ਐੱਨਡੀਈਸੀ ਦੀ ਸਾਲਾਨਾ ਅਲੂਮਨੀ ਮੀਟ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਨਵੰਬਰ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਜੀਐਨਡੀਈਸੀ ਵਿੱਚ 1960 ਤੋਂ 2022 ਬੈਚ ਤੱਕ ਦੇ ਗ੍ਰੈਜੂਏਟਾਂ ਦੀ ਮਿਲਣੀ ਹੋਈ ਜਿਸ ਵਿੱਚ ਉਨ੍ਹਾਂ ਨੇ ਨਾ ਸਿਰਫ ਕਾਲਜ ਨਾਲ ਜੁੜੀਆਂ ਯਾਦਾਂ ਤਾਜੀਆਂ ਕੀਤੀਆਂ, ਸਗੋਂ ਕਾਲਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ। ਇਸ ਪ੍ਰੋਗਰਾਮ ਵਿੱਚ ਸਿਰਫ ਭਾਰਤ ਤੋਂ ਹੀ ਨਹੀਂ ਸਗੋਂ ਅਮਰੀਕਾ, ਕੈਨੇਡਾ, ਆਸਟਰੇਲੀਆ, ਯੂਕੇ ਤੋਂ ਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕਰਕੇ ਇਸ ਨੂੰ ਗਲੋਬਲ ਪ੍ਰੋਗਰਾਮ ਬਣਾ ਦਿੱਤਾ। ਸਮਾਗਮ ਦਾ ਅਰੰਭ ਕਾਲਜ ਦੇ ਮੌਜੂਦਾ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤਾ। ਜੈਨਕੋ ਅਲੂਮਨੀ ਐਸੋਸੀਏਸ਼ਨ ਦੇ ਸਕੱਤਰ ਇੰਜ. ਅਰਵਿੰਦਰ ਸਿੰਘ ਅਤੇ ਇੰਜ. ਜੀਐਸ ਬਰਾੜ ਨੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਇਸ ਸਮਾਗਮ ਵਿੱਚ ਕਾਲਜ ਦੇ 1998 ਬੈਚ ਦੇ ਸਾਬਕਾ ਵਿਦਿਆਰਥੀ ਹਰਪ੍ਰੀਤ ਸਿੰਘ ਚੀਮਾ ਅਤੇ ਉਨ੍ਹਾਂ ਦੀ ਪਤਨੀ ਨੂੰ 2024 ਵਿੱਚ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਵਾਲੇ ਪਹਿਲੇ ਸਿੱਖ ਜੋੜੇ ਵਜੋਂ ਉਪਲਬਧੀ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ 2024-2026 ਲਈ ਇੱਕ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਾਬਕਾ ਚੀਫ ਇੰਜੀਨੀਅਰ ਇੰਜ. ਐੱਸਐੱਮਐੱਸ ਸੰਧੂ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਓਲੰਪੀਅਨ ਤੇ ਅਰਜੁਨ ਐਵਾਰਡੀ ਗੁਰਬੀਰ ਸਿੰਘ ਸੰਧੂ ਦਾ ਉਨ੍ਹਾਂ ਵੱਲੋਂ ਐਸੋਸੀਏਸ਼ਨ ਦੇ ਕਾਰਜਕਾਲਜ ਦੌਰਾਨ ਪਾਏ ਵਡਮੁੱਲੇ ਯੋਗਦਾਨ ਅਤੇ ਸਮਰਪਿਤ ਸੇਵਾਵਾਂ ਲਈ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਐਲੂਮਨੀ ਐਸੋਸੀਏਸ਼ਨ ਅਤੇ ਸਾਬਕਾ ਵਿਦਿਆਰਥੀਆਂ ਦੇ1973, 1991 ਅਤੇ 1992 ਬੈਚਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਤਿ ਆਧੁਨਿਕ ਕੰਪਿਊਟਰ ਲੈਬ, ਆਧੁਨਿਕ ਕਲਾਸ ਰੂਮ ਆਦਿ ਬਣਾ ਕੇ ਦੇਣ ਵਿੱਚ ਫੰਡਾਂ ਰਾਹੀਂ ਸਹਿਯੋਗ ਦਿੱਤਾ। ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਟਰੱਸਟੀ ਗੁਰਚਰਨ ਸਿੰਘ ਗਰੇਵਾਲ ਨੇ ਐਲੂਮੀਨੀ ਦੀ ਪ੍ਰਸ਼ੰਸਾ ਕੀਤੀ ਅਤੇ ਟਰੱਸਟ ਵੱਲੋਂ ਕਾਲਜ ਦੇ ਵਿਕਾਸ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਕਾਲਜ ਵਿੱਚ ਪਾਏ ਯੋਗਦਾਨ ਲਈ ਸਾਬਕਾ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਿੰ. ਡਾ. ਆਰਪੀ ਸਿੰਘ, ਡਾ. ਐਸਬੀ ਸਿੰਘ, ਡਾ. ਐੱਚਕੇ ਗਰੇਵਾਲ ਹਾਜ਼ਰ ਹੋਏ।