ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਈ ਧਾਗਾ

06:33 AM Jul 22, 2023 IST

ਸੁਪਿੰਦਰ ਸਿੰਘ ਰਾਣਾ

ਛੋਟੇ ਹੁੰਦੇ ਜਦੋਂ ਨਾਨਕੇ ਪਿੰਡ ਜਾਂਦੇ ਸਾਂ, ਸਾਰੇ ਘਰ ਵਿਚ ਰੌਣਕਾਂ ਲੱਗ ਜਾਂਦੀਆਂ ਸਨ। ਛੁੱਟੀਆਂ ਦਾ ਪਤਾ ਹੀ ਨਾ ਲੱਗਣਾ, ਕਦੋਂ ਬੀਤ ਜਾਣੀਆਂ। ਮਨ ਸਦਾ ਹੀ ਇਹ ਲੋਚਦਾ ਕਿ ਛੁੱਟੀਆਂ ਕਦੇ ਖ਼ਤਮ ਨਾ ਹੋਣ ਅਤੇ ਆਪਣੇ ਨਾਨਕੇ ਘਰ ਇੰਝ ਹੀ ਖੇਡਦੇ ਰਹੀਏ। ਮਾਮੀਆਂ, ਮਾਸੀਆਂ ਨੇ ਰੋਜ਼ ਪੁੱਛਣਾ- “ਅੱਜ ਤੁਹਾਡਾ ਕਿਹੜੀ ਚੀਜ਼ ਖਾਣ ਨੂੰ ਜੀਅ ਕਰਦੈ।” ਜੋ ਅਸੀਂ ਤਿੰਨਾਂ ਭੈਣ ਭਰਾਵਾਂ ਨੇ ਕਹਿਣਾ, ਉਨ੍ਹਾਂ ਬਣਾ ਦੇਣਾ। ਦੁਪਹਿਰੇ ਵਿਹਲੇ ਹੋ ਕੇ ਮਾਸੀਆਂ ਨੇ ਦਰੀਆਂ ਬੁਣਨੀਆਂ ਤੇ ਅਸੀਂ ਬੇਫਿਕਰ ਦੌੜ ਭੱਜ ਕਰਨੀ, ਕਦੇ ਹੱਥੀ ਫੜ ਕੇ ਦਰੀਆਂ ਬੁਣਨ ਲੱਗ ਜਾਣਾ। ਛੁੱਟੀਆਂ ਵੇਲੇ ਨਾ ਸਕੂਲ ਜਾਣ ਦਾ, ਨਾ ਹੀ ਅਧਿਆਪਕਾਂ ਦੀ ਮਾਰ ਦਾ ਡਰ ਹੁੰਦਾ ਸੀ। ਮੈਂ ਤੇ ਛੋਟੇ ਮਾਮੇ ਦਾ ਮੁੰਡਾ ਹਮਉਮਰ ਸਾਂ। ਆਥਣ ਨੂੰ ਛੋਟੀ ਮਾਸੀ ਕਈ ਵਾਰ ਸਾਨੂੰ ਆਪਣੇ ਨਾਲ ਸਿਲਾਈ ਸੈਂਟਰ ਲੈ ਜਾਂਦੀ। ਅਸੀਂ ਉਥੇ ਖੇਡਦੇ ਰਹਿੰਦੇ। ਮਾਸੀ ਨੇ ਉਥੇ ਪਹਿਲਾਂ ਕਾਗਜ਼ ’ਤੇ ਕਟਾਈ ਕਰਨੀ ਸਿੱਖੀ, ਫਿਰ ਉਹ ਕੱਪੜਿਆਂ ਦੇ ਟੁਕੜੇ ਸਿਲਾਈ ਮਸ਼ੀਨ ਨਾਲ ਜੋੜ ਕੇ ਉਨ੍ਹਾਂ ਨੂੰ ਨਵਾਂ ਰੂਪ ਦੇਣ ਲੱਗ ਪਈ। ਅਸੀਂ ਭਾਵੇਂ ਉਥੇ ਖੇਡ ਕੇ ਹੀ ਸਮਾਂ ਬਿਤਾਉਂਦੇ ਸਾਂ ਪਰ ਇੱਕ ਡੇਢ ਮਹੀਨੇ ਵਿਚ ਮਾਸੀ ਦੇ ਨਾਲ ਦੀਆਂ ਸਾਰੀਆਂ ਕੁੜੀਆਂ ਕੱਪੜੇ ਸਿਉਣ ਲੱਗ ਪਈਆਂ ਸਨ। ਥੋੜ੍ਹੇ ਚਿਰ ਮਗਰੋਂ ਮਾਸੀ ਨੇ ਵੀ ਸਾਡੇ ਕੱਪੜੇ ਸਿਊਣੇ ਸ਼ੁਰੂ ਕਰ ਦਿੱਤੇ।
ਅਗਲੇ ਸਾਲ ਛੁੱਟੀਆਂ ਵਿਚ ਨਾਨਕੇ ਗਿਆ ਤਾਂ ਮਾਸੀ ਦਾ ਵਿਆਹ ਹੋਣ ਵਾਲਾ ਸੀ। ਵਿਆਹ ਨੂੰ 20 ਕੁ ਦਨਿ ਰਹਿੰਦੇ ਸਨ। ਨਾਨੇ ਨੇ ਮੈਨੂੰ ਵੀ ਵਿਆਹ ਲਈ ਚਮਕੌਰ ਸਾਹਿਬ ਤੋਂ ਨਵੇਂ ਕੱਪੜੇ ਦਿਵਾ ਦਿੱਤੇ। ਘਰ ਵਿਚ ਰੋਜ਼ ਦਰਜ਼ੀ ਆ ਜਾਂਦਾ ਸੀ। ਉਹ ਸਵੇਰ ਤੋਂ ਸ਼ਾਮ ਤੱਕ ਕੱਪੜੇ ਸਿਉਂਦਾ ਰਹਿੰਦਾ। ਘਰ ਵਿਚ ਖ਼ੂਬ ਰੌਣਕਾਂ ਸਨ। ਦਨਿ ਚੜ੍ਹਨ ਤੇ ਛਿਪਣ ਦਾ ਪਤਾ ਹੀ ਨਾ ਲਗਦਾ। ਛੋਟਾ ਮਾਮਾ ਦੁਬਈ ਗਿਆ ਹੋਇਆ ਸੀ। ਉਹ ਵੀ ਵਿਆਹ ਤੋਂ ਕਰੀਬ ਦਸ ਕੁ ਦਨਿ ਪਹਿਲਾਂ ਘਰ ਆ ਗਿਆ। ਮਾਮੇ ਨੇ ਅਗਲੇ ਦਨਿ ਸਭ ਦੇ ਸਾਹਮਣੇ ਬਾਹਰੋਂ ਲਿਆਂਦੇ ਅਟੈਚੀ ਖੋਲ੍ਹੇ। ਮਾਮਾ ਸਭ ਲਈ ਕੁਝ ਨਾ ਕੁਝ ਸਾਮਾਨ ਲੈ ਕੇ ਆਇਆ ਸੀ। ਉਹ ਕਮੀਜ਼ਾਂ ਅਤੇ ਪੈਂਟਾਂ ਦੇ ਦੋ ਥਾਨ ਵੀ ਲਿਆਇਆ। ਮਾਮਾ, ਮਾਸੀ ਲਈ ਕੱਪੜੇ ਲੀੜੇ ਦੇ ਨਾਲ ਨਾਲ ਟੇਪ ਰਿਕਾਰਡਰ ਤੇ ਕੱਪੜੇ ਇਸਤਰੀ ਕਰਨ ਵਾਲੀ ਪ੍ਰੈੱਸ ਵੀ ਲਿਆਇਆ ਸੀ। ਮਾਸੀ ਸਾਡੀ ਫੇਰ ਵੀ ਮਾਮੀ ਨਾਲ ਨਾਰਾਜ਼ ਸੀ। ਅਸਲ ਵਿਚ, ਉਹਨੇ ਬਾਹਰੋਂ ਕੱਪੜੇ ਕੱਟਣ ਵਾਲੀ ਕੈਂਚੀ ਮੰਗਵਾਈ ਸੀ ਤੇ ਉਹ ਮਾਮਾ ਲੈ ਕੇ ਨਹੀਂ ਆਇਆ ਸੀ।
