ਸਰਕਾਰੀ ਸਕੂਲਾਂ ਵਿਚ ਅਕਾਦਮਿਕ ਮਾਹੌਲ ਵੱਲ ਧਿਆਨ ਦੇਣ ਦੀ ਲੋੜ
ਪ੍ਰਿੰਸੀਪਲ ਵਿਜੈ ਕੁਮਾਰ
ਸੂਬੇ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਨਵੇਂ-ਨਵੇਂ ਤਰਜਬੇ ਕਰ ਕੇ ਅਤੇ ਮੀਡੀਆ ਵਿਚ ਪ੍ਰਚਾਰ ਕਰ ਕੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਨੂੰ ਸੂਬੇ ਦੇ ਬੱਚਿਆਂ ਦੀ ਸਿੱਖਿਆ ਦਾ ਬਹੁਤ ਫ਼ਿਕਰ ਹੈ। ਉਹ ਸੂਬੇ ਦੀ ਸਿੱਖਿਆ ਦਾ ਮਿਆਰ, ਨੁਹਾਰ, ਦਿਸ਼ਾ ਅਤੇ ਦਸ਼ਾ ਬਦਲਣ ਲਈ ਬੇਹੱਦ ਯਤਨ ਕਰ ਰਹੀਆਂ ਹਨ ਜਿਹੜੇ ਯਤਨ ਉਨ੍ਹਾਂ ਤੋਂ ਪਹਿਲਾਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਪਰ ਹਕੀਕਤ ਸਰਕਾਰਾਂ ਦੇ ਪ੍ਰਚਾਰ ਤੋਂ ਉੱਕਾ ਹੀ ਉਲਟ ਹੁੰਦੀ ਹੈ। ਸਿੱਖਿਆ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਵਿਸ਼ਵ ਬੈਂਕ ਤੋਂ ਆਉਣ ਵਾਲੀ ਮਾਲੀ ਸਹਾਇਤਾ ਨਾਲ ਸਕੂਲਾਂ ਦੀਆਂ ਬਣਾਈਆਂ ਕੇਵਲ ਸਮਾਰਟ ਇਮਾਰਤਾਂ ਅਤੇ ਮੀਡੀਆ ’ਚ ਕੀਤਾ ਪ੍ਰਚਾਰ ਕਦੇ ਵੀ ਸਿੱਖਿਆ ਦਾ ਮਿਆਰ ਅਤੇ ਨੁਹਾਰ ਨੂੰ ਬਦਲ ਨਹੀਂ ਸਕਦਾ। ਸਰਕਾਰਾਂ ਆਪਣੀ ਗਲਤਫਹਿਮੀ ਦੂਰ ਕਰਨ ਲਈ ਸਕੂਲਾਂ ਦੇ ਅਕਾਦਮਿਕ ਮਾਹੌਲ ਦਾ ਨਿਰੀਖਣ ਕਰਵਾ ਲੈਣ, ਸਾਰੀ ਸੱਚਾਈ ਆਪਣੇ ਆਪ ਸਾਹਮਣੇ ਆ ਜਾਵੇਗੀ। ਜੇਕਰ ਸਰਕਾਰਾਂ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕ ਦਿੱਤਾ ਹੈ ਤਾਂ ਫੇਰ ਸਿੱਖਿਆ ਵਿਭਾਗ ਨੂੰ ਪ੍ਰੀਖਿਆਵਾਂ ਦੇ ਨਤੀਜੇ 100 ਫ਼ੀਸਦ ਲਿਆਉਣ ਲਈ ਸ਼ਤ ਪ੍ਰਤੀਸ਼ਤ ਮਿਸ਼ਨ ਅਤੇ ਸਮਰਥ ਮੁਹਿੰਮ ਚਲਾਉਣ ਦੀ ਲੋੜ ਕਿਉਂ ਪਈ? ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਚੰਗੇ ਵਿਖਾਉਣ ਲਈ ਸੌ ਤਰ੍ਹਾਂ ਦੇ ਹੀਲੇ ਵਸੀਲੇ ਕਿਉਂ ਕਰਨੇ ਪੈਂਦੇ ਹਨ? ਸਰਕਾਰਾਂ ਨੂੰ ਸਰਕਾਰੀ ਸਕੂਲਾਂ ’ਚ ਬੱਚੇ ਦਾਖਲ ਕਰਾਉਣ ਲਈ ਮੁਹਿੰਮਾਂ ਕਿਉਂ ਚਲਾਉਣੀਆਂ ਪੈਂਦੀਆਂ ਹਨ? ਚੰਗੇ ਪ੍ਰਾਈਵੇਟ ਮਾਡਲ ਸਕੂਲਾਂ ’ਚ ਬੱਚਿਆਂ ਨੂੰ ਦਾਖਲਾ ਔਖੇ ਹੋ ਕੇ ਇਸ ਲਈ ਮਿਲਦਾ ਹੈ ਕਿਉਂਕਿ ਉਨ੍ਹਾਂ ’ਚ ਸਾਰੀਆਂ ਸਹੂਲਤਾਂ ਹੋਣ ਦੇ ਨਾਲ ਨਾਲ ਉਨ੍ਹਾਂ ਦਾ ਅਕਾਦਮਿਕ ਮਾਹੌਲ ਵਧੀਆ ਹੁੰਦਾ ਹੈ।
