For the best experience, open
https://m.punjabitribuneonline.com
on your mobile browser.
Advertisement

ਐੱਨਸੀਸੀ: ਸਿੱਖਿਆ, ਅਨੁਸ਼ਾਸਨ ਅਤੇ ਰੁਜ਼ਗਾਰ

05:46 AM May 07, 2024 IST
ਐੱਨਸੀਸੀ  ਸਿੱਖਿਆ  ਅਨੁਸ਼ਾਸਨ ਅਤੇ ਰੁਜ਼ਗਾਰ
Advertisement

ਡਾ. ਸਰਬਜੀਤ ਸਿੰਘ

Advertisement

ਅੱਜ ਦੇ ਸਮੇਂ ਵਿਦਿਆਰਥੀ ਬਹੁਤ ਚੇਤੰਨ ਹੈ। ਇੱਕੀਵੀਂ ਸਦੀ ਦੇ ਵਿਚ ਪ੍ਰਵੇਸ਼ ਕਰ ਰਹੇ ਭਾਰਤ ਦੇ ਵਿਦਿਆਰਥੀ ਅੰਦਰ ਕੁਝ ਨਵਾਂ ਕਰਨ ਦੀ ਇੱਛਾ ਅਤੇ ਤਾਕਤ ਹੈ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਜਿਥੇ ਆਪਣੀ ਅਕਾਦਮਿਕ ਪੜ੍ਹਾਈ ਪੂਰੀ ਕਰਨੀ ਚਾਹੁੰਦਾ ਹੈ, ਉੱਥੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵੀ ਕਰਦਾ ਹੈ, ਜਿਸ ਨਾਲ ਉਸ ਨੂੰ ਵਾਧੂ ਫ਼ਾਇਦਾ ਹੋ ਸਕੇ। ਸਿੱਖਿਆ ਵਿਦਿਆਰਥੀ ਲਈ ਅਹਿਮ ਕੇਂਦਰ ਬਿੰਦੂ ਹੈ। ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਵਿਚ ਜੇਕਰ ਅਸੀਂ ਗੱਲ ਕਰੀਏ ਤਾਂ ਐੱਨਸੀਸੀ ਇਕ ਅਜਿਹੀ ਪ੍ਰਕਿਰਿਆ ਹੈ, ਜੋ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਅਨੁਸ਼ਾਸਨ ਸਿਖਾਉਂਦੀ ਹੈ ਅਤੇ ਪੜ੍ਹਾਈ ਤੋਂ ਬਾਅਦ ਉਸ ਦੀ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਵੀ ਕਰਦੀ ਹੈ। ਐੱਨਸੀਸੀ ਦੀ ਸ਼ੁਰੂਆਤ ਵਿਦਿਆਰਥੀ ਲਈ ਸਕੂਲ ਪੱਧਰ ਤੋਂ ਹੀ ਹੋ ਜਾਂਦੀ ਹੈ ਅਤੇ ਜੇਕਰ ਵਿਦਿਆਰਥੀ ਚਾਹੇ ਤਾਂ ਇਸ ਨੂੰ ਕਾਲਜ ਪੱਧਰ ਤੱਕ ਜਾਰੀ ਰੱਖ ਸਕਦਾ ਹੈ। ਵਿਦਿਆਰਥੀ ਜੀਵਨ ਵਿੱਚ ਬਹੁਤ ਸਾਰੀਆਂ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਐੱਨਐੱਸਐੱਸ, ਐੱਨਸੀਸੀ ਅਤੇ ਸੱਭਿਆਚਾਰਕ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ ਪਰ ਐੱਨਸੀਸੀ ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚੋਂ ਅਹਿਮ ਹੈ ਕਿਉਂਕਿ ਜਦੋਂ ਵਿਦਿਆਰਥੀ ਐੱਨਸੀਸੀ ਕਰਦਾ ਹੈ ਤਾਂ ਉਹ ਸਮਾਜ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਦਾ ਹੋਇਆ, ਜਿੱਥੇ ਆਪਣੀ ਜ਼ਿੰਦਗੀ ਵਿੱਚ ਸਿੱਖਿਆ ਪ੍ਰਾਪਤ ਕਰਦਾ ਹੈ ਉੱਥੇ ਨਾਲ-ਨਾਲ ਅਨੁਸ਼ਾਸਨ ਵੀ ਸਿੱਖਦਾ ਹੈ। ਵਿਦਿਆਰਥੀ ਜੀਵਨ ਵਿਚ ਐੱਨਸੀਸੀ ਦੀ ਮਹੱਤਤਾ ਬਾਰੇ ਕੁਝ ਮਹੱਤਵਪੂਰਨ ਪਹਿਲੂ ਹਨ, ਜਿਨ੍ਹਾਂ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ।
ਐੱਨਸੀਸੀ ਕੀ ਹੈ
ਐੱਨਸੀਸੀ ਵਿੰਗ ਭਾਰਤੀ ਸੈਨਾ ਦਾ ਇਕ ਮਹੱਤਵਪੂਰਨ ਅੰਗ ਹੈ, ਜਿਸ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਨੌਕਰੀ ਲਈ ਵੀ ਪ੍ਰੇਰਿਤ ਹੁੰਦੇ ਹਨ। ਭਾਰਤੀ ਫ਼ੌਜ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਐੱਨਸੀਸੀ ਦੀ ਸਥਾਪਨਾ ਕੀਤੀ ਗਈ ਹੈ। ਐੱਨਸੀਸੀ ਦੀਆਂ ਤਿੰਨ ਬਰਾਂਚਾਂ ਹਨ, ਜਿਸ ਵਿੱਚ ਆਰਮੀ ਵਿੰਗ, ਏਅਰ ਵਿੰਗ ਅਤੇ ਨੇਵਲ ਵਿੰਗ ਹਨ। ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਅਤੇ ਦੇਸ਼ ਭਗਤ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ। ਇਸ ਦਾ ਮੁੱਖ ਦਫਤਰ ਦਿੱਲੀ ਵਿਚ ਹੈ ਅਤੇ ਇਸ ਦੇ ਖੇਤਰੀ ਦਫਤਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਥਿਤ ਹਨ। ਇਸ ਸੰਸਥਾ ਨੇ 1948 ਤੋਂ ਸ਼ੁਰੂ ਹੋ ਕੇ ਦੇਸ਼ ਨਿਰਮਾਣ ਵਿਚ ਬਹੁਤ ਯੋਗਦਾਨ ਪਾਇਆ ਹੈ। ਐੱਨਸੀਸੀ ਅਜਿਹਾ ਮੰਚ ਹੈ, ਜੋ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਲਈ ਪ੍ਰੇਰਿਤ ਕਰਦਾ ਹੈ। ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਦੇ ਅੰਦਰ ਜਿਹੜੇ ਵਿਦਿਆਰਥੀ ਰਾਸ਼ਟਰੀ ਸੇਵਾ ਜਾਂ ਹਥਿਆਰਬੰਦ ਸੈਨਾ ਵਿੱਚ ਆਪਣਾ ਭਵਿੱਖ ਦੇਖਦੇ ਹਨ, ਉਹ ਸਕੂਲ ਅਤੇ ਕਾਲਜ ਪੱਧਰ ’ਤੇ ਐੱਨਸੀਸੀ ਮੰਚ ਨੂੰ ਅਪਣਾਉਂਦੇ ਹਨ। ਐੱਨਸੀਸੀ ਦੇ ਅਧੀਨ ਆਰਮੀ, ਏਅਰ ਅਤੇ ਨੇਵਲ ਵਿੰਗ ਵਿੱਚ ਵਿਦਿਆਰਥੀ ਸਕੂਲ ਪੱਧਰ ਵਿਚ ਦੋ ਸਾਲਾ ਅਤੇ ਕਾਲਜ ਪੱਧਰ ਵਿੱਚ ਤਿੰਨ ਸਾਲਾ ਕੋਰਸ ਵਿੱਚ ਸ਼ਾਮਲ ਹੋ ਸਕਦੇ ਹਨ। ਵਿਦਿਆਰਥੀ ਇਸ ਸਮੇਂ ਦੌਰਾਨ ਜਿੱਥੇ ਆਪਣਾ ਅਕਾਦਮਿਕ ਕੋਰਸ ਕਰਦਾ ਹੈ, ਉੱਥੇ ਨਾਲ-ਨਾਲ ਹੀ ਐੱਨਸੀਸੀ ਦੇ ਅੰਤਰਗਤ ਇਕ ਵਿਸ਼ੇਸ਼ ਜੀਵਨ ਜਾਚ ਸਿੱਖ ਕੇ ਦੇਸ਼ ਅੰਦਰ ਹਥਿਆਰਬੰਦ ਸੈਨਾ ਵਿੱਚ ਸ਼ਾਮਲ ਹੋਣ ਲਈ ਰਾਹ ਵੀ ਖੋਲ੍ਹਦਾ ਹੈ। ਪੂਰੇ ਦੇਸ਼ ਵਿੱਚ ਬਹੁਤ ਸਾਰੇ ਸਕੂਲ ਅਤੇ ਕਾਲਜ ਐੱਨਸੀਸੀ ਦੇ ਅੰਤਰਗਤ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰ ਰਹੇ ਹਨ।
ਰੁਜ਼ਗਾਰ ਵਿੱਚ ਐੱਨਸੀਸੀ ਸਰਟੀਫਿਕੇਟ ਦੇ ਲਾਭ
ਐੱਨਸੀਸੀ ਵਿੱਚ ਬੀ ਅਤੇ ਸੀ ਸਰਟੀਫਿਕੇਟ ਪ੍ਰਾਪਤ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਵੇਲੇ ਬਹੁਤ ਸਾਰੇ ਫਾਇਦੇ ਮਿਲਦੇ ਹਨ। ਭਾਰਤੀ ਫ਼ੌਜ ਵਿਚ ਐੱਨਸੀਸੀ ਸਰਟੀਫਿਕੇਟ ਪ੍ਰਾਪਤ ਵਿਦਿਆਰਥੀਆਂ ਨੂੰ ਤਵੱਜੋਂ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਜਿੰਨੀਆਂ ਵੀ ਨੌਕਰੀਆਂ ਲਈ ਇਸ਼ਤਿਹਾਰ ਨਿਕਲਦੇ ਹਨ, ਇਸ ਵਿਚ ਐੱਨਸੀਸੀ ਲਈ ਅੰਕ ਰੱਖੇ ਗਏ ਹਨ। ਨੌਕਰੀਆਂ ਵਿੱਚ ਜਿਸ ਤਰ੍ਹਾਂ ਸਪੋਰਟਸ ਦੇ ਅੰਕ ਰੱਖੇ ਜਾਂਦੇ ਹਨ, ਉਸੇ ਤਰ੍ਹਾਂ ਹੀ ਐੱਨਸੀਸੀ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਨੌਕਰੀ ਵਿੱਚ ਵਿਸ਼ੇਸ਼ ਤਵੱਜੋਂ ਦਿੱਤੀ ਜਾਂਦੀ ਹੈ। ਐੱਨਸੀਸੀ ਸਰਟੀਫਿਕੇਟ ਪ੍ਰਾਪਤ ਵਿਦਿਆਰਥੀਆਂ ਨੂੰ ਮਿਲਣ ਵਾਲੇ ਫਾਇਦੇ ਬਹੁਤ ਸਾਰੇ ਹਨ।
1. ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਐੱਨਸੀਸੀ ਕੈਡੇਟਾਂ ਦੀ ਨੌਕਰੀ ਲਈ ਬਹੁਤ ਸਾਰੇ ਮਹੱਤਵਪੂਰਨ ਖੇਤਰਾਂ (ਮੈਡੀਕਲ ਅਤੇ ਤਕਨੀਕੀ ਖੇਤਰਾਂ) ਵਿਚ ਛੋਟ ਸਦਕਾ ਸਿੱਧੀ ਭਰਤੀ ਕੀਤੀ ਜਾਂਦੀ ਹੈ ਪਰ ਅਜਿਹੇ ਉਮੀਦਵਾਰਾਂ ਨੂੰ ਮੈਡੀਕਲ ਖੇਤਰ ਵਿਚ ਦਾਖਲਾ ਲੈਣ ਲਈ ਪੀਐੈੱਮਟੀ ਪਾਸ ਕਰਨਾ ਪੈਂਦਾ ਹੈ।
2. ਇਸ ਤੋਂ ਇਲਾਵਾ ਭਾਰਤੀ ਫੌਜ (ਜੀਡੀ ਲਈ ਕੋਈ ਲਿਖਤੀ ਪ੍ਰੀਖਿਆ) ਵਿਚ ਸਿੱਧੀ ਭਰਤੀ ਹੈ। ਸਾਰੇ ਅਰਧ ਸੈਨਿਕ ਬਲ, ਭਾਰਤੀ ਮਿਲਟਰੀ ਅਕੈਡਮੀ (ਵਿਸ਼ੇਸ਼ ਪ੍ਰਵੇਸ਼), ਪੁਲੀਸ ਵਿਭਾਗ (ਸਾਰੇ ਰਾਜਾਂ ਲਈ ਜ਼ਰੂਰੀ ਨਹੀਂ) ਵਿਚ ਨੌਕਰੀ ਲਈ ਵਿਸ਼ੇਸ਼ ਛੋਟ ਹੈ। ਐੱਨਸੀਸੀ ਸਰਟੀਫਿਕੇਟ ਪ੍ਰਾਪਤ ਲਈ ਇੰਡੀਅਨ ਆਰਮਡ ਫੋਰਸ ਵਿਚ ਕੁਝ ਰਾਖਵਾਂਕਰਨ ਹੈ। ਆਰਮੀ/ਏਅਰ ਫੋਰਸ/
ਨੇਵੀ ਐੱਨਸੀਸੀ ਧਾਰਕ ਨੂੰ ਅਫਸਰ ਵਜੋਂ ਐੱਨਸੀਸੀ ਸਪੈਸ਼ਲ ਐਂਟਰੀ ਸਕੀਮ ਵੀ ਪ੍ਰਦਾਨ ਕਰਦੀਆਂ ਹਨ। ਕੈਡਿਟ ਆਪਣੇ ਵਿੰਗਾਂ ਵਿਚ ਲਾਗੂ ਹੁੰਦੇ ਨਿਯਮਾਂ ਅਨੁਸਾਰ ਭਾਰਤੀ ਰੱਖਿਆ ਵਿੱਚ ਕਮਿਸ਼ਨਡ ਅਧਿਕਾਰੀ ਬਣ ਸਕਦੇ ਹਨ।
3. ਐੱਨਸੀਸੀ ਕੈਡਿਟ ਲਈ ਏਅਰਫੋਰਸ, ਜਲ ਸੈਨਾ ਜਾਂ ਭਾਰਤੀ ਫੌਜ ਵਿਚ ਵਿਸ਼ੇਸ਼ ਐਂਟਰੀਆਂ ਮਿਲਦੀਆਂ ਹਨ। ਕੈਡਿਟ ਨੂੰ ਲਿਖਤੀ ਇਮਤਿਹਾਨ ਲਈ ਬਿਨੈ ਕਰਨ ਦੀ ਜ਼ਰੂਰਤ ਨਹੀਂ ਹੈ, ਸਿੱਧੇ ਐੱਸਐੱਸਬੀ ਲਈ ਬੁਲਾਇਆ ਜਾਵੇਗਾ। ਸੀਡੀਐੱਸ ਲਈ ਲਿਖਤੀ ਇਮਤਿਹਾਨ ਹਨ ਪਰ 32 ਸੀਟਾਂ ਐੱਨਸੀਸੀ ਉਮੀਦਵਾਰਾਂ ਲਈ ਰਾਖਵੀਆਂ ਹਨ।
