ਦੇਸ਼ ਨੂੰ ਅਗਲੇ 10 ਸਾਲਾਂ ’ਚ ਆਰਥਿਕਤਾ ਪੱਖੋਂ ਆਤਮ-ਨਿਰਭਰ ਬਣਾਉਣ ਦੀ ਲੋੜ: ਮੋਦੀ
* ਰੁਪਏ ਨੂੰ ਪੂਰੀ ਦੁਨੀਆ ਵਿੱਚ ਵਧੇਰੇ ਪਹੁੰਚਯੋਗ ਅਤੇ ਸਵੀਕਾਰਨਯੋਗ ਬਣਾਉਣ ਲਈ ਕਿਹਾ
* ਆਰਬੀਆਈ ਦੀ 90ਵੀਂ ਵਰ੍ਹੇਗੰਢ ਮੌਕੇ ਸਮਾਗਮ ਨੂੰ ਕੀਤਾ ਸੰਬੋਧਨ
ਮੁੰਬਈ, 1 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ ਅਗਲੇ 10 ਸਾਲਾਂ ਵਿੱਚ ਆਰਥਿਕ ਆਤਮ-ਨਿਰਭਰਤਾ ਵਧਾਉਣ ਦੀ ਲੋੜ ਹੈ ਤਾਂ ਜੋ ਆਲਮੀ ਸੰਕਟਾਂ ਦਾ ਅਸਰ ਮੁਲਕ ’ਤੇ ਨਾ ਪਏ। ਉਨ੍ਹਾਂ ਕਿਹਾ ਕਿ ਰੁਪਏ ਨੂੰ ਪੂਰੀ ਦੁਨੀਆ ਵਿੱਚ ਵਧੇਰੇ ਪਹੁੰਚਯੋਗ ਅਤੇ ਸਵੀਕਾਰਨਯੋਗ ਬਣਾਉਣ ਦੇ ਵੀ ਯਤਨ ਕਰਨੇ ਪੈਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ 90ਵੀਂ ਵਰ੍ਹੇਗੰਢ ਮੌਕੇ ਸਮਾਗਮ ਦਾ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ ’ਚ ਮੋਦੀ ਨੇ ਦੇਸ਼ ਦੇ ਸਥਾਈ ਅਤੇ ਤੇਜ਼ੀ ਨਾਲ ਹੋਏ ਵਿਕਾਸ ’ਚ ਆਰਬੀਆਈ ਦੀ ਭੂਮਿਕਾ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਆਰਬੀਆਈ ਦਾ ਕੰਮਕਾਰ ਪਹਿਲੀ ਅਪਰੈਲ, 1935 ਨੂੰ ਸ਼ੁਰੂ ਹੋਇਆ ਸੀ। ਬੈਂਕਿੰਗ ਖੇਤਰ ’ਚ ਆਰਬੀਆਈ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਵੱਖ ਵੱਖ ਖੇਤਰਾਂ ਦੀਆਂ ਲੋੜਾਂ ਦਾ ਅਗਾਊਂ ਅਨੁਮਾਨ ਲਾਉਂਦਿਆਂ ਬੈਂਕਾਂ ਨੂੰ ਸਰਕਾਰ ਦੀ ਹਮਾਇਤ ਦਾ ਭਰੋਸਾ ਦੇਣ ਲਈ ਕਿਹਾ। ਮੋਦੀ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਆਰਥਿਕਤਾ ਦੀ ਤਰੱਕੀ ’ਚ ਆਰਬੀਆਈ ਵੱਲੋਂ ਨਿਭਾਈ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਲਈ ਕੀਮਤਾਂ ’ਤੇ ਨਿਗਰਾਨੀ ਅਤੇ ਵਿੱਤੀ ਮਜ਼ਬੂਤੀ ਵਰਗੇ ਕਦਮ ਚੁੱਕੇ ਗਏ। ‘ਕਿਸੇ ਵੀ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਜੇਕਰ ਉਸ ਦੀਆਂ ਤਰਜੀਹਾਂ ਸਪੱਸ਼ਟ ਹੋਣ।’ ਉਨ੍ਹਾਂ ਕਿਹਾ ਕਿ ਭਾਰਤ ਆਲਮੀ ਵਿਕਾਸ ਦਰ ਵਿੱਚ 15 ਫ਼ੀਸਦੀ ਹਿੱਸੇਦਾਰੀ ਨਾਲ ਵਿਸ਼ਵ ਵਿਕਾਸ ਦਾ ਇੰਜਣ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰਾ ਅਜਿਹੇ ਸਮੇਂ ’ਚ ਨਵੇਂ ਰਿਕਾਰਡ ਬਣਾ ਰਿਹਾ ਹੈ ਜਦੋਂ ਦੁਨੀਆ ਦੇ ਕਈ ਮੁਲਕ ਮਹਾਮਾਰੀ ਦੇ ਝਟਕੇ ਤੋਂ ਉਭਰਨ ਦੀ ਅਜੇ ਵੀ ਕੋਸ਼ਿਸ਼ ਕਰ ਰਹੇ ਹਨ।
