ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ ਵਿਵਾਦ: ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਐੱਨਟੀਏ ਦੀ ਜਵਾਬ ਤਲਬੀ

07:01 AM Jun 21, 2024 IST
ਨਵੀਂ ਦਿੱਲੀ ’ਚ ਵੀਰਵਾਰ ਨੂੰ ਨੀਟ ਤੇ ਯੂਜੀਸੀ ਨੈੱਟ ਦੇ ਮੁੱਦੇ ’ਤੇ ਪ੍ਰਦਰਸ਼ਨ ਕਰਦੇ ਹੋਏ ਿਵਦਿਆਰਥੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 20 ਜੂਨ
ਸੁਪਰੀਮ ਕੋਰਟ ਨੇ ਨੀਟ-ਯੂਜੀ 2024 ਪ੍ਰੀਖਿਆ ਰੱਦ ਕਰਨ ਤੇ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਸਣੇ ਦਾਇਰ ਹੋਰ ਪਟੀਸ਼ਨਾਂ ’ਤੇ ਕੇਂਦਰ ਸਰਕਾਰ, ਕੌਮੀ ਟੈਸਟਿੰਗ ਏਜੰਸੀ ਤੇ ਹੋਰਨਾਂ ਤੋਂ 8 ਜੁਲਾਈ ਤੱਕ ਜਵਾਬ ਮੰਗਿਆ ਹੈ। ਇਹੀ ਨਹੀਂ ਸਿਖਰਲੀ ਕੋਰਟ ਨੇ ਵੱਖ ਵੱਖ ਹਾਈ ਕੋਰਟਾਂ ਵਿਚ ਵਿਚਾਰਅਧੀਨ ਮਿਲਦੀਆਂ ਜੁਲਦੀਆਂ ਪਟੀਸ਼ਨਾਂ ’ਤੇ ਅਗਲੇਰੀ ਕਾਰਵਾਈ ਉੱਤੇ ਵੀ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਮੈਡੀਕਲ ਕੋਰਸਾਂ ਵਿਚ ਦਾਖਲਿਆਂ ਲਈ 6 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਕਾਊਂਸਲਿੰਗ ਦੇ ਅਮਲ ’ਤੇ ਰੋਕ ਨਹੀਂ ਲਾਏਗੀ।
ਜਸਟਿਸ ਵਿਕਰਮ ਨਾਥ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਵੈਕੇਸ਼ਨ ਬੈਂਚ ਨੇ ਐੱਨਟੀਏ ਵੱਲੋਂ ਦਾਇਰ ਚਾਰ ਵੱਖੋ ਵੱਖਰੀਆਂ ਪਟੀਸ਼ਨਾਂ ’ਤੇ ਸਬੰਧਤ ਧਿਰਾਂ ਤੋਂ ਜਵਾਬ ਮੰਗਿਆ ਹੈ। ਐੱਨਟੀਏ ਨੇ ਪੇਪਰ ਲੀਕ ਦਾ ਦਾਅਵਾ ਕਰਦੀਆਂ ਪਟੀਸ਼ਨਾਂ ਸਣੇ ਕੁਝ ਹੋਰ ਪਟੀਸ਼ਨਾਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਤਬਦੀਲ ਕਰਨ ਦੀ ਮੰਗ ਕੀਤੀ ਸੀ। ਐੱਨਟੀਏ ਦੀਆਂ ਪਟੀਸ਼ਨਾਂ ’ਤੇ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਟੈਸਟਿੰਗ ਏਜੰਸੀ ਨੇ ਵੱਖ ਵੱਖ ਹਾਈ ਕੋਰਟਾਂ ਵਿਚ ਚੱਲ ਰਹੀ ਕਾਰਵਾਈ ’ਤੇ ਰੋਕ ਲਾਉਣ ਦੀ ਵੀ ਮੰਗ ਕੀਤੀ। ਇਸ ’ਤੇ ਬੈਂਚ ਨੇ ਕਿਹਾ, ‘‘ਨੋਟਿਸ ਜਾਰੀ ਕੀਤਾ ਜਾਂਦਾ ਹੈ, ਜਿਸ ਦਾ ਜਵਾਬ 8 ਜੁਲਾਈ ਤੱਕ ਦਾਖ਼ਲ ਕੀਤਾ ਜਾਵੇ। ਤੇ ਇਸ ਦੌਰਾਨ ਵੱਖ ਵੱਖ ਹਾਈ ਕੋਰਟਾਂ ਵਿਚ ਦਾਇਰ ਪਟੀਸ਼ਨਾਂ ’ਤੇ ਅਗਲੇਰੀ ਕਾਰਵਾਈ ’ਤੇ ਰੋਕ ਰਹੇਗੀ।’’ ਬੈਂਚ ਐੱਨਟੀਏ ਵੱਲੋਂ ਦਾਇਰ ਪਟੀਸ਼ਨਾਂ ਦੇ ਨਾਲ ਨੀਟ ਪ੍ਰੀਖਿਆ ਦੇਣ ਵਾਲੇ 20 ਉਮੀਦਵਾਰਾਂ ਵੱਲੋਂ ਦਾਇਰ ਇਕ ਪਟੀਸ਼ਨ ’ਤੇ ਵੀ ਸੁਣਵਾਈ ਕਰ ਰਿਹਾ ਹੈ, ਜਿਸ ਵਿਚ 5 ਮਈ ਨੂੰ ਲਈ ਪ੍ਰੀਖਿਆ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ 20 ਪਟੀਸ਼ਨਰਾਂ ਦੀ ਨੁਮਾਇੰਦਗੀ ਐਡਵੋਕੇਟ ਧੀਰਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਬੈਂਚ ਨੇ ਕਿਹਾ ਕਿ ਉਹ ਇਨ੍ਹਾਂ ਸਾਰੀਆਂ ਪਟੀਸ਼ਨਾਂ ’ਤੇ 8 ਜੁਲਾਈ ਨੂੰ ਸੁਣਵਾਈ ਕਰੇਗਾ। ਬੈਂਚ ਨੇ ਕਾਊਂਸਲਿੰਗ ਦੇ ਅਮਲ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਪਹਿਲੇ ਦਿਨ ਤੋਂ ਇਸ ਗੱਲ ’ਤੇ ਬਹਿਸ ਹੋ ਰਹੀ ਹੈ ਤੇ ਉਹ (ਕੁਝ ਪਟੀਸ਼ਨਰ) ਕਾਊਂਸਲਿੰਗ ’ਤੇ ਰੋਕ ਲਵਾਉਣਾ ਚਾਹੁੰਦੇ ਹਨ। ਤੇ ਅਸੀਂ ਇਸ ਤੋਂ ਇਨਕਾਰ ਕੀਤਾ ਸੀ।’’ ਕੋਰਟ ਨੇ ਕਿਹਾ, ‘‘ਅਖੀਰ ਨੂੰ ਜੇ ਤੁਸੀਂ ਸਾਰੇ ਸਫਲ ਰਹਿੰਦੇ ਹੋ, ਸਭ ਕੁਝ ਚਲਾ ਜਾਵੇਗਾ। ਪ੍ਰੀਖਿਆ ਵੀ ਜਾਵੇਗੀ ਤੇ ਕਾਊਂਸਲਿੰਗ ਵੀ ਜਾਵੇਗੀ।’’ ਬੈਂਚ ਨੇ ਐੱਨਟੀਏ ਦੇ ਵਕੀਲ ਨੂੰ ਕਾਊਂਸਲਿੰਗ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ (ਕਾਊਂਸਲਿੰਗ) 6 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ ਕੁਝ ਹੋਰ ਦਿਨਾਂ ਲਈ ਜਾਰੀ ਰਹੇਗੀ। ਬੈਂਚ ਨੇ ਸੋਰਟਿੰਗ ਹੈਟ ਸੌਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਜੋ ‘ਅਨਅਕੈਡਮੀ’ ਦੇ ਨਾਮ ਹੇਠ ਸਿੱਖਿਆ ਸੇਵਾਵਾਂ ਬਾਰੇ ਪਲੈਟਫਾਰਮ ਚਲਾਉਂਦੀ ਹੈ, ਵੱਲੋਂ ਦਾਇਰ ਪਟੀਸ਼ਨ ’ਤੇ ਵੀ ਕੇਂਦਰ ਤੇ ਐੱਨਟੀਏ ਦੀ ਜਵਾਬਤਲਬੀ ਕੀਤੀ ਹੈ। ਕੰਪਨੀ ਨੇ ਪਟੀਸ਼ਨ ’ਚ ਨੀਟ-ਯੂਜੀ 2024 ਪ੍ਰੀਖਿਆ ਦੇ ਨਤੀਜਿਆਂ ਵਿਚ ਕਥਿਤ ਬੇਨੇਮੀਆਂ ਦੀ ਪੜਤਾਲ ਲਈ ਸੁਤੰਤਰ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਕੰਪਨੀ ਨੇ ਐਡਵੋਕੇਟ ਸਮੀਰ ਸੋਢੀ ਰਾਹੀਂ ਦਾਖਲ ਪਟੀਸ਼ਨ ਵਿਚ ਐੱਨਟੀਏ ਵੱਲੋਂ ਪ੍ਰੀਖਿਆ ਦੌਰਾਨ ਇਕ ਵਿਵਾਦਤ ਸਵਾਲ ਲਈ ਸਮਾਂ ਅਜਾਈਂ ਜਾਣ ਬਦਲੇ ਦਿੱਤੇ ਗਰੇਸ ਅੰਕ ਨਿਰਧਾਰਿਤ ਕਰਨ ਲਈ ਵਰਤੀ ਕਾਰਜਪ੍ਰਣਾਲੀ ਸਬੰਧੀ ਡੇਟਾ ਪੇਸ਼ ਕਰਨ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਉਂਜ ਬਹਿਸ ਦੌਰਾਨ ਇਕ ਹੋਰ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਕਥਿਤ ਬੇਨੇਮੀਆਂ ਦੀ ਜਾਂਚ ਨੂੰ ਲੈ ਕੇ ਬਿਹਾਰ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਬਿਹਾਰ ਤੇ ਗੁਜਰਾਤ ਵਿਚ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ ਪੁਲੀਸ ਨੂੰ ਇਨ੍ਹਾਂ ਦੋ ਰਾਜਾਂ ਵਿਚ ਕੀਤੀ ਜਾਂਚ ਸਬੰਧੀ ਸਟੇਟਸ ਰਿਪੋਰਟਾਂ ਦਾਖ਼ਲ ਕਰਨ ਲਈ ਕਿਹਾ ਜਾਵੇ। ਕੇਂਦਰ ਵੱਲੋਂ ਪੇਸ਼ ਵਕੀਲ ਨੇ ਜਦੋਂ ਕਿਹਾ ਕਿ ਕਈ ਵਾਰ ਕੋਚਿੰਗ ਇੰਸਟੀਚਿਊਟ ਵੀ ਪਟੀਸ਼ਨਰ ਵਜੋਂ ਕੋਰਟਾਂ ਤੱਕ ਪਹੁੰਚ ਕਰਦੇ ਹਨ ਤਾਂ ਬੈਂਚ ਨੇ ਕਿਹਾ, ‘‘ਉਨ੍ਹਾਂ ਨੂੰ ਵੀ ਕੋਰਟ ਦਾ ਦਰ ਖੜਕਾਉਣ ਦਾ ਅਧਿਕਾਰ ਹੈ। ਕਿਉਂਕਿ ਇਹ ਉਨ੍ਹਾਂ ਦਾ ਕਾਰੋਬਾਰ ਹੈ। -ਪੀਟੀਆਈ

