ਨਾ ਭਗਤ ਸਿੰਘ ਜਿਹੀ ਸੋਚ ਰਹੀ ਨਾ ਸਿਰ...
ਬਲਦੇਵ ਸਿੰਘ (ਸੜਕਨਾਮਾ)
ਕਦੇ-ਕਦੇ ਸਮਾਂ ਪੁੱਠੇ ਪੈਰੀਂ ਤੁਰਦਾ ਤੁਹਾਡੇ ਸਾਹਮਣੇ ਆ ਖੜ੍ਹਦਾ ਹੈ। ਲਾਹੌਰ ਦੇ ਸ਼ਾਦਮਾਨ ਚੌਕ ਵਿਚ ਖੜ੍ਹਾ ਮੈਂ ਇਹ ਸੋਚ ਰਿਹਾ ਸਾਂ। ਸੰਨ 1931, 23 ਮਾਰਚ, ਹੋਰ ਅੱਠ ਸਾਲਾਂ ਨੂੰ ਪੂਰੇ ਸੌ ਵਰ੍ਹੇ ਹੋ ਜਾਣੇ ਹਨ। ਮੈਂ ਇਤਿਹਾਸ ਦੇ ਉਸ ਸਮੇਂ ਵਿਚ ਉਤਰ ਗਿਆ ਜਦ ਸੈਂਟਰਲ ਜੇਲ੍ਹ ਲਾਹੌਰ ਦਾ ਇਹ ਕੋਨਾ ਜਿਹੜਾ ਹੁਣ ਸ਼ਾਦਮਾਨ ਚੌਕ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਇਹ ਕਦੇ ਸੈਂਟਰਲ ਜੇਲ੍ਹ ਲਾਹੌਰ ਦਾ ਅੰਦਰੂਨੀ ਹਿੱਸਾ ਸੀ। ਉਦੋਂ ਅੰਗਰੇਜ਼ੀ ਹਕੂਮਤ ਨੇ ਸੋਚਿਆ ਹੋਵੇਗਾ, ਹਿੰਦੁਸਤਾਨ ਦੇ ਤਿੰਨ ਨੌਜਵਾਨ ਇਨਕਲਾਬੀਆਂ ਨੂੰ ਫਾਂਸੀ ਉੱਪਰ ਚਾੜ੍ਹ ਕੇ ਆਜ਼ਾਦੀ ਦੀ ਲਹਿਰ ਦੇ ਸੂਰਜ ਨੂੰ ਸਦਾ ਲਈ ਅਸਤ ਕਰ ਦੇਵੇਗੀ। ਉਨ੍ਹਾਂ ਨੇ ਇਹ ਕਾਰਵਾਈ ਵੀ ਸੂਰਜ ਡੁੱਬਣ ਤੋਂ ਬਾਅਦ ਕੀਤੀ ਤੇ ਠੀਕ 16 ਵਰ੍ਹਿਆਂ ਬਾਅਦ ਸਾਮਰਾਜੀ ਸੂਰਜ ਵੀ ਭਾਰਤ ਵਿਚੋਂ ਡੁੱਬ ਗਿਆ।
ਦਿੱਬ-ਦ੍ਰਿਸ਼ਟੀ ਨਾਲ ਮੈਂ ਵੇਖ ਰਿਹਾ ਸਾਂ, ਇੱਥੇ ਹੀ ਕਿਧਰੇ ਬੈਰਕਾਂ ਦੇ ਆਸ-ਪਾਸ ਜੇਲ੍ਹਰ ਖ਼ਾਨ ਬਹਾਦਰ ਉਦਾਸ ਚਿਹਰਾ ਲਈ ਫਿਰਦਾ ਹੋਵੇਗਾ। ਇੱਥੇ ਹੀ ਜੇਲ੍ਹ ਦੇ ਬਾਹਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਰਿਸ਼ਤੇਦਾਰ, ਸਕੇ ਸਬੰਧੀ, ਦੋਸਤ ਮਿੱਤਰ ਤੇ ਵਿਦਿਆਰਥੀਆਂ ਦਾ ਰੋਹ ਭਰਿਆ ਜੋਸ਼ੀਲਾ ਠਾਠਾਂ ਮਾਰਦਾ ਇਕੱਠ ਹੋਵੇਗਾ। ਇੱਥੇ ਹੀ ਪਿਤਾ ਸ. ਕਿਸ਼ਨ ਸਿੰਘ, ਮਾਤਾ ਵਿਦਿਆਵਤੀ, ਭੈਣਾਂ, ਭਰਾ, ਭਗਤ ਸਿੰਘ ਨਾਲ ਆਖ਼ਰੀ ਮੁਲਾਕਾਤ ਲਈ ਇੱਧਰ ਉੱਧਰ