ਨਾਨਾ ਜੀ ਨੇ ਦੂਜੇ ਦਨਿ ਮਾਸੀ ਲਈ ਸਿਲਾਈ ਮਸ਼ੀਨ ਵੀ ਲਿਆ ਦਿੱਤੀ। ਵੱਡਾ ਮਾਮਾ ਸਾਈਕਲ ਲੈ ਆਇਆ। ਹਲਵਾਈ ਨੇ ਆਪਣੀ ਭੱਠੀ ਚੜ੍ਹਾ ਲਈ। ਕੋਈ ਪਿੰਡ ਤੋਂ ਮੰਜੇ ਮੰਗਣ ਤੁਰ ਪਿਆ। ਰੋਜ਼ ਕੰਮ ਘੱਟ ਜਾਂਦੇ ਤੇ ਬੰਦੇ ਵਧ ਜਾਂਦੇ। ਆਂਢ-ਗੁਆਂਢ ਵਾਲੇ ਆਪੋ-ਆਪਣੇ ਕੰਮਾਂ ਤੋਂ ਵਿਹਲਾ ਹੋ ਕੇ ਸਾਡੇ ਘਰ ਸਵੇਰੇ ਸ਼ਾਮ ਹਾਜ਼ਰੀ ਭਰਦੇ। ਮਾਮੇ ਨੇ ਸਾਰਿਆਂ ਦੀਆਂ ਡਿਊੂਟੀਆਂ ਲਾ ਦਿੱਤੀਆਂ ਸਨ। ਹਰ ਕੋਈ ਆਪੋ-ਆਪਣੇ ਕੰਮ ਵਿਚ ਰੁਝ ਗਿਆ। ਸਾਰਿਆਂ ਨੂੰ ਵਿਆਹ ਦਾ ਚਾਅ ਸੀ। ਕਰਦੇ ਕਰਾਉਂਦਿਆਂ ਵਿਆਹ ਵਾਲਾ ਦਨਿ ਆ ਗਿਆ ਤੇ ਬਰਾਤ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਢੁਕ ਗਈ। ਮਿਲਣੀਆਂ ਮਗਰੋਂ ਬਰਾਤੀਆਂ ਨੇ ਚਾਹ ਪਾਣੀ ਪੀਤਾ। ਫਿਰ ਅਨੰਦ ਕਾਰਜ ਹੋ ਗਏ। ਉਦੋਂ ਮੈਂ ਆਪਣੀ ਸੋਝੀ ਵਿਚ ਪਹਿਲੀ ਵਾਰ ਸਿਹਰਾ ਸੁਣਿਆ ਸੀ। ਸਿਹਰਾ ਸੁਣਾਉਣ ਵਾਲੇ ਨੂੰ ਲੋਕ ਪੈਸੇ ਵੀ ਦੇ ਰਹੇ ਸਨ। ਇਸ ਦੌਰਾਨ ਕੁੜੀਆਂ ਨੇ ਨਵੇਂ ਮਾਸੜ ਦੀ ਜੁੱਤੀ ਚੁੱਕ ਲਈ। ਜੁੱਤੀ ਦੇ ਪੈਸੇ ਦੇਣ ਮਗਰੋਂ ਬਰਾਤੀ ਡੇਰੇ ਵਿਚ ਚਲੇ ਗਏ। ਥੋੜ੍ਹੇ ਚਿਰ ਬਾਅਦ ਜਦੋਂ ਭੋਜਨ ਛਕਣ ਲਈ ਬਰਾਤੀ ਆ ਰਹੇ ਸਨ ਤਾਂ ਨਚਾਰਾਂ ਤੇ ਪੀਪਨੀ ਵਾਜਿਆਂ ਨੇ ਸਾਰੇ ਰਾਹ ਰੌਣਕਾਂ ਲਾ ਰੱਖੀਆਂ। ਇੱਕ ਬਜ਼ੁਰਗ ਬਰਾਤੀ ਨੇ ਭੋਜਨ ਤੋਂ ਪਹਿਲਾਂ ਪਿੰਡ ਵਿਚ ਦੋ ਘਰਾਂ ਵਿਚ ਪੱਤਲਾਂ ਭੇਜਣ ਦੀ ਇੱਛਾ ਜ਼ਾਹਿਰ ਕੀਤੀ ਜੋ ਸਾਡੇ ਛੋਟੇ ਮਾਮੇ ਨੇ ਪੂਰੀ ਕਰ ਦਿੱਤੀ। ਜਦੋਂ ਸੂਰਜ ਛਿਪਣ ਵੇਲੇ ਬਰਾਤ ਵਿਦਾ ਹੋਣ ਲੱਗੀ ਤਾਂ ਸਭ ਦੀਆਂ ਅੱਖਾਂ ਨਮ ਸਨ।
ਮਾਸੀ ਦੇ ਨਾਲ ਮੈਨੂੰ ਤੇ ਮਾਮੇ ਦੇ ਮੁੰਡੇ ਨੂੰ ਨਾਨੀ ਨੇ ਕਾਰ ਵਿਚ ਬਿਠਾ ਦਿੱਤਾ। ਦੂਜੇ ਦਨਿ ਅਸੀਂ ਨਾਨਕੇ ਘਰ ਆਪਣੀ ਮਾਸੀ ਨਾਲ ਵਾਪਸ ਆ ਗਏ। ਵਿਆਹ ਮਗਰੋਂ ਕਈ ਦਨਿ ਮੈਂ ਆਪਣੇ ਨਾਨਕੇ ਘਰ ਰਿਹਾ। ਪਿੰਡ ਵਾਸੀਆਂ ਦੇ ਮੰਜੇ ਦੇਣ ਮਗਰੋਂ ਤੇ ਘਰ ਦਾ ਸਾਮਾਨ ਆਪਣੀ ਆਪਣੀ ਥਾਂ ਰੱਖਣ ਬਾਅਦ ਅਸੀਂ ਦੇਖਣਾ ਕਿ ਨਾਨੀ ਕਈ ਵਾਰ ਆਨੀ ਬਹਾਨੀ ਮਾਸੀ ਨੂੰ ਯਾਦ ਕਰ ਲੈਂਦੀ ਸੀ। ਅਸੀਂ ਸਾਰੇ ਨਿਆਣੇ ਰਾਤ ਨੂੰ ਨਾਨਾ ਨਾਨੀ ਵਾਲੀ ਬੈਠਕ ਵਿਚ ਹੀ ਸੌਂਦੇ ਸੀ। ਨਾਨੀ ਹਰ ਰੋਜ਼ ਰਾਤ ਨੂੰ ਸਾਨੂੰ ਕੋਈ ਨਾ ਕੋਈ ਬਾਤ ਜ਼ਰੂਰ ਸੁਣਾਉਂਦੀ ਹੁੰਦੀ ਸੀ। ਇੱਕ ਰਾਤ ਮਾਮੇ ਦੇ ਮੁੰਡੇ ਨੇ ਨਾਨੀ ਨੂੰ ਪੁੱਛਿਆ, “ਬੇਬੇ, ਆਪਾਂ ਭੂਆ ਨੂੰ ਵਿਆਹ ਵੇਲੇ ਘਰ ਦਾ ਕਾਫ਼ੀ ਨਿੱਕ ਸੁੱਕ ਦਿੱਤਾ, ਭੂਆ ਫੇਰ ਵੀ ਨਾਰਾਜ਼ ਸੀ। ਉਹ ਦੁਬਈ ਵਾਲੀ ਕੈਂਚੀ ਮੰਗਦੀ ਸੀ, ਆਪਾਂ ਕਿਉਂ ਨਾ ਦਿੱਤੀ?”