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ ਬੱਚੇ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤ ਸ਼ੁਰੂ ਕਰਨ ਜਾ ਰਿਹਾ ਹੈ। ਪ੍ਰਾਈਵੇਟ ਮਾਡਲ ਸਕੂਲਾਂ ਵਾਂਗ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤ ਸ਼ੁਰੂ ਕਰਨਾ ਬਹੁਤ ਚੰਗੀ ਗੱਲ ਹੈ ਪਰ ਸਵਾਲ ਇਹ ਹੈ ਕਿ ਕੀ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਜਮਾਤ ਚਲਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਕੀਤੀ ਹੈ? ਕੀ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਐੱਨਟੀਟੀ ਅਧਿਆਪਕਾਂ ਦੀ ਕੋਈ ਭਰਤੀ ਕੀਤੀ ਹੈ? ਕੀ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਲਈ ਵਿਸ਼ੇਸ਼ ਸਾਜ਼ੋ-ਸਮਾਨ ਤੇ ਮੇਜ਼ ਕੁਰਸੀਆਂ ਵਾਲੇ ਕਮਰੇ ਤਿਆਰ ਕੀਤੇ ਹਨ ? ਕੀ ਪ੍ਰੀ-ਪ੍ਰਾਇਮਰੀ ਜਮਾਤ ਦੇ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਮਲ-ਮੂਤਰ ਦੀ ਸਫ਼ਾਈ ਲਈ ਦਰਜਾ ਕਰਮਚਾਰੀਆਂ ਦੀ ਭਰਤੀ ਕੀਤੀ ਹੈ? ਕੀ ਉਨ੍ਹਾਂ ਨੂੰ ਨੀਂਦ ਆਉਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਸੁਲਾਉਣ ਲਈ ਕਮਰੇ ਅਤੇ ਬੈੱਡ ਦਾ ਬੰਦੋਬਸਤ ਕੀਤਾ ਹੈ? ਕੀ ਪ੍ਰੀ ਪ੍ਰਾਇਮਰੀ ਜਮਾਤ ਦੇ ਬੱਚਿਆਂ ਲਈ ਪ੍ਰਾਇਮਰੀ ਸਕੂਲਾਂ ਵਿਚ ਸਿੱਖਿਆ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੇ ਖਿਡੌਣਿਆਂ, ਝੂਲਿਆਂ ਅਤੇ ਡਿਸਪਲੇਅ ਬੋਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ? ਜੇਕਰ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕੀਤੀ ਗਈ ਪ੍ਰੀ-ਪ੍ਰਾਇਮਰੀ ਜਮਾਤ ਨੂੰ ਪੜ੍ਹਾਉਣ ਦਾ ਕੰਮ ਪ੍ਰਾਇਮਰੀ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਉੱਤੇ ਕੰਮ ਦਾ ਬੋਝ ਵਧੇਗਾ। ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਦੀ ਸਾਂਭ ਸੰਭਾਲ, ਦਾਖਲਾ, ਸਾਮਾਨ ਦੀ ਖਰੀਦੋ-ਫਰੋਖਤ, ਉਨ੍ਹਾਂ ਦੀ ਪੜ੍ਹਾਈ ਅਤੇ ਹੋਰ ਕੰਮਾਂ ਵਿਚ ਦੂਜੀਆਂ ਜਮਾਤਾਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤ ਸ਼ੁਰੂ ਹੋਣ ਨਾਲ ਬਾਲ ਬਾੜੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਦਾ ਘਟਣਾ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ। ਸਰਕਾਰ ਨੇ ਬਾਲ ਬਾੜੀ ਸਕੂਲਾਂ ’ਚ ਬੱਚੇ ਘਟਣ ਬਾਰੇ ਕੀ ਯੋਜਨਾ ਬਣਾਈ ਹੈ? ਸੂਬੇ ’ਚ 13 ਫ਼ੀਸਦ ਪ੍ਰਾਇਮਰੀ ਸਕੂਲਾਂ ਵਿਚ ਪੰਜ ਜਮਾਤਾਂ ਨੂੰ ਪੜ੍ਹਾਉਣ ਲਈ ਕੇਵਲ ਇੱਕ ਅਧਿਆਪਕ ਹੈ। ਕੀ ਉਨ੍ਹਾਂ ਸਕੂਲਾਂ ਵਿਚ ਇਹ ਪ੍ਰੀ-ਪ੍ਰਾਇਮਰੀ ਜਮਾਤ ਚੱਲ ਸਕੇਗੀ?
