ਨੀਟ-ਯੂਜੀ: ਇੱਕ ਹੋਰ ਵਿਦਿਆਰਥਣ ਗ੍ਰਿਫ਼ਤਾਰ
ਨਵੀਂ ਦਿੱਲੀ:
ਸੀਬੀਆਈ ਨੇ ਅੱਜ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਰਿਮਸ) ਦੀ ਐੱਮਬੀਬੀਐੱਸ ਪਹਿਲੇ ਸਾਲ ਦੀ ਵਿਦਿਆਰਥਣ ਨੂੰ ਕਥਿਤ ਤੌਰ ’ਤੇ ‘ਸੌਲਵਰ ਮਾਡਿਊਲ’ ਦਾ ਹਿੱਸਾ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਹੱਲ ਕਰਨ ਵਾਲਾ ਇਹ ਗਰੋਹ ਇੱਕ ਇੰਜਨੀਅਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ, ਜਿਸ ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਚੋਰੀ ਕੀਤੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦੋ ਦਿਨਾਂ ਦੀ ਪੁੱਛ ਪੜਤਾਲ ਮਗਰੋਂ ਮੁਲਜ਼ਮ ਸੁਰਭੀ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਦੋਸ਼ ਹੈ ਕਿ ਸੁਰਭੀ ਕੁਮਾਰੀ ‘ਸੌਲਵਰ ਮਾਡਿਊਲ’ ਦੀ ਪੰਜਵੀਂ ਮੈਂਬਰ ਸੀ, ਜੋ ਪੰਕਜ ਕੁਮਾਰ ਵੱਲੋਂ ਚੋਰੀ ਕੀਤੇ ਗਏ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਲਈ ਪੰਜ ਮਈ ਦੀ ਸਵੇਰ ਨੀਟ-ਯੂਜੀ ਪ੍ਰੀਖਿਆ ਦੇ ਦਿਨ ਹਜ਼ਾਰੀਬਾਗ ਵਿੱਚ ਮੌਜੂਦ ਸੀ। ਸੀਬੀਆਈ ਨੇ ਹੁਣ ਤੱਕ ਨੀਟ-ਯੂਜੀ ਮਾਮਲਿਆਂ ਸਬੰਧੀ 16 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਝਾਰਖੰਡ ਸਰਕਾਰ ਦੇ ਅਧੀਨ ਖੁਦਮੁਖਤਿਆਰ ਸੰਸਥਾ ਰਿਮਸ ਦੇ ਹੋਸਟਲ ਵਿੱਚ ਰਹਿੰਦੀ ਵਿਦਿਆਰਥਣ ਤੋਂ ਪੁੱਛ ਪੜਤਾਲ ਲਈ ਸੀਬੀਆਈ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੰਪਰਕ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਦੇ ਮਾਪਿਆਂ ਨੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ। -ਪੀਟੀਆਈ