ਨਾਨੀ ਪਹਿਲਾਂ ਤਾਂ ਟਾਲਦੀ ਰਹੀ ਪਰ ਮਗਰੋਂ ਦੱਸਣ ਲੱਗੀ ਕਿ ਪੁੱਤ, ਕੈਂਚੀ ਕੱਪੜੇ ਨੂੰ ਕੱਟ ਕੇ ਦੋ ਹਿੱਸੇ ਕਰ ਦਿੰਦੀ ਹੈ। ਫੇਰ ਕਿੰਨਾ ਮਰਜ਼ੀ ਜੋੜਨ ਦੀ ਕੋਸ਼ਿਸ਼ ਕਰੋ, ਜੋੜ ਤਾਂ ਕੱਪੜੇ ਵਿਚ ਰਹਿ ਹੀ ਜਾਂਦਾ ਹੈ। ਇਸੇ ਤਰ੍ਹਾਂ ਜੇ ਜ਼ਬਾਨੋਂ ਚੰਗੇ ਦੀ ਥਾਂ ਮਾੜੇ ਸ਼ਬਦ ਨਿਕਲ ਜਾਣ ਤਾਂ ਉਹ ਸਾਹਮਣੇ ਵਾਲੇ ਦਾ ਸੀਨਾ ਸਾੜ ਦਿੰਦੇ ਹਨ। ਕਈ ਵਾਰ ਇਹੀ ਜ਼ਬਾਨ ਲੜਾਈ ਝਗੜੇ ਵੀ ਕਰਾ ਦਿੰਦੀ ਹੈ। ਹਸਦੇ ਵਸਦੇ ਘਰ ਕੈਂਚੀ ਵਰਗੀ ਜ਼ੁਬਾਨ ਕਾਰਨ ਦੋਫਾੜ ਹੋ ਜਾਂਦੇ ਹਨ। ਇਸ ਵੇਲੇ ਸੂਈ ਧਾਗੇ ਦੀ ਸਮਝ ਵਾਲਾ ਹੀ ਟੁੱਟੇ ਘਰ ਨੂੰ ਜੋੜ ਸਕਦਾ ਹੈ। ਇਸ ਤਰ੍ਹਾਂ ਜੇ ਕੈਂਚੀ ਘਰ ਲਿਆਉਣੀ ਹੈ ਤਾਂ ਪਹਿਲਾਂ ਸੂਈ ਧਾਗੇ ਦੀ ਜਾਚ ਸਿੱਖਣੀ ਜ਼ਰੂਰੀ ਹੈ। ਆਪਣੀ ਜ਼ਬਾਨ ਅਤੇ ਸੋਚ ਕੈਂਚੀ ਵਰਗੀ ਨਹੀਂ ਬਣਾਉਣੀ ਚਾਹੀਦੀ ਸਗੋਂ ਸੂਈ ਧਾਗੇ ਵਾਂਗ ਇੱਕ ਦੂਜੇ ਨੂੰ ਮਿਲਾਉਣ ਦਾ ਕੰਮ ਕਰਨਾ ਚਾਹੀਦਾ ਹੈ।...
ਫਿਰ ਉਨ੍ਹਾਂ ਦੱਸਿਆ, “ਮੈਂ ਬਾਹਰੋਂ ਕੈਂਚੀ ਲਿਆਉਣ ਲਈ ਤੇਰੇ ਭਾਪੇ ਨੂੰ ਮਨ੍ਹਾਂ ਕਰ ਦਿੱਤਾ ਸੀ।” ਕਈ ਸਾਲ ਬਾਅਦ ਸਾਡੀ ਮਾਮੀ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਤੁਹਾਡੀ ਮਾਸੀ ਆਪਣੇ ਸਹੁਰੇ ਪਰਿਵਾਰ ਨਾਲ ਲੜ ਕੇ ਘਰ ਆ ਗਈ ਸੀ। ਨਾਨੀ ਨੇ ਉਸ ਨੂੰ ਘਰ ਪਰਿਵਾਰ ਦਾ ਅਜਿਹਾ ਪਾਠ ਪੜ੍ਹਾਇਆ ਕਿ ਉਸ ਨੇ ਮੁੜ ਪਿੱਛੇ ਨਾ ਦੇਖਿਆ।
ਅੱਜ ਨਾਨਾ-ਨਾਨੀ ਨੂੰ ਗੁਜ਼ਰਿਆਂ ਸਾਢੇ ਤਿੰਨ ਦਹਾਕੇ ਬੀਤ ਗਏ ਹਨ। ਜਦੋਂ ਅਖ਼ਬਾਰਾਂ, ਪੰਚਾਇਤਾਂ, ਵਿਮੈਨ ਸੈੱਲਾਂ ਅਤੇ ਅਦਾਲਤਾਂ ਵਿਚ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਪੜ੍ਹਦੇ ਸੁਣਦੇ ਹਾਂ ਤਾਂ ਕੈਂਚੀ ਤੇ ਸੂਈ ਧਾਗਾ ਯਾਦ ਆ ਜਾਂਦਾ ਹੈ। ਫਿਰ ਸੂਈ ਧਾਗੇ ਵਾਂਗ ਇਨ੍ਹਾਂ ਪਰਿਵਾਰਾਂ ਨੂੰ ਜੋੜਨ ਵਾਲੇ ਚਿਹਰੇ ਅੱਖਾਂ ਅੱਗੇ ਘੁੰਮਣ ਲੱਗ ਪੈਂਦੇ ਹਨ।
ਸੰਪਰਕ: 98152-33232

Advertisement

Advertisement