ਨੀਟ-ਯੂਜੀ: ਆਈਆਈਟੀ ਦਿੱਲੀ ਨੂੰ ਮਾਹਿਰਾਂ ਦੀ ਟੀਮ ਬਣਾਉਣ ਦੇ ਨਿਰਦੇਸ਼
* ਬੈਂਚ ਨੇ ਝੱਜਰ ਦੇ ਪ੍ਰੀਖਿਆ ਕੇਂਦਰ ’ਚ ਖਾਸ ਵਿਦਿਆਰਥੀਆਂ ਨੂੰ ਗਰੇਸ ਅੰਕ ਅਤੇ ਵਾਧੂ ਸਮਾਂ ਦਿੱਤੇ ਜਾਣ ’ਤੇ ਸਵਾਲ ਖੜ੍ਹੇ ਕੀਤੇ
* ‘ਸਿਰਫ਼ ਪਟਨਾ ਅਤੇ ਹਜ਼ਾਰੀਬਾਗ ’ਚ ਗੜਬੜੀ ਦੇ ਕੁਝ ਮਾਮਲੇ ਸਾਹਮਣੇ ਆਏ’
ਨਵੀਂ ਦਿੱਲੀ, 22 ਜੁਲਾਈ
ਸੁਪਰੀਮ ਕੋਰਟ ਨੇ ਵਿਵਾਦਾਂ ’ਚ ਘਿਰੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ 2024 ਨਾਲ ਜੁੜੀਆਂ ਅਰਜ਼ੀਆਂ ’ਤੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਆਈਆਈਟੀ-ਦਿੱਲੀ ਦੇ ਡਾਇਰੈਕਟਰ ਨੂੰ ਤਿੰਨ ਮਾਹਿਰਾਂ ਦੀ ਟੀਮ ਬਣਾ ਕੇ ਪ੍ਰੀਖਿਆ ’ਚ ਪੁੱਛੇ ਗਏ ਇਕ ਖਾਸ ਸਵਾਲ ’ਤੇ ਵਿਚਾਰ ਕਰਨ ਲਈ ਕਿਹਾ ਹੈ। ਸਿਖਰਲੀ ਅਦਾਲਤ ਨੇ ਉਨ੍ਹਾਂ ਨੂੰ ਮੰਗਲਵਾਰ ਦੁਪਹਿਰ ਤੱਕ ਠੀਕ ਜਵਾਬ ਸਬੰਧੀ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ। ਸੁਪਰੀਮ ਕੋਰਟ ਨੇ ਕੁਝ ਉਮੀਦਵਾਰਾਂ ਦੀ ਉਸ ਦਲੀਲ ’ਤੇ ਵਿਚਾਰ ਕੀਤਾ ਕਿ ਪਰਮਾਣੂ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਨਾਲ ਸਬੰਧਤ ਇਕ ਸਵਾਲ ਦੇ ਦੋ ਠੀਕ ਜਵਾਬ ਸਨ ਅਤੇ ਪ੍ਰੀਖਿਆਰਥੀਆਂ ਦੇ ਇਕ ਗਰੁੱਪ, ਜਿਨ੍ਹਾਂ ਦੋ ’ਚੋਂ ਇਕ ਖਾਸ ਉੱਤਰ ਦਿੱਤਾ ਸੀ, ਨੂੰ ਚਾਰ ਅੰਕ ਦਿੱਤੇ ਗਏੇ ਸਨ। ਅਰਜ਼ੀਕਾਰਾਂ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਅੱਗੇ ਦਲੀਲ ਦਿੱਤੀ ਕਿ ਇਸ ਦਾ ਸਫਲ ਉਮੀਦਵਾਰਾਂ ਦੀ ਅੰਤਿਮ ਮੈਰਿਟ ਸੂਚੀ ’ਤੇ ਅਹਿਮ ਅਸਰ ਪਵੇਗਾ।
