ਨੀਟ-ਯੂਜੀ: ਸੁਪਰੀਮ ਕੋਰਟ ਵੱਲੋਂ ਪ੍ਰੀਖਿਆ ਰੱਦ ਕਰ ਕੇ ਮੁੜ ਕਰਾਉਣ ਤੋਂ ਇਨਕਾਰ
* ਅਖ਼ੀਰ ਸੱਚ ਦੀ ਜਿੱਤ ਹੋਈ: ਧਰਮੇਂਦਰ ਪ੍ਰਧਾਨ
ਨਵੀਂ ਦਿੱਲੀ, 23 ਜੁਲਾਈ
ਸੁਪਰੀਮ ਕੋਰਟ ਨੇ ਵਿਵਾਵਾਂ ਨਾਲ ਘਿਰੀ ਨੀਟ-ਯੂਜੀ 2024 ਪ੍ਰੀਖਿਆ ਨੂੰ ਰੱਦ ਕਰਨ ਅਤੇ ਮੁੜ ਤੋਂ ਕਰਵਾਉਣ ਦੀ ਮੰਗ ਵਾਲੀਆਂ ਪਟੀਸ਼ਨਾਂ ਨੂੰ ਅੱਜ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਪ੍ਰਸ਼ਨ ਪੱਤਰ ਦੇ ਯੋਜਨਾਬੱਧ ਢੰਗ ਨਾਲ ਲੀਕ ਹੋਣ ਅਤੇ ਹੋਰ ਗੜਬੜਾਂ ਨੂੰ ਦਰਸਾਉਣ ਵਾਲਾ ਕੋਈ ਡੇਟਾ ਰਿਕਾਰਡ ਵਿੱਚ ਨਹੀਂ ਹੈ। ਉੱਧਰ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੁਪਰੀਮ ਕੋਰਟ ਦੇ ਫੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਮੈਡੀਕਲ ਦਾਖਲਾ ਪ੍ਰੀਖਿਆ ਦੇ ਅੰਤਿਮ ਨਤੀਜੇ ਦੋ ਦਿਨਾਂ ਦੇ ਅੰਦਰ ਐਲਾਨ ਦਿੱਤੇ ਜਾਣਗੇ।
ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕੇਂਦਰ ਅਤੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੇ ਸੀਨੀਅਰ ਵਕੀਲਾਂ ਨਰੇਂਦਰ ਹੁੱਡਾ, ਸੰਜੇ ਹੇਗੜੇ ਅਤੇ ਮੈਥਿਊਜ਼ ਨੇਦੂਮਪਰਾ ਸਣੇ ਵੱਖ-ਵੱਖ ਵਕੀਲਾਂ ਦੀਆਂ ਦਲੀਲਾਂ ਤਕਰੀਬਨ ਚਾਰ ਦਿਨਾਂ ਤੱਕ ਸੁਣੀਆਂ। ਬੈਂਚ ਨੇ 20 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਦਾ ਪ੍ਰਭਾਵੀ ਹਿੱਸਾ ਲਿਖਿਆ ਅਤੇ ਕਿਹਾ ਕਿ ਵਿਸਥਾਰ ਵਿੱਚ ਫੈਸਲਾ ਬਾਅਦ ਵਿੱਚ ਸੁਣਾਇਆ ਜਾਵੇਗਾ। ਚੀਫ ਜਸਟਿਸ ਨੇ ਕਿਹਾ, ‘‘ਇਹ ਨਤੀਜਾ ਕੱਢਣ ਲਈ ਕੋਈ ਡੇਟਾ ਨਹੀਂ ਹੈ ਕਿ ਨੀਟ-ਯੂਜੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਗੜਬੜ ਹੋਈ ਹੈ ਜਾਂ ਇਸ ਵਿੱਚ ਯੋਜਨਾਬੱਧ ਢੰਗ ਨਾਲ ਕੋਈ ਉਲੰਘਣਾ ਹੋਈ ਹੈ।’’ ਹਾਲਾਂਕਿ, ਬੈਂਚ ਨੇ ਕਿਹਾ ਕਿ ਪ੍ਰਸ਼ਨ ਪੱਤਰ ਲੀਕ ਦੀ ਘਟਨਾ ਹਜ਼ਾਰੀਬਾਗ ਅਤੇ ਪਟਨਾ ਵਿੱਚ ਹੋਈ ਸੀ -ਇਹ ਤੱਥ ਵਿਵਾਦ ਦਾ ਵਿਸ਼ਾ ਨਹੀਂ ਹੈ। ਐੱਨਟੀਏ ਅਤੇ ਕੇਂਦਰੀ ਸਿੱਖਿਆ ਮੰਤਰਾਲੇ 5 ਮਈ ਨੂੰ ਹੋਈ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਸਣੇ ਵੱਡੀ ਪੱਧਰ ’ਤੇ ਕਥਿਤ ਗੜਬੜ ਨੂੰ ਲੈ ਕੇ ਨਿਸ਼ਾਨੇ ’ਤੇ ਹੈ। ਐੱਨਟੀਏ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਮੈਡੀਕਲ ਸਬੰਧੀ ਪਾਠਕ੍ਰਮਾਂ ’ਚ ਦਾਖ਼ਲੇ ਲਈ ਕੌਮੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ-ਅੰਡਰ ਗ੍ਰੈਜੂਏਟ (ਨੀਟ-ਯੂਜੀ) ਪ੍ਰੀਖਿਆ ਕਰਵਾਉਂਦੀ ਹੈ। 