Advertisement

ਬਿਹਾਰ ਦੇ ਚਾਰ ਉਮੀਦਵਾਰਾਂ ਨੇ 32-32 ਲੱਖ ਵਿੱਚ ਖਰੀਦਿਆ ਸੀ ਨੀਟ-ਯੂਜੀ ਦਾ ਪੇਪਰ

ਨਵੀਂ ਦਿੱਲੀ (ਅਕਸ਼ੀਵ ਠਾਕੁਰ): ਨੀਟ-ਯੂਜੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਇਕਾਈ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਉਮੀਦਵਾਰਾਂ ਨੇ ਪੁਲੀਸ ਨੂੰ ਦਿੱਤੇ ਇਕਬਾਲੀਆ ਬਿਆਨ ਵਿਚ ਕਬੂਲ ਕੀਤਾ ਹੈ ਪ੍ਰੀਖਿਆ ਦੀ ਪੂਰਬਲੀ ਸੰਧਿਆ (4 ਮਈ) ਉਹ ਪਟਨਾ ਦੇ ਰਾਮਕ੍ਰਿਸ਼ਨ ਨਗਰ ਵਿਚ ਇਕੱਠੇ ਹੋਏ ਸਨ, ਜਿੱਥੇ ਨੀਟ-ਯੂਜੀ ਦਾ ਪ੍ਰਸ਼ਨ ਪੱਤਰ ਉਨ੍ਹਾਂ ਦੇ ਹੱਥ ਲੱਗਾ। ਪੁਲੀਸ ਵੱਲੋਂ ਸਾਂਝੇ ਕੀਤੇ ਇਕਬਾਲੀਆ ਬਿਆਨਾਂ ਮੁਤਾਬਕ ਦੋ ਮੁੱਖ ਮੁਲਜ਼ਮਾਂ- ਨਿਤੀਸ਼ ਕੁਮਾਰ ਤੇ ਅਮਿਤ ਆਨੰਦ, ਜੋ ਇਸ ਵੇਲੇ ਪੁਲੀਸ ਦੀ ਗ੍ਰਿਫ਼ਤ ਵਿਚ ਹਨ, ਨੇ ਉਪਰੋਕਤ ਚਾਰ ਉਮੀਦਵਾਰਾਂ ਤੋਂ ਪ੍ਰਸ਼ਨ ਪੱਤਰ ਬਦਲੇ 32-32 ਲੱਖ ਰੁਪਏ ਲਏ ਸਨ। ਨਿਤੀਸ਼, ਜੋ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀਪੀਐੱਸਸੀ) ਪ੍ਰੀਖਿਆ ਦਾ ਪੇਪਰ ਲੀਕ ਕਰਨ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ, ਨੇ ਦੱਸਿਆ ਕਿ 4 ਮਈ ਦੀ ਰਾਤ ਨੂੰ ਜਦੋਂ ਉਹ ਉਪਰੋਕਤ ਚਾਰ ਉਮੀਦਵਾਰਾਂ ਨੂੰ ਮਿਲੇ ਤਾਂ ਉਨ੍ਹਾਂ ਨੂੰ ਪ੍ਰਸ਼ਨਾਂ ਦੇ ਨਾਲ ਉੱਤਰ ਵੀ ਯਾਦ ਕਰਨ ਲਈ ਕਿਹਾ। ਅਮਿਤ ਨੇ ਕਿਹਾ ਕਿ ਉਸ ਦੇ ਦੋਸਤ ਸਿਕੰਦਰ ਪੀ.ਯਾਦਵੇਂਦੂ ਦੀ ਗ੍ਰਿਫ਼ਤਾਰੀ ਮਗਰੋਂ ਉਸ ਨੇ ਪ੍ਰਸ਼ਨ ਪੱਤਰ ਸਾੜ ਦਿੱਤੇ ਸਨ। ਯਾਦਵੇਂਦੂ ਨੇ ਪੁਲੀਸ ਨੂੰ ਆਪਣੇ ਸਾਥੀਆਂ ਤੇ ਉਪਰੋਕਤ ਚਾਰ ਉਮੀਦਵਾਰਾਂ ਦੇ ਵੀ ਨਾਮ ਦੱਸ ਦਿੱਤੇ।
ਨੀਟ-ਯੂਜੀ ਦੀ ਪ੍ਰੀਖਿਆ ਦੇਣ ਵਾਲੇ ਅਨੁਰਾਗ ਯਾਦਵ (22) ਨੇ ਪਟਨਾ ਵਿਚ ਸ਼ਾਸਤਰੀ ਨਗਰ ਪੁਲੀਸ ਥਾਣੇ ’ਚ ਦਿੱਤੇ ਇਕਬਾਲੀਆ ਬਿਆਨ ਵਿਚ ਕਿਹਾ ਕਿ ਉਸ ਨੂੰ ਆਪਣੇ ਰਿਸ਼ਤੇਦਾਰ ਯਾਦਵੇਂਦੂ ਦਾ ਫੋਨ ਆਇਆ ਸੀ ਕਿ ਕੋਟਾ ਤੋਂ ਵਾਪਸ ਆ ਜਾਵੇ, ਕਿਉਂਕਿ ‘ਪ੍ਰੀਖਿਆ ਲਈ ਸਾਰੀ ਸੈਟਿੰਗ ਹੋ ਗਈ ਹੈ।’’ ਯਾਦਵ ਨੇ ਕਿਹਾ ਕਿ 4 ਮਈ ਦੀ ਰਾਤ ਨੂੰ ਉਹ ਅਮਿਤ ਤੇ ਨਿਤੀਸ਼ ਨੂੰ ਮਿਲਿਆ ਜਿੱਥੇ ਉਸ ਨੂੰ ਪ੍ਰਸ਼ਨ ਪੱਤਰ ਦਿੱਤਾ ਗਿਆ ਜਿਸ ਨਾਲ ਜਵਾਬ ਵੀ ਲਿਖੇ ਸਨ। ਉਸ ਨੂੰ ਕਿਹਾ ਗਿਆ ਕਿ ਉਹ ਰਾਤ ਵੇਲੇ ਸਾਰੇ ਜਵਾਬ ਯਾਦ ਕਰ ਲਏ। ਯਾਦਵ ਨੇ ਕਿਹਾ ਕਿ ਉਸ ਨੇ ਡੀਵਾਈ ਪਾਟਿਲ ਸਕੂਲ ਵਿਚ ਪ੍ਰੀਖਿਆ ਦਿੱਤੀ ਤੇ ਪੇਪਰ ਵਿਚ ਉਸ ਨੂੰ ਉਹੀ ਸਵਾਲ ਮਿਲੇ। ਯਾਦਵ ਨੇ ਕਿਹਾ ਕਿ ਪ੍ਰੀਖਿਆ ਮਗਰੋਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਹੋਰ ਵਿਦਿਆਰਥੀ ਸ਼ਿਵਨੰਦਨ ਕੁਮਾਰ ਨੇ ਵੀ ਮਿਲਦਾ ਜੁਲਦਾ ਇਕਬਾਲੀਆ ਬਿਆਨ ਦਿੱਤਾ ਹੈ।

