ ਮੀਤ ਪ੍ਰਧਾਨ ਨੰਦ ਬਹਾਦਰ ਪੁਨ ਦੇ ਪੁੱਤਰ ਨੂੰ 60.716 ਕਿਲੋਗ੍ਰਾਮ ਸੋਨੇ ਦੀ ਤਸਕਰੀ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