ਭਟਕ ਰਹੇ ਹੋਣਗੇ।
ਉਸ ਵੇਲੇ ਮੈਂ ਸੋਚ ਰਿਹਾ ਸੀ: ਕੀ ਸੱਚ ਹੀ ਇਹ ਇਨਕਲਾਬੀ ਨੌਜਵਾਨ ਸਾਡੇ ਵਾਂਗ ਹੀ ਹੱਡ-ਮਾਸ ਦੇ ਬਣੇ ਹੋਣਗੇ? ਕਿਸ ਤਰ੍ਹਾਂ ਦਾ ਕਰਤਾਰੀ ਆਲਮ ਉਨ੍ਹਾਂ ਉੱਪਰ ਛਾਇਆ ਰਹਿੰਦਾ ਸੀ। ਫਾਂਸੀ ਦੇਣ ਦੀ ਤਿਆਰੀ ਹੋ ਚੁੱਕੀ ਸੀ। ਤਿੰਨਾਂ ਨੂੰ ਝੱਟ-ਪੱਟ ਇਸ਼ਨਾਨ ਕਰਕੇ ਤਿਆਰ ਹੋਣ ਦਾ ਹੁਕਮ ਆ ਗਿਆ। ਆਖ਼ਰੀ ਸੱਦਾ ਦੇਣ ਆਏ ਮੁਲਾਜ਼ਮ ਨੂੰ ਲੈਨਨਿ ਦੀ ਜੀਵਨੀ ਪੜ੍ਹ ਰਹੇ ਭਗਤ ਸਿੰਘ ਦੀ ਆਵਾਜ਼ ਸੁਣਦੀ ਹੈ:
‘‘ਠਹਿਰੋ ਇੱਕ ਇਨਕਲਾਬੀ ਦੂਸਰੇ ਇਨਕਲਾਬੀ ਨੂੰ
ਮਿਲ ਰਿਹਾ ਹੈ।’’
ਪਤਾ ਹੈ ਕੁਝ ਪਲਾਂ ਬਾਅਦ ਫਾਂਸੀ ’ਤੇ ਲਟਕ ਜਾਣਾ ਹੈ। ਪਰ ਨਾ ਮੌਤ ਦਾ ਡਰ ਹੈ ਨਾ ਆਪਣਿਆਂ ਤੋਂ ਵਿੱਛੜਨ ਦੀ ਉਦਾਸੀ। ਸ਼ਾਦਮਾਨ ਚੌਕ ਵੱਲ ਲਗਾਤਾਰ ਤੱਕਦਿਆਂ ਭਗਤ ਸਿੰਘ ਦੇ ਆਖ਼ਰੀ ਸ਼ਬਦ ਯਾਦ ਆਏ:
‘‘ਮੈਜਿਸਟਰੇਟ ਸਾਹਬ ਤੁਸੀਂ ਕਿਸਮਤ ਵਾਲੇ ਹੋ ਕਿ ਅੱਜ ਆਪ ਨੂੰ ਆਪਣੀਆਂ ਅੱਖਾਂ ਨਾਲ ਇਹ ਦੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਭਾਰਤ ਦੇ ਇਨਕਲਾਬੀ ਕਿਸ ਤਰ੍ਹਾਂ ਖੁਸ਼ੀ ਖੁਸ਼ੀ ਆਪਣੇ ਉੱਚੇ ਆਦਰਸ਼ਾਂ ਲਈ ਮੌਤ ਨੂੰ ਵੀ ਗਲਵੱਕੜੀ ਪਾ ਸਕਦੇ ਹਨ।’’
ਉੱਥੋਂ ਵਾਪਸ ਆ ਕੇ ਆਪਣੇ ਲਾਹੌਰੀ ਲੇਖਕ ਮਿੱਤਰਾਂ ਤੋਂ ਸ਼ਾਦਮਾਨ ਚੌਕ ਦੇ ਨਾਮ ਬਾਰੇ ਸਮਝਣ ਦੀ ਜਗਿਆਸਾ ਦੱਸੀ ਤੇ ਜਾਣ ਕੇ ਹੈਰਾਨੀ ਹੋਈ। ਕਿਹਾ- ‘‘ਇਹ ਤਾਂ ਸ਼ਹੀਦਾਂ ਨਾਲ ਬੇਇਨਸਾਫ਼ੀ ਹੈ।’’ ਹੁਣ ਪਤਾ ਲੱਗਾ ਹੈ। ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਹੋ ਗਿਆ ਹੈ। ਚਲੋ ਦੇਰ ਆਏ ਦਰੁਸਤ ਆਏ। ਇੱਥੇ ਚੌਕ ਬਣਨ ਬਾਰੇ ਵੀ ਪਤਾ ਲੱਗਾ। ਟਰੈਫਿਕ ਵਧਣ ਨਾਲ ਇੱਥੇ ਬੜਾ ਜਾਮ ਲੱਗਦਾ ਸੀ। ਜੇਲ੍ਹ ਦੀ ਕੰਧ ਨੂੰ ਕਾਫ਼ੀ ਪਿੱਛੇ ਹਟਾ ਦਿੱਤਾ ਗਿਆ ਤੇ ਫਾਂਸੀ ਦੇਣ ਵਾਲੀ ਜਗ੍ਹਾ ’ਤੇ ਚੌਕ ਬਣਾ ਦਿੱਤਾ ਗਿਆ। ਇਹ ਗੱਲਾਂ ਕੁਝ ਵਰ੍ਹੇ ਪਹਿਲਾਂ ਦੀਆਂ ਨੇ। ਸਤੰਬਰ ਮਹੀਨੇ ਭਗਤ ਸਿੰਘ ਦਾ ਜਨਮ ਦਨਿ ਮਨਾਇਆ ਜਾਂਦਾ ਹੈ। ਭਾਸ਼ਣ ਹੁੰਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਪਹਨਿ ਕੇ ਤੇ ਬਸੰਤੀ ਪੱਗਾਂ ਬੰਨ੍ਹ ਕੇ ਮੋਟਰਸਾਈਕਲ ਰੈਲੀਆਂ ਕੱਢੀਆਂ ਜਾਂਦੀਆਂ ਹਨ। ਮੰਤਰੀ-ਸੰਤਰੀ ਵੀ ਆਪਣਾ ਅਲੱਗ ਰੋਲ ਨਿਭਾਉਂਦੇ ਹਨ। ਸਭ ਜਾਣਦੇ ਨੇ, ਸਮਝਦੇ ਨੇ ਇਹ ਸਿਰਫ਼ ਇੱਕ ਦਨਿ ਦੀ ਖ਼ਾਨਾਪੂਰਤੀ ਹੈ। ਉਸ ਦਨਿ ਹਰ ਕੋਈ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਅਮਰ ਰਹਿਣ ਦੇ ਨਾਅਰੇ ਲਾਉਂਦਾ ਹੈ, ਪਰ ਅੰਦਰੋਂ ਅਰਜ਼ੋਈ ਹੁੰਦੀ ਹੈ: ‘‘ਭਗਤ ਸਿੰਘ ਜੰਮੇ ਤਾਂ ਗੁਆਂਢੀਆਂ ਦੇ ਘਰੇ ਜੰਮੇ।’’ ਉਂਜ ਉਨ੍ਹਾਂ ਨੂੰ ਪਤਾ ਹੈ, ਬਸੰਤੀ ਪੱਗਾਂ ਬੰਨ੍ਹ ਲੈਣਾ ਭਗਤ ਸਿੰਘ ਨਹੀਂ ਹੈ, ਦਿਲਾਂ ਦਾ ਬਸੰਤੀ ਹੋ ਜਾਣਾ ਭਗਤ ਸਿੰਘ ਹੈ। ਉਹ ਜਾਣਦੇ ਹਨ, ਕਿਸੇ ਇਮਾਰਤ ’ਤੇ ਝੰਡਾ ਲਹਿਰਾ ਦੇਣਾ ਭਗਤ ਸਿੰਘ ਨਹੀਂ ਹੈ, ਮੋਢਿਆਂ ’ਤੇ ਝੰਡਾ ਚੁੱਕ ਕੇ ਮੈਦਾਨ ਵਿਚ ਡਟ ਜਾਣਾ ਭਗਤ ਸਿੰਘ ਹੈ। ਬੰਬ ਸੁੱਟ ਕੇ ਦਹਿਸ਼ਤ ਪਾ ਦੇਣਾ ਜਾਂ ਡਰਾ ਦੇਣ ਦਾ ਨਾਮ ਭਗਤ ਸਿੰਘ ਨਹੀਂ ਹੈ, ਬੰਬ ਫਟਣ ਤੋਂ ਬਾਅਦ ਉੱਥੇ ਦਲੇਰੀ ਨਾਲ ਖੜ੍ਹੇ ਰਹਿਣ ਦਾ ਨਾਮ ਭਗਤ ਸਿੰਘ ਹੈ।