ਮੋਦੀ ਨੇ ਮਜ਼ਬੂਤ ਬੈਂਕਿੰਗ ਸਨਅਤ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਤਾਂ ਜੋ ਦੇਸ਼ ਦੇ ਪ੍ਰਾਜੈਕਟਾਂ ਨੂੰ ਫੰਡ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਮਸਨੂਈ ਬੌਧਿਕਤਾ ਅਤੇ ਬਲਾਕਚੇਨ ਜਿਹੀਆਂ ਤਕਨਾਲੋਜੀਆਂ ਵੱਲੋਂ ਲਿਆਂਦੇ ਗਏ ਬਦਲਾਅ ਦਾ ਜ਼ਿਕਰ ਕਰਦਿਆਂ ਡਿਜੀਟਲ ਬੈਂਕਿੰਗ ਪ੍ਰਣਾਲੀ ’ਚ ਵਧ ਰਹੀ ਸਾਈਬਰ ਸੁਰੱਖਿਆ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਰਬੀਆਈ ਦੇ 90 ਸਾਲ ਪੂਰੇ ਹੋਣ ’ਤੇ ਯਾਦਗਾਰੀ ਸਿੱਕਾ ਵੀ ਰਿਲੀਜ਼ ਕੀਤਾ। ਸਮਾਗਮ ’ਚ ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਸ, ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਵੀ ਹਾਜ਼ਰ ਸਨ। -ਪੀਟੀਆਈ
ਅਫ਼ਸਰ ਚੋਣਾਂ ਬਾਅਦ ਜ਼ਿਆਦਾ ਕੰਮ ਕਰਨ ਲਈ ਤਿਆਰ ਰਹਿਣ: ਮੋਦੀ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਸਰਾਂ ਨੂੰ ਕਿਹਾ ਹੈ ਕਿ ਉਹ ਜ਼ਿਆਦਾ ਕੰਮ ਕਰਨ ਲਈ ਤਿਆਰ ਰਹਿਣ ਕਿਉਂਕਿ ਉਨ੍ਹਾਂ ਵੱਲੋਂ ਲਗਾਤਾਰ ਤੀਜੀ ਵਾਰ ਹਲਫ਼ ਲੈਣ ਦੇ ਅਗਲੇ ਦਿਨ ਹੀ ਉਨ੍ਹਾਂ ’ਤੇ ‘ਕੰਮ ਦਾ ਹੜ੍ਹ’ ਆਉਣ ਵਾਲਾ ਹੈ। ਲੋਕ ਸਭਾ ਚੋਣਾਂ ਬਾਅਦ ਨਵੀਂ ਸਰਕਾਰ ਬਣਾਉਣ ਦਾ ਭਰੋਸਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਰਥਿਕਤਾ ਪੱਖੋਂ ਵਧੇਰੇ ਆਤਮ-ਨਿਰਭਰ ਬਣਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਸ਼ੁਰੂ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਦੇ 90ਵੇਂ ਸਥਾਪਨਾ ਦਿਵਸ ਮੌਕੇ ਇਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਅਜੇ 100 ਦਿਨ ਚੋਣਾਂ ’ਚ ਰੁੱਝਿਆ ਹੋਇਆ ਹਾਂ। ਤੁਹਾਡੇ ਕੋਲ ਵਧੇਰੇ ਸਮਾਂ ਹੈ। ਤੁਸੀਂ ਸੋਚ ਕੇ ਰੱਖੋ ਕਿਉਂਕਿ ਹਲਫ਼ ਲੈਣ ਦੇ ਦੂਜੇ ਦਿਨ ਹੀ ਲਗਾਤਾਰ ਕੰਮ ਦਾ ਹੜ੍ਹ ਆਉਣ ਵਾਲਾ ਹੈ।’’ ਉਨ੍ਹਾਂ ਕਿਹਾ ਕਿ ਕਈ ਨਵੇਂ ਖੇਤਰਾਂ ਨੂੰ ਸਿਰਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਖੇਤਰਾਂ ਨੂੰ ਮਾਲੀ ਸਹਾਇਤਾ ਦੇਣ ਲਈ ਮੁਹਾਰਤ ਵਿਕਸਤ ਕਰਨ ਦੀ ਲੋੜ ਹੈ। ਅਜਿਹੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਉਨ੍ਹਾਂ ਬੈਂਕਰਾਂ ਅਤੇ ਰੈਗੂਲੇਟਰਾਂ ਨੂੰ ਕਿਹਾ ਕਿ ਉਹ ਪੁਲਾੜ ਅਤੇ ਸੈਰ-ਸਪਾਟਾ ਵਰਗੇ ਨਵੇਂ ਅਤੇ ਰਵਾਇਤੀ ਖੇਤਰਾਂ ਦੀਆਂ ਲੋੜਾਂ ਲਈ ਤਿਆਰ ਰਹਿਣ। ਅਯੁੱਧਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੇ ਸਾਲਾਂ ’ਚ ਇਹ ਸ਼ਹਿਰ ਦੁਨੀਆ ’ਚ ਧਾਰਮਿਕ ਸੈਰ-ਸਪਾਟੇ ਦਾ ਵੱਡਾ ਕੇਂਦਰ ਬਣਨ ਜਾ ਰਿਹਾ ਹੈ। -ਪੀਟੀਆਈ