ਪ੍ਰੀਖਿਆ ਸੁਧਾਰ ਬਾਰੇ ਕੇਂਦਰ ਦੀ ਕਮੇਟੀ ਨੇ ਹਿੱਤਧਾਰਕਾਂ ਕੋਲੋਂ 7 ਜੁਲਾਈ ਤੱਕ ਸੁਝਾਅ ਮੰਗੇ
02:45 PM Jun 28, 2024 IST
Advertisement
ਨਵੀਂ ਦਿੱਲੀ, 28 ਜੂਨ
ਪ੍ਰੀਖਿਆ ਸੁਧਾਰ ਬਾਰੇ ਕੇਂਦਰ ਦੀ ਉੱਚ ਤਾਕਤੀ ਕਮੇਟੀ ਨੇ ਵਿਦਿਆਰਥੀਆਂ ਤੇ ਮਾਪਿਆਂ ਸਣੇ ਹਿੱਤਧਾਰਕਾਂ ਕੋਲੋਂ 7 ਜੁਲਾਈ ਤੱਕ ਸੁਝਾਅ ਅਤੇ ਪ੍ਰਤੀਕਿਰਿਆਵਾਂ ਮੰਗੀਆਂ ਹਨ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰੀਖਿਆਵਾਂ ਵਿੱਚ ਕਥਿਤ ਅਨਿਯਮਤਾਵਾਂ ਨੂੰ ਲੈ ਕੇ ਉੱਠਦੇ ਵਿਵਾਦ ਵਿਚਾਲੇ ਇਸਰੋ ਦੇ ਸਾਬਕਾ ਮੁਖੀ ਆਰ ਰਾਧਾਕ੍ਰਿਸ਼ਨਨ ਦੀ ਪ੍ਰਧਾਨਗੀ ਵਾਲੀ ਕਮੇਟੀ ਨੂੰ ਪ੍ਰੀਖਿਆ ਪ੍ਰਕਿਰਿਆ ਵਿੱਚ ਸੁਧਾਰ ਕਰਨ ਬਾਰੇ ਸਿਫਾਰਸ਼ਾਂ ਦੇਣ, ਡੇਟਾ ਸੁਰੱਖਿਆ ਦੇ ਪ੍ਰੋਟੋਕਾਲ ਦਾ ਵਿਸਤਾਰ ਕਰਨ ਅਤੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਦੇ ਢਾਂਚੇ ਤੇ ਕਾਰਜਾਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸਿੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਮੇਟੀ ਹਿੱਤਧਾਰਕਾਂ ਤੋਂ, ਖਾਸ ਕਰ ਕੇ ਵਿਦਿਆਰਥੀਆਂ ਤੇ ਮਾਪਿਆਂ ਕੋਲੋਂ 27 ਜੂਨ ਤੋਂ 7 ਜੁਲਾਈ ਤੱਕ ਸੁਝਾਅ ਅਤੇ ਵਿਚਾਰ ਸੱਦ ਰਹੀ ਹੈ। ਮਾਈ ਜੀਓਵੀ ਪਲੈਟਫਾਰਮ ਦਾ ਇਸਤੇਮਾਲ ਕਰ ਕੇ ਵੀ ਸੁਝਾਅ ਦਿੱਤੇ ਜਾ ਸਕਦੇ ਹਨ।’’ -ਪੀਟੀਆਈ
Advertisement
Advertisement