ਅਸੀਂ ਤਾਂ ਉਸ ਦੇ ਪਹਿਰਾਵੇ ਅਤੇ ਨਾਅਰਿਆਂ ਨੂੰ ਮੰਡੀ ਬਾਜ਼ਾਰ ਦੀ ਵਸਤੂ ਬਣਾ ਦਿੱਤਾ ਹੈ। ਉਸ ਦੇ ਸੁਪਨਿਆਂ ਦਾ ਭਾਰਤ ਸੁਪਨਿਆਂ ਵਿਚ ਹੀ ਰਹਿ ਗਿਆ। ਆਜ਼ਾਦੀ ਤੋਂ ਇੰਨੇ ਵਰ੍ਹੇ ਬਾਅਦ ਵੀ ਨਾ ਕੋਈ ਕਰਤਾਰ ਸਿੰਘ ਸਰਾਭਾ ਪੈਦਾ ਹੋਇਆ, ਨਾ ਕੋਈ ਭਗਤ ਸਿੰਘ ਤੇ ਸੁਖਦੇਵ ਜਿਹਾ ਕੋਈ ਜੰਮਿਆ, ਨਾ ਕੋਈ ਊਧਮ ਸਿੰਘ, ਰਾਜਗੁਰੂ ਜਿਹਾ ਕੋਈ ਲੱਭਿਆ। ਉਂਜ ਸਮਝਦਾਰ ਤਾਂ ਅਸੀਂ ਬਹੁਤ ਹੋ ਗਏ ਹਾਂ। ਵਿਧਾਨ ਸਭਾਵਾਂ ਜਾਂ ਸੰਸਦ ਵਿਚ ਆਪਣੇ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਨੇ ਹਾਂ। ਵਿਧਾਨ ਸਭਾ ਨਹੀਂ ਚੱਲਣ ਦੇਣੀ, ਸੰਸਦ ਵਿਚੋਂ ਵਾਕ ਆਊਟ ਕਰਨਾ ਹੈ ਜਾਂ ਬਾਹਰ ਜਾ ਕੇ ਧਰਨਾ ਲਾਉਣਾ ਹੈ, ਉਸ ਤੋਂ ਪਹਿਲਾਂ ਇਹ ਨਹੀਂ ਸੋਚਦੇ ਦੇਸ਼ ਨੂੰ ਆਜ਼ਾਦ ਕਰਵਾਉਂਦੇ ਜੋ ਜ਼ਿੰਦਗੀ ਵਿਚੋਂ ਵਾਕ ਆਊਟ ਕਰ ਗਏ, ਆਪਣੀਆਂ ਜਾਨਾਂ ਵਾਰ ਗਏ ਤੁਹਾਨੂੰ ਸੱਤਾ ਦੀਆਂ ਕੁਰਸੀਆਂ ਉੱਪਰ ਬਿਠਾ ਗਏ, ਤੁਹਾਡੀ ਸੋਚ ਤਾਂ ਨਿੱਜ ਤੋਂ ਅਗਾਂਹ ਨਹੀਂ ਤੁਰਦੀ। ਕਿੰਨੇ ਅਸੰਵੇਦਨਸ਼ੀਲ ਹੋ ਗਏ ਹਾਂ ਅਸੀਂ? ਦਸ ਲੱਖ ਮੌਤਾਂ, ਡੇਢ ਸੌ ਕਰੋੜ ਲੋਕਾਂ ਦਾ ਤਬਾਦਲਾ। ਉਸ ਵੇਲੇ ਨੂੰ ਯਾਦ ਕਰਕੇ ਅੱਖਾਂ ਬੰਦ ਕਰਕੇ, ਮੌਨ ਧਾਰ ਕੇ, ਉਨ੍ਹਾਂ ਪਲਾਂ ਦੇ ਰੂ-ਬ-ਰੂ ਹੋ ਕੇ ਉਸ ਵੇਲੇ ਦੇ ਦਰਿੰਦਿਆਂ ਨੂੰ, ਸਿਆਸੀ ਆਗੂਆਂ ਨੂੰ, ਫਿਰਕਾਪ੍ਰਸਤਾਂ ਨੂੰ ਲਾਹਣਤਾਂ ਪਾਉਣ ਤੋਂ ਸਵਿਾ ਹੋਰ ਕੁਝ ਨਹੀਂ ਸੁੱਝਦਾ। ਜਨਿ੍ਹਾਂ ਨੌਜਵਾਨਾਂ ਵਿਚੋਂ ਅਸੀਂ ਭਗਤ ਸਿੰਘ ਅਤੇ ਸਰਾਭੇ ਬਣਨ ਦੀ ਤਵੱਕੋ ਕਰਦੇ ਹਾਂ, ਉਹ ਤਾਂ ‘ਬਾਪੂ ਉੱਡਦੇ ਆਸਰੇ ਤੇਰੇ।’ ਆਈਲੈਟਸ ਕਰਕੇ ਜਹਾਜ਼ ਚੜ੍ਹ ਗਏ ਤੇ ਹੁਣ ਵਿਦੇਸ਼ਾਂ ਦੀਆਂ ਬੇਸਮੈਟਾਂ ਵਿਚ ਇਨਕਲਾਬੀ ਮੀਟਿੰਗਾਂ ਦੀ ਥਾਂ, ਨੌਕਰੀਆਂ ਲੈਣ ਲਈ ਲਾਈਨਾਂ ਵਿਚ ਖੜ੍ਹੇ ਹਨ।
ਮੋਗੇ ਦੀ ਭਗਤ ਸਿੰਘ ਪਾਰਕ ਵਿਚ ਖੜ੍ਹਾ ਹਾਂ। ਉਸ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਕੁਝ ਅਧਖੜ, ਕੁਝ ਬਜ਼ੁਰਗ ਖੜ੍ਹੇ ਹਨ। ਪੌੜੀ ਉੱਪਰ ਚੜ੍ਹ ਕੇ ਭਗਤ ਸਿੰਘ ਦੇ ਗਲੇ ਵਿਚ ਹਾਰ ਪਾਉਣ ਦੀ ਕਿਸੇ ਵਿਚ ਵੀ ਹਿੰਮਤ ਨਹੀਂ ਹੈ। ਚੁਫੇਰੇ ਮਾਰਕੀਟ ਵਿਚ ਆਈਲੈਟਸ ਸੈਂਟਰ ਦੇ ਬੋਰਡ ਚਮਕ ਰਹੇ ਹਨ। ਵਧੇਰੇ ਨੌਜਵਾਨ ਉਨ੍ਹਾਂ ਕੇਂਦਰਾਂ ਅੰਦਰ ਬਾਹਰ (ਵਿਦੇਸ਼) ਜਾਣ ਲਈ ਆਈਲੈਟਸ ਦੀ ਪੌੜੀ ਚੜ੍ਹਨ ਲਈ ਅੰਗਰੇਜ਼ੀ ਭਾਸ਼ਾ ਦੀ ਮਹਾਰਤ ਹਾਸਿਲ ਕਰ ਰਹੇ ਹਨ। ਸ਼ਿਫਟਾਂ ਲੱਗਦੀਆਂ ਹਨ। ਨੌਜਵਾਨਾਂ ਦੀ ਭੀੜ ਇਕ ਕੇਂਦਰ ਵਿਚੋਂ ਬਾਹਰ ਨਿਕਲੀ ਤਾਂ ਹੱਥਾਂ ਵਿਚ ਹਾਰ ਫੜੀ ਬਜ਼ੁਰਗਾਂ ਦੀਆਂ ਅੱਖਾਂ ਚਮਕ ਉੱਠੀਆਂ, ਪਰ ਕੋਈ ਵੀ ਨੌਜਵਾਨ ਇੱਧਰ ਨਹੀਂ ਆਇਆ। ਨਾ ਕਿਸੇ ਕੋਲ ਭਗਤ ਸਿੰਘ ਜਿਹੀ ਸੋਚ ਹੈ, ਨਾ ਭਗਤ ਸਿੰਘ ਜਿਹਾ ਸਿਰ ਹੈ। ਸਭਨਾਂ ਦੇ ਸਿਰਾਂ ਵਿਚ ‘ਬੈਂਡ’ ਬੈਂਡ ਵਜਾ ਰਹੇ ਹਨ। ਨਿਰਾਸ਼ ਹੋਏ ਬਜ਼ੁਰਗ ਹੱਥਾਂ ਵਿਚ ਫੜੇ ਹਾਰ ਭਗਤ ਸਿੰਘ ਦੇ ਪੈਰਾਂ ਵਿਚ ਰੱਖ ਕੇ ਚਲੇ ਗਏ।
ਸੰਪਰਕ: 98147-83069