ਕੀ ਅਧਿਆਪਕਾਂ ਤੋਂ ਬਗੈਰ ਸਕੂਲਾਂ ਦਾ ਅਕਾਦਮਿਕ ਮਾਹੌਲ ਵਧੀਆ ਹੋ ਸਕਦਾ ਹੈ? ਸਿੱਖਿਆ ਵਿਭਾਗ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਦਾ ਮੁਕਾਬਲਾ ਪ੍ਰਾਈਵੇਟ ਸਕੂਲਾਂ ਨਾਲ ਹੈ। ਚੰਗੇ ਪ੍ਰਾਈਵੇਟ ਮਾਡਲ ਸਕੂਲਾਂ ਦੀ ਗੱਲ ਤਾਂ ਛੱਡੋ ਸਾਧਾਰਨ ਮਾਡਲ ਸਕੂਲਾਂ ’ਚ ਜਾ ਕੇ ਵੇਖੋ ਕਿ ਉਹ ਪ੍ਰੀ-ਪ੍ਰਾਇਮਰੀ ਜਮਾਤ ਕਿਵੇਂ ਚਲਾਉਂਦੇ ਹਨ। ਸਰਕਾਰੀ ਅਤੇ ਪ੍ਰਾਈਵੇਟ ਮਾਡਲ ਸਕੂਲਾਂ ਵਿਚ ਫਰਕ ਇਹ ਹੈ ਕਿ ਪ੍ਰਾਈਵੇਟ ਮਾਡਲ ਸਕੂਲ ਕੁੱਝ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਵਿਉਂਤਬੰਦੀ ਅਤੇ ਉਸ ਲਈ ਲੋੜੀਂਦੇ ਪ੍ਰਬੰਧ ਕਰਦੇ ਹਨ ਪਰ ਸਿੱਖਿਆ ਵਿਭਗ ਪ੍ਰਬੰਧਾਂ ਤੇ ਵਿਉਂਤਬੰਦੀ ਤੋਂ ਬਿਨਾਂ ਹੀ ਸ਼ੁਰੂ ਕਰ ਦਿੰਦਾ ਹੈ। ਜੇਕਰ ਸਿੱਖਿਆ ਵਿਭਾਗ ਸੱਚਮੁੱਚ ਹੀ ਪ੍ਰੀ-ਪ੍ਰਾਇਮਰੀ ਜਮਾਤ ਨੂੰ ਸਫਲ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ਵੱਲ ਬਣਦਾ ਧਿਆਨ ਦੇਣਾ ਪਵੇਗਾ। ਸਿੱਖਿਆ ਵਿਭਾਗ ਵੱਲੋਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਦਾਖਲ ਕਰਾਉਣ ਲਈ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਕੈਂਪਸ ਮੈਂਨੇਜਰ, ਸੁਰੱਖਿਆ ਗਾਰਡ, ਸਫਾਈ ਕਰਮਚਾਰੀ ਸਮਾਰਟ ਕਲਾਸਰੂਮ, ਹਾਈ ਸਪੀਡ ਇੰਟਰਨੈੱਟ, ਵਿਸ਼ਵ ਪੱਧਰੀ ਸਹੂਲਤਾਂ ਵਾਲੇ ਕਲਾਸਰੂਮ ਆਦਿ ਸਹੂਲਤਾਂ ਦੇ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਪਰ ਸਿੱਖਿਆ ਨਾਲ ਜੁੜੇ ਸਿੱਖਿਆ ਸ਼ਾਸਤਰੀਆਂ ਦਾ ਸਿੱਖਿਆ ਵਿਭਾਗ ਦੀ ਇਸ ਦਲੀਲ ਬਾਰੇ ਇਹ ਕਹਿਣਾ ਹੈ ਕਿ ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ’ਚ ਇਹ ਸਹੂਲਤਾਂ ਦੇਣਾ ਬਹੁਤ ਚੰਗੀ ਗੱਲ ਹੈ ਪਰ ਸਰਕਾਰੀ ਸਕੂਲਾਂ ਦੀ ਬਦਲੀ ਹੋਈ ਤਸਵੀਰ ਦਾ ਦੂਜਾ ਰੁਖ ਇਹ ਹੈ ਕਿ ਇਹ ਸਹੂਲਤਾਂ ਕੇਵਲ ਚੋਣਵੇਂ ਸਕੂਲਾਂ ਵਿਚ ਹੀ ਹਨ।