4. ਜਿਸ ਉਮੀਦਵਾਰ ਕੋਲ ਇੱਕ ਐੱਨਸੀਸੀ ਸਰਟੀਫਿਕੇਟ (ਘੱਟੋ ਘੱਟ 60 ਫ਼ੀਸਦ ਅੰਕਾਂ ਨਾਲ) ਹੈ, ਉਹ ਐੱਨਸੀਸੀ ਦੀ ਵਿਸ਼ੇਸ਼ ਪਹਿਲਕਦਮੀ ਵਜੋਂ ਭਾਰਤੀ ਜਲ ਸੈਨਾ, ਥਲ ਸੈਨਾ ਜਾਂ ਭਾਰਤੀ ਹਵਾਈ ਸੈਨਾ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਦਾ ਹੈ ਅਤੇ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਅਧਿਕਾਰੀ ਬਣ ਸਕਦਾ ਹੈ। ਉਹ ਸਾਰੇ ਉਮੀਦਵਾਰ ਜੋ ਭਾਰਤੀ ਫੌਜ ਵਿਚ ਸਿਪਾਹੀ ਬਣਨਾ ਚਾਹੁੰਦੇ ਹਨ, ਜੇ ਉਨ੍ਹਾਂ ਕੋਲ ਐੱਨਸੀਸੀ ਸਰਟੀਫਿਕੇਟ ਹੈ ਤਾਂ ਉਨ੍ਹਾਂ ਨੂੰ ਲਗਭਗ 70 ਫ਼ੀਸਦ ਤੱਕ ਦੀ ਛੋਟ ਮਿਲੇਗੀ।
5. ਸਾਰੀਆਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਪ੍ਰੀਖਿਆਵਾਂ ਜਿਵੇਂ ਬੈਂਕਾਂ, ਜਨਤਕ ਖੇਤਰ ਦੀਆਂ ਇਕਾਈਆਂ, ਸਿਵਲ ਸੇਵਾਵਾਂ ਅਤੇ ਪੁਲੀਸ ਵਿਭਾਗ ਵਿਚ ਲਾਭ ਮਿਲੇਗਾ।
ਕਾਲਜ ਅਤੇ ਸਕੂਲਾਂ ਵਿੱਚ ਐੱਨਸੀਸੀ ਦੀਆਂ ਸੀਟਾਂ ਬਹੁਤ ਸੀਮਤ ਹੁੰਦੀਆਂ ਹਨ। ਇਸ ਲਈ ਬਹੁਤ ਹੀ ਘੱਟ ਵਿਦਿਆਰਥੀਆਂ ਨੂੰ ਐੱਨਸੀਸੀ ਮਿਲਦੀ ਹੈ। ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ-2020 ਦੇ ਅੰਤਰਗਤ ਐੱਨਸੀਸੀ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਚੋਣਵੇਂ ਵਿਸ਼ੇ ਵਜੋਂ ਸ਼ੁਰੂ ਕਰਨ ਲਈ ਕਦਮ ਪੁੱਟਿਆ ਹੈ। ਇਸ ਨਾਲ ਵਿਦਿਆਰਥੀ ਸਿਰਫ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾ ਰਹੇ ਸੀਮਤ ਰਹਿਣ ਦੀ ਬਜਾਏ ਆਪਣੀ ਵਿਸ਼ੇ ਦੀ ਚੋਣ ਕਰ ਸਕਦੇ ਹਨ। ਇਸ ਦਾ ਉਦੇਸ਼ ਸਿਖਲਾਈ ਨੂੰ ਹੋਰ ਸੰਪੂਰਨ ਅਤੇ ਕਿੱਤਾਮੁਖੀ ਬਣਾਉਣਾ ਹੈ। ਕੋਰਸ ਦੇ ਸਫਲਤਾਪੂਰਵਕ ਪੂਰਾ ਹੋਣ ’ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਮਹੱਤਵਪੂਰਨ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਲਈ ਬੀ ਅਤੇ ਸੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਚੋਣਵੇਂ ਵਿਸ਼ੇ ਵਜੋਂ ਐੱਨਸੀਸੀ ਸਿਲੇਬਸ ਕੌਮੀ ਸਿੱਖਿਆ ਨੀਤੀ 2020 ਦੇ ਚੁਆਇਸ ਬੇਸਡ ਕ੍ਰੈਡਿਟ ਸਿਸਟਮ (ਸੀਬੀਸੀਐੱਸ) ਦੇ ਅਨੁਸਾਰ ਤਿਆਰ ਕੀਤਾ ਗਿਆ ਹੈ, ਜੋ 6 ਸਮੈਸਟਰਾਂ ਅਧੀਨ 24 ਕ੍ਰੈਡਿਟ ਪੁਆਇੰਟਸ ਦਿੰਦਾ ਹੈ। ਕੌਮੀ ਪੱਧਰ ’ਤੇ ਯੂਜੀਸੀ ਨੈਸ਼ਨਲ ਕੈਡੇਟ ਕੋਰਪਸ ਦੇ ਡਾਇਰੈਕਟੋਰੇਟ ਜਨਰਲ, ਨਵੀਂ ਦਿੱਲੀ ਦੇ ਸੁਝਾਅ ਅਨੁਸਾਰ ਸਿੱਖਿਆ ਵਿਚ ਐੱਨਸੀਸੀ ਨੂੰ ਚੋਣਵੇਂ ਵਿਸ਼ੇ ਵਜੋਂ ਸ਼ੁਰੂ ਕਰਨ ਲਈ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਨਵੀਂ ਐਜੂਕੇਸ਼ਨ ਪਾਲਸੀ 2020, ਚੁਆਇਸ ਬੇਸਡ ਕ੍ਰੈਡਿਟ ਸਿਸਟਮ (ਸੀ.ਬੀ.ਸੀ.ਐਸ) ਅਨੁਸਾਰ ਹੈ। ਇਸ ਦੇ ਅੰਤਰਗਤ ਇਹ ਮਹਿਸੂਸ ਕੀਤਾ ਗਿਆ ਹੈ ਕਿ ਐੱਨਸੀਸੀ ਨੂੰ ਵਧੇਰੇ ਪ੍ਰਸਿੱਧ ਬਣਾਉਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਚੋਣਵੇਂ ਵਿਸ਼ੇ ਵਜੋਂ ਕੋਰਸ ਦੇ ਰੂਪ ’ਚ ਲਾਗੂ ਕਰਨਾ ਚਾਹੀਦਾ ਹੈ, ਜਿਸ ਨਾਲ ਐੱਨਸੀਸੀ ਵਿਚ ਦਾਖਲ ਹੋਏ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ।
*ਸਬ ਲੈਫਟੀਨੈਂਟ (ਇੰਡੀਅਨ ਨੇਵੀ) 1 ਪੰਜਾਬ ਨੇਵਲ ਯੂਨਿਟ ਐੱਨਸੀਸੀ, ਨੰਗਲ।
ਸੰਪਰਕ: 9417626925

Advertisement
Author Image

joginder kumar

View all posts

Advertisement
Advertisement
×