ਸਬੰਧਤ ਸਵਾਲ ਦਾ ਹਵਾਲਾ ਦਿੰਦਿਆਂ ਬੈਂਚ ਨੇ ਕਿਹਾ, ‘‘ਜਿਵੇਂ ਕਿ ਸਵਾਲ ’ਚ ਦਰਸਾਇਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਆਪਣੇ ਜਵਾਬ ਲਈ ਇਕ ਬਦਲ ਨੂੰ ਚੁਣਨਾ ਸੀ। ਠੀਕ ਜਵਾਬ ਦੇ ਸਬੰਧ ’ਚ ਇਸ ਮੁੱਦੇ ਨੂੰ ਹੱਲ ਕਰਨ ਲਈ ਸਾਡਾ ਵਿਚਾਰ ਹੈ ਕਿ ਆਈਆਈਟੀ-ਦਿੱਲੀ ਦੇ ਡਾਇਰੈਕਟਰ ਤੋਂ ਸਬੰਧਤ ਵਿਸ਼ੇ ਦੇ ਤਿੰਨ ਮਾਹਿਰਾਂ ਦੀ ਇਕ ਟੀਮ ਬਣਾਉਣ ਦੀ ਬੇਨਤੀ ਕਰਦੇ ਹਾਂ। ਡਾਇਰੈਕਟਰ ਵੱਲੋਂ ਬਣਾਈ ਗਈ ਮਾਹਿਰਾਂ ਦੀ ਟੀਮ ਨੂੰ ਅਪੀਲ ਹੈ ਕਿ ਉਹ ਠੀਕ ਬਦਲ ਬਾਰੇ ਆਪਣੀ ਰਾਏ ਤਿਆਰ ਕਰਨ ਅਤੇ ਭਲਕੇ (ਮੰਗਲਵਾਰ) ਦੁਪਹਿਰ 12 ਵਜੇ ਤੱਕ ਰਜਿਸਟਰਾਰ ਨੂੰ ਇਹ ਭੇਜਣ।’’ ਬੈਂਚ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਿਹਾ ਕਿ ਉਹ ਆਈਆਈਟੀ-ਦਿੱਲੀ ਦੇ ਡਾਇਰੈਕਟਰ ਨੂੰ ਹੁਕਮਾਂ ਤੋਂ ਜਾਣੂ ਕਰਾਉਣ। ਬੈਂਚ ਵੱਲੋਂ ਵਿਵਾਦਾਂ ’ਚ ਘਿਰੀ ਮੈਡੀਕਲ ਦਾਖ਼ਲਾ ਪ੍ਰੀਖਿਆ ਨਾਲ ਸਬੰਧਤ ਅਰਜ਼ੀਆਂ ’ਤੇ ਮੰਗਲਵਾਰ ਨੂੰ ਵੀ ਸੁਣਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਦਿਨ ਵੇਲੇ ਬੈਂਚ ਨੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਪ੍ਰੀਖਿਆ ’ਚ ਪੂਰੇ ਪ੍ਰਬੰਧ ਦੀ ਨਾਕਾਮੀ ਬਾਰੇ ਆਪਣਾ ਪੱਖ ਰੱਖਣ। ਉਨ੍ਹਾਂ ਪ੍ਰਸ਼ਨ ਪੱਤਰ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਲੀਕ ਹੋਣ ਸਬੰਧੀ ਡੇਟਾ ਵੀ ਪੇਸ਼ ਕਰਨ ਲਈ ਕਿਹਾ। ਪੇਪਰ ਲੀਕ ਵੱਡੇ ਪੱਧਰ ’ਤੇ ਹੋਣ ਬਾਰੇ ਕੋਈ ਰਿਕਾਰਡ ਨਾ ਹੋਣ ’ਤੇ ਬੈਂਚ ਨੇ ਕਿਹਾ ਕਿ ਪਟਨਾ ਅਤੇ ਹਜ਼ਾਰੀਬਾਗ ’ਚ ਕੁਝ ਗੜਬੜੀਆਂ ਦੇ ਮਾਮਲੇ ਮਿਲੇ ਹਨ ਪਰ ਇਸ ਤੋਂ ਸੰਕੇਤ ਨਹੀਂ ਮਿਲਦਾ ਹੈ ਕਿ ਪੂਰੇ ਪ੍ਰਬੰਧ ਦੇ ਪੱਧਰ ’ਤੇ ਨਾਕਾਮੀ ਹੋਈ ਹੈ। ਸਿਖਰਲੀ ਅਦਾਲਤ ਨੇ ਝੱਜਰ (ਹਰਿਆਣਾ) ਦੇ ਪ੍ਰੀਖਿਆ ਕੇਂਦਰਾਂ ’ਚ ਖਾਸ ਵਿਦਿਆਰਥੀਆਂ ਨੂੰ ਗਰੇਸ ਅੰਕ ਅਤੇ ਵਾਧੂ ਸਮਾਂ ਦਿੱਤੇ ਜਾਣ ’ਤੇ ਵੀ ਸਵਾਲ ਖੜ੍ਹੇ ਕੀਤੇ। -ਪੀਟੀਆਈ