ਨਿਆਂਇਕ ਪ੍ਰਣਾਲੀ ਨੂੰ ਵਧੇਰੇ ਲਚਕਦਾਰ ਬਣਾਉਣ ਦੀ ਲੋੜ: ਮੋਦੀ
ਨਵੀਂ ਦਿੱਲੀ, 3 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਪਰਾਧੀ ਫੰਡਿੰਗ ਤੇ ਗਤੀਵਿਧੀਆਂ ਚਲਾਉਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਨ ਅਤੇ ਅਜਿਹੇ ਵਿੱਚ ਜਾਂਚ ਤੇ ਨਿਆਂ ਲਈ ਵੱਖ ਵੱਖ ਮੁਲਕਾਂ ਵਿਚਾਲੇ ਸਹਿਯੋਗ ਵਧਾਉਣ ਦੀ ਲੋੜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇੱਕ-ਦੂਜੇ ਦੇ ਅਧਿਕਾਰ ਖੇਤਰ ਦਾ ਸਨਮਾਨ ਕਰਦਿਆਂ ਹੋਇਆ ਵੀ ਸਹਿਯੋਗ ਹੋ ਸਕਦਾ ਹੈ ਅਤੇ ਜਦੋਂ ਮੁਲਕ ਮਿਲ ਕੇ ਕੰਮ ਕਰਦੇ ਹਨ ਤਾਂ ਇਹ ਅਧਿਕਾਰ ਖੇਤਰ ਨਿਆਂ ਦੇਣ ਦਾ ਇਕ ਸਾਧਨ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਪਟੋਕਰੰਸੀ ਤੇ ਸਾਈਬਰ ਖਤਰਿਆਂ ਨੇ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ ਅਤੇ ਨਿਆਂਇਕ ਪ੍ਰਣਾਲੀ ਨੂੰ ਵਧੇਰੇ ਲਚਕਦਾਰ ਤੇ ਤਬਦੀਲੀਯੋਗ ਬਣਾਉਣ ਦੀ ਲੋੜ ਹੈ। ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀਐੱਲਈਏ)-ਕਾਮਨਵੈਲਥ ਅਟਾਰਨੀ ਤੇ ਸੌਲੀਸਿਟਰ ਜਨਰਲ ਸੰਮੇਲਨ (ਸੀਏਐੱਸਜੀਸੀ) ’ਚ ਮੋਦੀ ਨੇ ਕਿਹਾ ਕਿ ਦੇਸ਼ ’ਚ ਪਹਿਲਾਂ ਤੋਂ ਹੀ ਹਵਾਈ ਟਰੈਫਿਕ ਕੰਟਰੋਲ ਤੇ ਸਮੁੰਦਰੀ ਆਵਾਜਾਈ ਦੇ ਖੇਤਰ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਇਸ ਸਹਿਯੋਗ ਨੂੰ ਜਾਂਚ ਤੇ ਨਿਆਂ ਦਿੱਤੇ ਜਾਣ ਦੀ ਪ੍ਰਕਿਰਿਆ ਤੱਕ ਵਧਾਉਣ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ, ‘ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ ਤਾਂ ਅਧਿਕਾਰ ਖੇਤਰ ਨਿਆਂ ਦੇਣ ਦਾ ਜ਼ਰੀਆ ਬਣ ਜਾਂਦਾ ਹੈ।’
ਸੰਮੇਲਨ ਨੂੰ ਸੰਬੋਧਨ ਕਰਦਿਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਨਿਆਂ ਲਈ ਤਕਨੀਕ ਇੱਕ ‘ਸ਼ਕਤੀਸ਼ਾਲੀ ਮਾਧਿਅਮ’ ਵਜੋਂ ਉੱਭਰੀ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਤਕਨੀਕੀ ਸਿਸਟਮ ਨੂੰ ਬਰਾਬਰੀ ਤੇ ਤਾਲਮੇਲ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਿਆਂ ਪ੍ਰਤੀ ਸਾਂਝੀ ਪ੍ਰਤੀਬੱਧਤਾ ਕਾਇਮ ਕਰਨ ਦੇ ਮਹੱਤਵ ਨੂੰ ਪਛਾਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਕਾਨੂੰਨੀ ਅਧਿਕਾਰੀ ਸਿਆਸਤ ਤੋਂ ਪ੍ਰਭਾਵਿਤ ਨਾ ਹੋਣ ਅਤੇ ਕਾਨੂੰਨੀ ਕਾਰਵਾਈ ਦੀ ਅਖੰਡਤਾ ਯਕੀਨੀ ਬਣਾਉਂਦਿਆਂ ਅਦਾਲਤਾਂ ਵਿੱਚ ਮਰਿਆਦਾ ਪੂਰਨ ਢੰਗ ਨਾਲ ਵਿਹਾਰ ਕਰਨ। ਸੰਮੇਲਨ ਨੂੰ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਅਟਾਰਨੀ ਜਨਰਲ ਆਰ ਵੈਂਕਟਰਮਨੀ ਤੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਸੰਬੋਧਨ ਕੀਤਾ। -ਪੀਟੀਆਈ
ਉੜੀਸਾ ’ਚ 68 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
ਸੰਬਲਪੁਰ: ਪ੍ਰਧਾਨ ਮੰਤਰੀ ਨੇ ਅੱਜ ਇੱਥੇ 68 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਸੰਬਲਪੁਰ ਸਥਿਤ ਆਈਆਈਐੱਮ ’ਚ 400 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਥਾਈ ਕੰਪਲੈਕਸ ਦੇ ਉਦਘਾਟਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਊਰਜਾ, ਸੜਕ ਤੇ ਰੇਲਵੇ ਜਿਹੇ ਵੱਖ ਵੱਖ ਖੇਤਰਾਂ ’ਚ ਕਈ ਬੁਨਿਆਦੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਪੁਰੀ-ਸੋਨਪੁਰ-ਪੁਰੀ ਹਫ਼ਤਾਵਾਰੀ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਵੀ ਦਿਖਾਈ। ਸਮਾਗਮ ’ਚ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਰਾਜਪਾਲ ਰਘੁਬਰ ਦਾਸ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੀ ਹਾਜ਼ਰ ਸਨ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਦੌਰੇ ’ਤੇ ਅਸਾਮ ਪੁੱਜੇ
ਗੁਹਾਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਦੋ ਰੋਜ਼ਾ ਦੌਰੇ ’ਤੇ ਗੁਹਾਟੀ ਪਹੁੰਚ ਗਏ ਹਨ ਜਿੱਥੇ ਭਾਜਪਾ ਦੀ ਸੂਬਾਈ ਕੋਰ ਕਮੇਟੀ ਨਾਲ ਮੀਟਿੰਗ ਕਰਨਗੇ ਅਤੇ 11,600 ਕਰੋੜ ਰੁਪਏ ਦੇ ਕਰੀਬ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸ਼ਾਮ 6.30 ਵਜੇ ਦੇ ਕਰੀਬ ਇੱਥੋਂ ਦੇ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਰਾਜ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। -ਪੀਟੀਆਈ