ਦੇਸ਼ ਦੇ ਭੁੱਲੇ ਹੋਏ ਮਾਣ ਨੂੰ ਮੁੜ ਸਥਾਪਤ ਕਰਨ ਦੀ ਲੋੜ: ਭਾਗਵਤ
ਹੈਦਰਾਬਾਦ, 24 ਨਵੰਬਰ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਭਾਰਤ ਦੇ ਭੁੱਲੇ ਹੋਏ ਮਾਣ ਨੂੰ ਮੁੜ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਇੱਥੇ ਰਾਸ਼ਟਰਵਾਦੀ ਵਿਚਾਰਕਾਂ ਦੇ ਸੰਮੇਲਨ ‘ਲੋਕਮੰਥਨ-2024’ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਦੇਸ਼ ਦੇ ਦਾਰਸ਼ਨਿਕ ਗਿਆਨ ਦੀ ਸਹਿਮਤੀ ਵਾਲੇ ਵਿਗਿਆਨ ਦੇ ਮਹੱਤਵ ਬਾਰੇ ਗੱਲ ਕਰਦਿਆਂ ਮਸਨੂਈ ਬੌਧਿਕਤਾ ਦੀ ਵਰਤੋਂ ’ਚ ਨੈਤਿਕਤਾ ’ਤੇ ਜ਼ੋਰ ਦੇਣ ਵਾਲੇ ਵਿਗਿਆਨੀਆਂ ਦੀ ਮਿਸਾਲ ਦਿੱਤੀ।
ਉਨ੍ਹਾਂ ਕਿਹਾ ਕਿ ਭਾਰਤੀ ਕਦਰ ਪ੍ਰਣਾਲੀ ਵਿਅਕਤੀ ਦੇ ਬੌਧਿਕ ਗਿਆਨ ’ਤੇ ਜ਼ੋਰ ਦਿੰਦੀ ਹੈ। ਮਸਲਿਆਂ ਬਾਰੇ ਭਾਰਤ ਦਾ ਨਜ਼ਰੀਆ ਤਰਕ, ਗਿਆਨ ’ਤੇ ਆਧਾਰਿਤ ਹੈ ਅਤੇ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਨਜ਼ਰੀਆ ਅਪਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਦੇਸ਼ੀ ਮੁਲਕਾਂ ਤੋਂ ਚੰਗੀਆਂ ਚੀਜ਼ਾਂ ਲੈ ਸਕਦਾ ਹੈ ਪਰ ਉਸ ਦੀ ਆਪਣੀ ਆਤਮਾ ਤੇ ਸੰਰਚਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਸਾਨੂੰ ਆਪਣੇ ਸਨਾਤਨ ਧਰਮ ਤੇ ਸੰਸਕ੍ਰਿਤੀ ਨੂੰ ਸਮਕਾਲੀ ਸਰੂਪ ਦੇਣ ’ਤੇ ਵਿਚਾਰ ਕਰਨਾ ਪਵੇਗਾ।’ ਉਨ੍ਹਾਂ ਕਿਹਾ, ‘ਸਾਨੂੰ ਭਾਰਤ ਦੇ ਗੁਆਚੇ ਮਾਣ ਨੂੰ ਮੁੜ ਤੋਂ ਸਥਾਪਤ ਕਰਨਾ ਪਵੇਗਾ।’
ਸਮਾਗਮ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਲਾਕ੍ਰਿਤੀਆਂ ਰਾਹੀਂ ਮਿਸਾਲ ਦਿੰਦਿਆਂ ਕਿਹਾ ਕਿ ‘ਵਣਵਾਸੀਆਂ’ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਗਿਆ। ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਕੇਂਦਰੀ ਕੋਲਾ ਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। -ਪੀਟੀਆਈ