For the best experience, open
https://m.punjabitribuneonline.com
on your mobile browser.
Advertisement

ਨੀਟ-ਯੂਜੀ: ਕੇਂਦਰ ਤੇ ਐੱਨਟੀਏ ਵੱਲੋਂ ਪ੍ਰੀਖਿਆ ਰੱਦ ਕਰਨ ਦੀ ਮੰਗ ਦਾ ਵਿਰੋਧ

06:43 AM Jul 06, 2024 IST
ਨੀਟ ਯੂਜੀ  ਕੇਂਦਰ ਤੇ ਐੱਨਟੀਏ ਵੱਲੋਂ ਪ੍ਰੀਖਿਆ ਰੱਦ ਕਰਨ ਦੀ ਮੰਗ ਦਾ ਵਿਰੋਧ
Advertisement

ਨਵੀਂ ਦਿੱਲੀ, 5 ਜੁਲਾਈ
ਕੇਂਦਰ ਸਰਕਾਰ ਅਤੇ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਸੁਪਰੀਮ ਕੋਰਟ ’ਚ ਕਿਹਾ ਹੈ ਕਿ ਵਿਵਾਦਾਂ ’ਚ ਘਿਰੀ ਨੀਟ-ਯੂਜੀ, 2024 ਪ੍ਰੀਖਿਆ ਰੱਦ ਕਰਨਾ ਜਾਇਜ਼ ਕਦਮ ਨਹੀਂ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਲੱਖਾਂ ਇਮਾਨਦਾਰ ਵਿਦਿਆਰਥੀਆਂ ਦੇ ਭਵਿੱਖ ਲਈ ‘ਗੰਭੀਰ ਖ਼ਤਰਾ’ ਖੜ੍ਹਾ ਹੋ ਜਾਵੇਗਾ ਜੋ ਪ੍ਰੀਖਿਆ ’ਚ ਸ਼ਾਮਲ ਹੋਏ ਸਨ। ਕੇਂਦਰ ਅਤੇ ਐੱਨਟੀਏ ਨੇ ਇਸ ਸਬੰਧ ਵਿੱਚ ਵੱਖੋ-ਵੱਖਰੇ ਹਲਫ਼ਨਾਮੇ ਦਾਖ਼ਲ ਕੀਤੇ।
ਵਿਵਾਦਤ ਨੀਟ ਪ੍ਰੀਖਿਆ ਰੱਦ ਕਰਕੇ ਮੁੜ ਕਰਾਉਣ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਾਉਣ ਦੀ ਅਪੀਲ ਵਾਲੀਆਂ ਵੱਖ ਵੱਖ ਅਰਜ਼ੀਆਂ ’ਤੇ ਕੇਂਦਰੀ ਸਿੱਖਿਆ ਮੰਤਰਾਲੇ ਅਤੇ ਐੱਨਟੀਏ ਨੇ ਕਿਹਾ ਕਿ ਪ੍ਰੀਖਿਆ ’ਚ ਵੱਡੇ ਪੱਧਰ ’ਤੇ ਗੜਬੜੀ ਦਾ ਕੋਈ ਸਬੂਤ ਨਹੀਂ ਹੈ। ਸਿੱਖਿਆ ਮੰਤਰਾਲੇ ਦੇ ਇਕ ਡਾਇਰੈਕਟਰ ਵੱਲੋਂ ਦਾਖ਼ਲ ਆਪਣੇ ਮੁੱਢਲੇ ਹਲਫ਼ਨਾਮੇ ’ਚ ਐੱਨਟੀਏ ਨੇ ਕਿਹਾ, ‘‘ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਪ੍ਰੀਖਿਆ ’ਚ ਵੱਡੇ ਪੱਧਰ ’ਤੇ ਉਲੰਘਣਾ ਦਾ ਕੋਈ ਸਬੂਤ ਨਾ ਹੋਣ ’ਤੇ ਪੂਰੀ ਪ੍ਰੀਖਿਆ ਅਤੇ ਪਹਿਲਾਂ ਤੋਂ ਐਲਾਨੇ ਨਤੀਜਿਆਂ ਨੂੰ ਰੱਦ ਕਰਨਾ ਜਾਇਜ਼ ਨਹੀਂ ਹੋਵੇਗਾ।’’ ਹਲਫ਼ਨਾਮੇ ’ਚ ਕਿਹਾ ਗਿਆ ਕਿ ਕਿਸੇ ਵੀ ਪ੍ਰੀਖਿਆ ’ਚ ਮੁਕਾਬਲੇਬਾਜ਼ੀ ਦੇ ਹੱਕ ਹੁੰਦੇ ਹਨ ਤਾਂ ਜੋ ਅਜਿਹੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਨੁਕਸਾਨ ਨਾ ਹੋਵੇ ਜੋ ਪ੍ਰੀਖਿਆ ’ਚ ਕੋਈ ਗਲਤ ਤਰੀਕਾ ਨਹੀਂ ਅਪਣਾਉਂਦੇ ਹਨ। ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਕੇਂਦਰ ਉਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਜੋ ਕੋਈ ਗ਼ੈਰਕਾਨੂੰਨੀ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਸਾਲਾਂ ਦੀ ਸਖ਼ਤ ਮਿਹਨਤ ਮਗਰੋਂ ਪ੍ਰੀਖਿਆ ’ਚ ਸ਼ਾਮਲ ਹੋਏ ਹਨ। ਇਸ ’ਚ ਕਿਹਾ ਗਿਆ, ‘‘ਸਾਬਿਤ ਤੱਥਾਂ ’ਤੇ ਆਧਾਰਿਤ ਅਸਲ ਫਿਕਰਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਬਿਨ੍ਹਾਂ ਕਿਸੇ ਤੱਥ ਦੇ ਸਿਰਫ਼ ਅੰਦਾਜ਼ਿਆਂ ’ਤੇ ਆਧਾਰਿਤ ਹੋਰ ਅਰਜ਼ੀਆਂ ਨੂੰ ਨਾਮਨਜ਼ੂਰ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਇਮਾਨਦਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗ਼ੈਰਲੋੜੀਂਦੇ ਦਰਦ ਦਾ ਸਾਹਮਣਾ ਨਾ ਕਰਨਾ ਪਵੇ।’’ ਵੱਖ ਵੱਖ ਅਰਜ਼ੀਆਂ ਦੇ ਜਵਾਬ ’ਚ ਐੱਨਟੀਏ ਨੇ ਕਿਹਾ ਕਿ ਬੇਨਿਯਮੀਆਂ, ਧੋਖਾਧੜੀ ਅਤੇ ਗੜਬੜੀਆਂ ਦੇ ਕੁਝ ਕਥਿਤ ਮਾਮਲੇ ਸਾਹਮਣੇ ਆਏ ਹਨ ਅਤੇ ਸਰਕਾਰ ਨੇ ਸੀਬੀਆਈ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਹੋਰ ਵੱਖ ਵੱਖ ਅਰਜ਼ੀਆਂ ’ਤੇ 8 ਜੁਲਾਈ ਨੂੰ ਸੁਣਵਾਈ ਕਰੇਗਾ। -ਪੀਟੀਆਈ

Advertisement

ਨੀਟ ਪੇਪਰ ਲੀਕ ਦਾ ਕੋਈ ਸਬੂਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰੋ: ਤੇਜਸਵੀ