5 ਮਈ ਨੂੰ 571 ਸ਼ਹਿਰਾਂ ਦੇ 4750 ਕੇਂਦਰਾਂ ’ਤੇ 23.33 ਲੱਖ ਵਿਦਿਆਰਥੀਆਂ ਨੇ ਨੀਟ-ਯੂਜੀ 2024 ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਸ਼ਹਿਰਾਂ ਵਿੱਚ 14 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਸਨ। -ਪੀਟੀਆਈ
ਚੀਫ ਜਸਟਿਸ ਤੇ ਵਕੀਲ ਵਿਚਾਲੇ ਤਿੱਖੀ ਬਹਿਸ
ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਨੀਟ-ਯੂਜੀ 2024 ਦੇ ਮਾਮਲੇ ਦੀ ਚੱਲ ਰਹੀ ਸੁਣਵਾਈ ਦੌਰਾਨ ਅੱਜ ਚੀਫ ਜਸਟਿਸ ਡੀਵਾਈ ਚੰਦਰਚੂੜ ਅਤੇ ਉੱਚੀ ਸੁਰ ਵਿੱਚ ਬੋਲਣ ਵਾਲੇ ਇਕ ਵਕੀਲ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਇਸ ਦੌਰਾਨ ਚੀਫ ਜਸਟਿਸ ਨੇ ਵਕੀਲ ਨੂੰ ਚਿਤਾਵਨੀ ਦਿੱਤੀ ਕਿ ਉਹ ਉਸ ਨੂੰ ਅਦਾਲਤ ’ਚੋਂ ਬਾਹਰ ਕਢਵਾ ਦੇਣਗੇ। ਵਕੀਲ ਦੇ ਵਿਹਾਰ ਤੋਂ ਖ਼ਫਾ ਹੋਏ ਚੀਫ ਜਸਟਿਸ ਨੇ ਕਿਹਾ ਕਿ ਉਹ ਕਿਸੇ ਵੀ ਵਕੀਲ ਨੂੰ ਅਦਾਲਤ ਦੀ ਕਾਰਵਾਈ ਨੂੰ ਮਨਮਰਜ਼ੀ ਨਾਲ ਚਲਾਉਣ ਦੀ ਇਜਾਜ਼ਤ ਨਹੀਂ ਦੇਣਗੇ। ਚੀਫ ਜਸਟਿਸ ਨੇ ਕੁਝ ਪਟੀਸ਼ਨਰਾਂ ਦੇ ਵਕੀਲ ਮੈਥਿਊਜ਼ ਜੇ ਨੇਦੂਮਪਰਾ ਦੀ ਉਸ ਵੇਲੇ ਖਿਚਾਈ ਕਰ ਦਿੱਤੀ ਜਦੋਂ ਉਹ ਵਾਰ-ਵਾਰ ਦਲੀਲ ਦੇਣ ਦੀ ਇਜਾਜ਼ਤ ਮੰਗ ਰਿਹਾ ਸੀ। ਹਾਲਾਂਕਿ, ਉਸ ਵੇਲੇ ਪਟੀਸ਼ਨਰਾਂ ਦੇ ਮੁੱਖ ਸੀਨੀਅਰ ਵਕੀਲ ਨਰੇਂਦਰ ਹੁੱਡਾ ਆਪਣੀ ਦਲੀਲ ਸ਼ੁਰੂ ਕਰਨ ਜਾ ਰਹੇ ਸਨ। ਜਸਟਿਸ ਚੰਦਰਚੂੜ ਨੇ ਨੇਦੂਮਪਰਾ ਨੂੰ ਕਿਹਾ ਕਿ ਹੁੱਡਾ ਵੱਲੋਂ ਦਲੀਲਾਂ ਖ਼ਤਮ ਕੀਤੇ ਜਾਣ ਤੋਂ ਬਾਅਦ ਬੈਂਚ ਉਨ੍ਹਾਂ ਨੂੰ ਬੋਲਣ ਦਾ ਸਮਾਂ ਦੇ ਦੇਵੇਗਾ। ਚੀਫ ਜਸਟਿਸਸ ਨੇ ਨਾਲ ਹੀ ਗੁੱਸੇ ਵਿੱਚ ਕਿਹਾ ‘‘ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ। ਤੁਸੀਂ, ਕ੍ਰਿਪਾ ਕਰ ਕੇ ਬੈਠ ਜਾਓ, ਨਹੀਂ ਤਾਂ ਮੈਨੂੰ ਤੁਹਾਨੂੰ ਅਦਾਲਤ ’ਚੋਂ ਬਾਹਰ ਕਢਵਾਉਣਾ ਪਵੇਗਾ।’’ -ਪੀਟੀਆਈ