ਹੁਣ ਜੇਕਰ ਸਰਕਾਰੀ ਸਕੂਲਾਂ ਦੇ ਅਕਾਦਮਿਕ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ 500 ਤੋਂ ਉਪਰ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ’ਚ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਐਮੀਨੈਂਸ ਸਕੂਲ ਖੋਲ੍ਹ ਤਾਂ ਦਿੱਤੇ ਗਏ ਸਨ ਪਰ ਕਈ ਸਕੂਲਾਂ ’ਚ ਮੁੱਖ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਐਮੀਨੈਂਸ ਸਕੂਲਾਂ ਵਿਚ ਇਸ ਵਿਦਿਅਕ ਵਰ੍ਹੇ ਤੋਂ ਜਮਾਤਾਂ ਦੁੱਗਣੀਆਂ ਹੋ ਜਾਣਗੀਆਂ ਪਰ ਉਨ੍ਹਾਂ ਸਕੂਲਾਂ ਵਿਚ ਲੈਕਚਰਾਰਾਂ ਦੀ ਦੂਜੀ ਅਸਾਮੀ ਨਹੀਂ ਦਿੱਤੀ ਗਈ। ਇਸ ਨਾਲ ਦੂਜੇ ਲੈਕਚਰਾਰਾਂ ਉੱਤੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਵਧੇਗਾ ਤੇ ਦੂਜੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਸੂਬੇ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਸੇਵਾਮੁਕਤ ਅਤੇ ਪਦਉੱਨਤ ਹੋਏ ਅਧਿਆਪਕਾਂ, ਲੈਚਰਾਰਾਰਾਂ ਅਤੇ ਸਕੂਲ ਮੁਖੀਆਂ ਦੀਆਂ ਅਸਾਮੀਆਂ ’ਤੇ ਨਿਯੁਕਤੀਆਂ ਨਹੀਂ ਹੋਈਆਂ। ਕੈਂਪਸ ਮੈਨੇਜਰਾਂ ਅਤੇ ਸਕਿਉਰਿਟੀ ਗਾਰਡ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਚੰਗੇ ਅਕਾਦਮਿਕ ਮਾਹੌਲ ਲਈ ਸਕੂਲਾਂ ਵਿਚ ਅਧਿਆਪਕਾਂ ਦੀ ਲੋੜ ਹੈ। ਸਕੂਲ ਮੁਖੀ ਸਕੂਲ ਗ੍ਰਾਂਟਾਂ ਖਰਚ ਕਰਨ ਵਿੱਚ ਰੁੱਝੇ ਹੋਏ ਹਨ। ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ। ਕੀ ਅਜਿਹੇ ਵਾਤਾਵਰਨ ’ਚ ਸਰਕਾਰੀ ਸਕੂਲਾਂ ਦਾ ਅਕਾਦਮਿਕ ਮਾਹੌਲ ਵਧੀਆ ਹੋ ਸਕੇਗਾ? ਬਹੁਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਸਾਇੰਸ ਅਤੇ ਕਾਮਰਸ ਗਰੁੱਪ ਇਸ ਲਈ ਨਹੀਂ ਚੱਲ ਰਹੇ ਕਿਉਂਕਿ ਉਨ੍ਹਾਂ ਸਕੂਲਾਂ ਵਿਚ ਸਾਇੰਸ ਅਤੇ ਕਾਮਰਸ ਵਿਸ਼ਿਆਂ ਦੇ ਪੂਰੇ ਅਧਿਆਪਕ ਨਹੀਂ ਹਨ। ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਨੂੰ ਉਹ ਵਿਸ਼ੇ ਪੜ੍ਹਨੇ ਪੈਂਦੇ ਹਨ, ਜਿਹੜੇ ਵਿਸ਼ੇ ਉਹ ਪੜ੍ਹਨਾ ਨਹੀਂ ਚਾਹੁੰਦੇ ਕਿਉਂਕਿ ਜਾਂ ਤਾਂ ਉਨ੍ਹਾਂ ਵਿਸ਼ਿਆਂ ਦੇ ਅਧਿਆਪਕ ਨਹੀਂ ਹੁੰਦੇ ਜਾਂ ਫੇਰ ਉਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਪਈਆਂ ਹੁੰਦੀਆਂ ਹਨ। ਜਿਨ੍ਹਾਂ ਗਰੀਬ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਵਿਚ ਨਹੀਂ ਪੜ੍ਹਾ ਸਕਦੇ, ਉਨ੍ਹਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਾਉਣੇ ਹੀ ਪੈਣਗੇ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰੀ ਸਕੂਲਾਂ ਦਾ ਅਕਾਦਮਿਕ ਮਾਹੌਲ ਚੰਗਾ ਬਣਾਉਣ। ਸਰਕਾਰੀ ਸਕੂਲਾਂ ਦਾ ਅਕਾਦਮਿਕ ਮਾਹੌਲ ਵਧੀਆ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਸਕੂਲਾਂ ਵਿੱਚ ਹਰ ਵਰਗ ਦੀ ਹਰ ਅਸਾਮੀ ਭਰੀ ਜਾਵੇ। ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਹਰ ਹਾਲਤ ਵਿਚ ਲੈਣੇ ਬੰਦ ਕੀਤੇ ਜਾਣ। ਅਧਿਆਪਕਾਂ ਦੀਆਂ ਭਰਤੀਆਂ ਅਤੇ ਤਰੱਕੀਆਂ ਦੀਆਂ ਸੂਚੀਆਂ ਪਹਿਲਾਂ ਹੀ ਤਿਆਰ ਰੱਖੀਆਂ ਜਾਣ, ਕੋਈ ਵੀ ਅਸਾਮੀ ਖਾਲੀ ਹੋਣ ’ਤੇ ਉਸ ਨੂੰ ਤੁਰੰਤ ਭਰ ਦਿੱਤਾ ਜਾਵੇ ਜਾਂ ਫੇਰ ਪਹਿਲਾਂ ਵਾਂਗ ਆਰਜ਼ੀ ਤੌਰ ’ਤੇ ਅਧਿਆਪਕਾਂ ਦੀਆਂ ਨਿਯੁਕਤੀਆਂ ਸ਼ੁਰੂ ਕੀਤੀਆਂ ਜਾਣ। ਪ੍ਰੀਖਿਆਵਾਂ ਦੇ ਦਿਨਾਂ ਵਿਚ ਬੱਚਿਆਂ ਨੂੰ ਪੜ੍ਹਾਈ ਕਰਾਉਣ ਤੋਂ ਇਲਾਵਾ ਹੋਰ ਕੁਝ ਨਾ ਕਰਾਇਆ ਜਾਵੇ। ਜਿਸ ਦਿਨ ਸਰਕਾਰੀ ਸਕੂਲਾਂ ਦਾ ਅਕਾਦਮਿਕ ਮਾਹੌਲ ਵਧੀਆ ਬਣ ਜਾਵੇਗਾ, ਉਸ ਦਿਨ ਤੋਂ ਦਾਖਲੇ ਲਈ ਕੋਈ ਮੁਹਿੰਮ ਨਹੀਂ ਚਲਾਉਣੀ ਪਵੇਗੀ।
ਸੰਪਰਕ: vijaykumarbehki@gmail.com