ਪਟਨਾ: ਆਰਜੇਡੀ ਆਗੂ ਤੇਜਸਵੀ ਯਾਦਵ ਨੇ ਨੀਟ ਪੇਪਰ ਲੀਕ ਘੁਟਾਲੇ ਲਈ ਨਿਤੀਸ਼ ਕੁਮਾਰ ਸਰਕਾਰ ਵੱਲੋਂ ਉਸ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਹੁਕਮਰਾਨ ਐੱਨਡੀਏ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸ ਖ਼ਿਲਾਫ਼ ਕੋਈ ਸਬੂਤ ਹੈ ਤਾਂ ਉਹ ਉਸ ਨੂੰ ਗ੍ਰਿਫ਼ਤਾਰ ਕਰੇ। ਬਿਹਾਰ ’ਚ ਆਰਜੇਡੀ ਦੇ 28 ਸਾਲ ਪੂਰੇ ਹੋਣ ’ਤੇ ਕਰਵਾਏ ਗਏ ਸਮਾਗਮ ਦੌਰਾਨ ਤੇਜਸਵੀ ਨੇ ਇਹ ਟਿੱਪਣੀ ਕੀਤੀ। ਉਸ ਨੇ ਸਰਕਾਰ ’ਤੇ ਭ੍ਰਿਸ਼ਟਾਚਾਰ ਅਤੇ ਜੁਰਮਾਂ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਾਏ। ਤੇਜਸਵੀ ਨੇ ਕਿਹਾ ਕਿ ਸੂਬੇ ’ਚ ਪੇਪਰ ਲੀਕ ਹੋਵੇ, ਪੁਲ ਡਿੱਗਣ ਜਾਂ ਕਤਲ ਹੋਣ ਸਾਰਿਆਂ ਦੇ ਦੋਸ਼ ਉਨ੍ਹਾਂ ’ਤੇ ਮੜ੍ਹੇ ਜਾਂਦੇ ਹਨ। ‘ਦੋਸ਼ ਲਾਉਣ ਦੀ ਬਜਾਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੈਨੂੰ ਗ੍ਰਿਫ਼ਤਾਰ ਕਰੇ।’ -ਪੀਟੀਆਈ

Advertisement

ਨੀਟ-ਪੀਜੀ ਪ੍ਰੀਖਿਆ ਹੁਣ 11 ਅਗਸਤ ਨੂੰ

ਨਵੀਂ ਦਿੱਲੀ: ਨੀਟ-ਪੀਜੀ 2024 ਦਾਖ਼ਲਾ ਪ੍ਰੀਖਿਆ 11 ਅਗਸਤ ਨੂੰ ਦੋ ਸ਼ਿਫ਼ਟਾਂ ’ਚ ਹੋਵੇਗੀ। ਇਸ ਦਾ ਐਲਾਨ ਮੈਡੀਕਲ ਸਾਇੰਸਿਜ਼ ਬਾਰੇ ਕੌਮੀ ਪ੍ਰੀਖਿਆ ਬੋਰਡ (ਐੱਨਬੀਈਐੱਮਐੱਸ) ਨੇ ਅੱਜ ਕੀਤਾ। ਇਸ ਤੋਂ ਪਹਿਲਾਂ ਇਹ ਪ੍ਰੀਖਿਆ 23 ਜੂਨ ਨੂੰ ਹੋਣੀ ਸੀ ਪਰ ਕੁਝ ਖਾਸ ਦਾਖ਼ਲਾ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਦੇ ਦੋਸ਼ਾਂ ਨੂੰ ਦੇਖਦਿਆਂ ਇਹਤਿਆਤ ਵਜੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਉਸ ਮਗਰੋਂ ਕੇਂਦਰੀ ਸਿਹਤ ਮੰਤਰਾਲੇ, ਐੱਨਬੀਈਐੱਮਐੱਸ, ਟੀਸੀਐੱਸ, ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਸਾਈਬਰ ਸੈੱਲ ਦੇ ਅਧਿਕਾਰੀਆਂ ਵਿਚਕਾਰ ਕਈ ਮੀਟਿੰਗਾਂ ਹੋਈਆਂ ਤਾਂ ਜੋ ਪ੍ਰੀਖਿਆ ਕਰਾਉਣ ਲਈ ਪ੍ਰਬੰਧਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ। -ਪੀਟੀਆਈ

Advertisement
Author Image

sanam grng

View all posts

Advertisement