ਨੀਟ-ਯੂਜੀ: ਕੇਂਦਰ ਤੇ ਐੱਨਟੀਏ ਤੋਂ ਜਵਾਬ ਤਲਬ
ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਨੀਟ-ਯੂਜੀ 2024 ’ਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਅੱਜ ਕੇਂਦਰ ਤੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਤੋਂ ਜਵਾਬ ਮੰਗਿਆ ਹੈ। ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਵੈਕੇਸ਼ਨ ਬੈਂਚ ਨੇ ਸੀਬੀਆਈ ਤੇ ਬਿਹਾਰ ਸਰਕਾਰ ਤੋਂ ਵੀ ਦੋ ਹਫ਼ਤਿਆਂ ਅੰਦਰ ਜਵਾਬ ਤਲਬ ਕੀਤਾ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਵੱਖ ਵੱਖ ਹਾਈ ਕੋਰਟਾਂ ’ਚ ਇਸ ਸਬੰਧੀ ਪੈਂਡਿੰਗ ਕੇਸਾਂ ਨੂੰ ਸਿਖਰਲੀ ਅਦਾਲਤ ’ਚ ਤਬਦੀਲ ਕਰਨ ਦੀ ਮੰਗ ਵਾਲੀ ਐੱਨਟੀਏ ਦੀ ਪਟੀਸ਼ਨ ’ਤੇ ਵੀ ਨਿੱਜੀ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਵੈਕੇਸ਼ਨ ਬੈਂਚ ਹਿਤੇਨ ਸਿੰਘ ਕਸ਼ਯਪ ਵੱਲੋਂ ਦਾਇਰ ਸੀਬੀਆਈ ਜਾਂਚ ਸਬੰਧੀ ਜਨਤਕ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਬੈਂਚ ਨੇ ਕਿਹਾ ਕਿ ਹੋਰ ਪੈਂਡਿੰਗ ਪਟੀਸ਼ਨਾਂ ਨਾਲ ਇਸ ਪਟੀਸ਼ਨ ’ਤੇ 8 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ ਜਦੋਂ ਸੁਪਰੀਮ ਕੋਰਟ ’ਚ ਗਰਮੀ ਦੀਆਂ ਛੁੱਟੀਆਂ ਮਗਰੋਂ ਕੰਮਕਾਰ ਸ਼ੁਰੂ ਹੋਵੇਗਾ। ਕੇਂਦਰ ਤੇ ਐੱਨਟੀਏ ਨੇ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ ਐੱਮਬੀਬੀਐੱਸ ਅਤੇ ਅਜਿਹੇ ਹੋਰ ਕੋਰਸਾਂ ’ਚ ਦਾਖਲੇ ਲਈ ਪ੍ਰੀਖਿਆ ਦੇਣ ਵਾਲੇ 1563 ਉਮੀਦਵਾਰਾਂ ਨੂੰ ਦਿੱਤੇ ਗਏ ਗਰੇਸ ਅੰਕ ਰੱਦ ਕਰ ਦਿੱਤੇ ਹਨ। ਇਸੇ ਦੌਰਾਨ ਬੈਂਚ ਨੇ ਐੱਨਟੀਏ ਦੇ ਵਕੀਲ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਵੱਖ ਵੱਖ ਹਾਈ ਕੋਰਟਾਂ ’ਚ ਕਈ ਪਟੀਸ਼ਨਾਂ ਪੈਂਡਿੰਗ ਹਨ ਜਿਨ੍ਹਾਂ ’ਚ ਨੀਟ-ਯੂਜੀ 2024 ਨੂੰ ਪ੍ਰਸ਼ਨ ਪੱਤਰ ਲੀਕ ਹੋਣ ਤੇ ਹੋਰ ਗੜਬੜੀਆਂ ਦੇ ਦੋਸ਼ਾਂ ਹੇਠ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਨੋਟਿਸ ਜਾਰੀ ਕਰਕੇ ਹੁਕਮ ਦਿੱਤਾ ਅੱਠ ਜੁਲਾਈ ਨੂੰ ਇਸ ’ਤੇ ਸੁਣਵਾਈ ਹੋਵੇਗੀ। -ਪੀਟੀਆਈ