ਪ੍ਰਧਾਨ ਨੇ ਯੂਜੀਸੀ-ਨੈੱਟ ਦਾ ਪੇਪਰ ਡਾਰਕ ਨੈੱਟ ’ਤੇ ਲੀਕ ਹੋਣ ਦੀ ਗੱਲ ਕਬੂਲੀ

ਨਵੀਂ ਦਿੱਲੀ: ਵਿਰੋਧੀ ਧਿਰਾਂ ਵੱਲੋਂ ਨੀਟ ਪ੍ਰੀਖਿਆ ਮੁੜ ਲਏ ਜਾਣ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਮੰਨਿਆ ਕਿ ਯੂਜੀਸੀ-ਨੈੱਟ ਦਾ ਪ੍ਰਸ਼ਨ ਪੱਤਰ ਡਾਰਕਨੈੱਟ ’ਤੇ ਲੀਕ ਹੋਇਆ ਸੀ। ਉਨ੍ਹਾਂ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਦੇ ਕੰਮ-ਕਾਜ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਮਸਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਐੱਨਟੀਏ ਦੇ ਅਧਿਕਾਰੀਆਂ ਸਣੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਨੇ ਕਿਹਾ ਕਿ ਜਾਇਜ਼ ਢੰਗ ਨਾਲ ਪ੍ਰੀਖਿਆ ਦੇਣ ਵਾਲੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਇੱਕਾ-ਦੁੱਕਾ ਘਟਨਾਵਾਂ ਅਸਰਅੰਦਾਜ਼ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ, ‘‘ਸਾਨੂੰ ਆਪਣੀ ਵਿਵਸਥਾ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਬੇਨੇਮੀ ਨੂੰ ਬਰਦਾਸ਼ਤ ਨਹੀਂ ਕਰੇਗੀ। ਗੜਬੜੀ ਦੀ ਇੱਕਾ-ਦੁੱਕਾ ਘਟਨਾਵਾਂ ਨਾਲ ਉਨ੍ਹਾਂ ਲੱਖਾਂ ਵਿਦਿਆਰਥੀਆਂ ’ਤੇ ਅਸਰ ਨਹੀਂ ਪੈਣਾ ਚਾਹੀਦਾ, ਜਿਨ੍ਹਾਂ ਸਹੀ ਤਰੀਕੇ ਨਾਲ ਪ੍ਰੀਖਿਆ ਪਾਸ ਕੀਤੀ ਹੈ।’’ -ਪੀਟੀਆਈ

