ਨੇਹਾ ਧੂਪੀਆ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ
ਮੁੰਬਈ:
ਅਦਾਕਾਰਾ ਨੇਹਾ ਧੂਪੀਆ ਨੇ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਸ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ’ਤੇ ਇਸ ਯਾਤਰਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਉਸ ਨੇ ਗੁਲਾਬੀ-ਸਫੈਦ ਰੰਗ ਦਾ ਸੂਟ ਪਾਇਆ ਹੋਇਆ ਸੀ। ਤਸਵੀਰਾਂ ਸਾਂਝੀਆਂ ਕਰਦਿਆਂ ਉਸ ਨੇ ਲਿਖਿਆ ਹੈ, ‘ਅਰਦਾਸ...ਸਬਰ...ਸ਼ੁਕਰਾਨਾ।’ ਜਿਵੇਂ ਹੀ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਉਸ ਦੇ ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ ਜੋ ਹਾਰਟ ਦੀ ਇਮੋਜੀ ਨਾਲ ਭਰਪੂਰ ਸਨ। ਜ਼ਿਕਰਯੋਗ ਹੈ ਕਿ ਹੁਣੇ ਜਿਹੇ ਨੇਹਾ ਫ਼ਿਲਮ ਨਿਰਮਾਤਾ ਕਰਨ ਜੌਹਰ ਦੇ ਜਨਮ ਦਿਨ ਵਾਲੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਇੰਸਟਾਗ੍ਰਾਮ ’ਤੇ ਉਸ ਨੇ ਆਪਣੀ, ਪਤੀ ਅੰਗਦ ਬੇਦੀ, ਕਰਨ ਜੌਹਰ, ਵਰੁਣ ਧਵਨ, ਨਤਾਸ਼ਾ ਦਲਾਲ, ਕੁਨਾਲ ਖੇਮੂ, ਸੋਹਾ ਅਲੀ ਖ਼ਾਨ ਦੀ ਇੱਕ ਗੁਰੱਪ ਫੋਟੋ ਵੀ ਸਾਂਝੀ ਕੀਤੀ ਹੈ। ਤਸਵੀਰ ਨਾਲ ਉਸ ਨੇ ਲਿਖਿਆ ਹੈ, ‘ਸਾਡੇ ਦੋ ਅਨਮੋਲ ਬਰਥਡੇਅ ਬੁਆਏ.... ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਾਂ। ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਕਰਨ ਜੌਹਰ ਅਤੇ ਕੁਨਾਲ ਖੇਮੂ।’ ਅਦਾਕਾਰਾ ਨੇਹਾ ਗੁਲਸ਼ਨ ਦਵੀਆ ਨਾਲ ਵੈੱਬ ਸੀਰੀਜ਼ ‘ਥੈਰੇਪੀ ਸ਼ੈਰੇਪੀ’ ਵਿੱਚ ਨਜ਼ਰ ਆਵੇਗੀ। ਅਦਾਕਾਰਾ ਇੱਕ ਕੌਮੀ ਪ੍ਰਾਜੈਕਟ ‘ਬਲਿਊ 52’ ਵਿੱਚ ਵੀ ਦਿਖਾਈ ਦੇਵੇਗੀ। ਇਸ ਪ੍ਰਾਜੈਕਟ ਦਾ ਨਿਰਦੇਸ਼ਨ ਮਿਸਰ ਦੇ ਫ਼ਿਲਮ ਨਿਰਮਾਤਾ ਅਲੀ ਏਲ ਅਰਬੀ ਨੇ ਕੀਤਾ ਹੈ। -ਏਐੱਨਆਈ