Advertisement

ਸਿੱਖਿਆ ਮੰਤਰਾਲੇ ਤੇ ਮੰਤਰੀ ਦੀ ਰਿਹਾਇਸ਼ ਦੇ ਬਾਹਰ ਵਿਖਾਵਾ

ਨਵੀਂ ਦਿੱਲੀ: ਮੈਡੀਕਲ ਦਾਖ਼ਲਾ ਪ੍ਰੀਖਿਆ ‘ਨੀਟ’ ਵਿਚ ਕਥਿਤ ਬੇਨੇਮੀਆਂ ਮਗਰੋਂ ਸਿੱਖਿਆ ਮੰਤਰਾਲੇ ਵੱਲੋੋਂ ਯੂਜੀਸੀ-ਨੈੱਟ ਪ੍ਰੀਖਿਆ ਰੱਦ ਕੀਤੇ ਜਾਣ ਨਾਲ ਵਿਦਿਆਰਥੀਆਂ ਵਿਚ ਰੋਸ ਵਧਣ ਲੱਗਾ ਹੈ। ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੀ ਰਿਹਾਇਸ਼ ਦੇ ਬਾਹਰ ਕੀਤੇ ਰੋਸ ਪ੍ਰਦਰਸ਼ਨਾਂ ਦਰਮਿਆਨ ਪੁਲੀਸ ਨੇ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ। ਸਿੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਪਟਨਾ ਵਿਚ ਨੀਟ ਦੀ ਪ੍ਰੀਖਿਆ ਮੌਕੇ ਕਥਿਤ ਬੇਨੇਮੀਆਂ ਨੂੰ ਲੈ ਕੇ ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਇਕਾਈ ਦੀ ਰਿਪੋਰਟ ਦੀ ਉਡੀਕ ਕਰ ਰਿਹਾ ਹੈ ਤੇ ਉਸੇ ਦੇ ਅਧਾਰ ’ਤੇ ਕਾਰਵਾਈ ਹੋਵੇਗੀ। ਮੰਤਰਾਲੇ ਨੇ ਇਸ ਮੁੱਦੇ ’ਤੇ ਚਰਚਾ ਲਈ ਐੱਨਟੀਏ ਦੇ ਡੀਜੀ ਸੁਬੋਧ ਕੁਮਾਰ ਨੂੰ ਵੀ ਸੰਮਨ ਕੀਤਾ ਹੈ। -ਪੀਟੀਆਈ

ਯੂਜੀਸੀ-ਨੈੱਟ ਪੇਪਰ ਲੀਕ ਮਾਮਲੇ ਵਿੱਚ ਅਣਪਛਾਤਿਆਂ ਖਿਲਾਫ਼ ਐੱਫਆਈਆਰ ਦਰਜ

ਨਵੀਂ ਦਿੱਲੀ: ਸੀਬੀਆਈ ਨੇ ਯੂਜੀਸੀ-ਨੈੱਟ ਪੇਪਰ ਲੀਕ ਕੇਸ ਵਿਚ ਕੇਂਦਰੀ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜੂਨੀਅਰ ਰਿਸਰਚ ਫੈਲੋਜ਼, ਸਹਾਇਕ ਪ੍ਰੋਫੈਸਰਾਂ ਤੇ ਪੀਐੱਚ.ਡੀ ਸਕਾਲਰਾਂ ਦੀ ਚੋਣ ਲਈ ਐੱਨਟੀਏ ਵੱਲੋਂ ਯੂਜੀਸੀ-ਨੈੱਟ ਪ੍ਰੀਖਿਆ 18 ਜੂਨ ਨੂੰ ਦੇਸ਼ ਭਰ ਵਿਚ ਦੋ ਸ਼ਿਫਟਾਂ ’ਚ ਲਈ ਗਈ ਸੀ। ਅਗਲੇ ਦਿਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਜਾਣਕਾਰੀ ਮਿਲੀ ਸੀ ਕਿ ਪੇਪਰ ਡਾਰਕਨੈੱਟ ’ਤੇ ਉਪਲਬਧ ਸੀ ਤੇ ਮੈਸੇਜਿੰਗ ਪਲੈਟਫਾਰਮ ’ਤੇ ਕਥਿਤ 5-6 ਲੱਖ ਵਿਚ ਵੇਚਿਆ ਗਿਆ। ਸਿੱਖਿਆ ਮੰਤਰਾਲੇ ਨੇ ਕਥਿਤ ਨਕਲ ਤੇ ਬੇੇਨੇਮੀਆਂ ਦੀਆਂ ਸ਼ਿਕਾਇਤਾਂ ਮਗਰੋਂ ਬੁੱਧਵਾਰ ਨੂੰ ਯੂਜੀਸੀ-ਨੈੱਟ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕਰਦਿਆਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। -ਪੀਟੀਆਈ

Advertisement