For the best experience, open
https://m.punjabitribuneonline.com
on your mobile browser.
Advertisement

ਨਾਜ਼ੀ ਹਥਿਆਰ

10:12 AM Sep 03, 2023 IST
ਨਾਜ਼ੀ ਹਥਿਆਰ
Advertisement

ਪਰਮਜੀਤ ਢੀਂਗਰਾ

Advertisement

ਇਤਿਹਾਸ

ਨਾਜ਼ੀ ਜਰਮਨੀ ਸਿਰਫ਼ ਯਹੂਦੀਆਂ ਖਿਲਾਫ਼ ਹੀ ਨਹੀਂ ਸੀ ਸਗੋਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਜਿਪਸੀ, ਸਮਲਿੰਗੀ, ਮਾਰਕਸਵਾਦੀ ਸਾਰਿਆਂ ਨੂੰ ਜਿਊਣ ਦਾ ਹੱਕ ਨਹੀਂ। ਉਨ੍ਹਾਂ ਦੀ ਗੁਪਤ ਯੋਜਨਾ ਪੂਰੀ ਦੁਨੀਆ ਵਿੱਚ ਆਪਣੀ ਹਕੂਮਤ ਕਾਇਮ ਕਰਨ ਦੀ ਸੀ। ਉਨ੍ਹਾਂ ਨੇ ਇਹਦੇ ਲਈ ਕਈ ਯੋਜਨਾਵਾਂ ਬਣਾਈਆਂ ਹੋਈਆਂ ਸਨ। ਉਹ ਕੰਨਸਨਟ੍ਰੇਸ਼ਨ ਕੈਂਪ ਚਲਾ ਰਹੇ ਸਨ, ਗੈਸ ਚੈਂਬਰਾਂ ਵਿੱਚ ਯਹੂਦੀਆਂ ਤੇ ਵਿਰੋਧੀਆਂ ਨੂੰ ਧੱਕ ਧੱਕ ਕੇ ਮਾਰ ਰਹੇ ਸਨ। ਕੈਦੀਆਂ ’ਤੇ ਜ਼ਾਲਮਾਨਾ ਤਰੀਕੇ ਨਾਲ ਪ੍ਰਯੋਗ ਕੀਤੇ ਜਾ ਰਹੇ ਸਨ। ਮਨੁੱਖ ਨੂੰ ਮਨੁੱਖ ਨਾ ਸਮਝ ਕੇ ਵਸਤ ਵਾਂਗ ਇਸਤੇਮਾਲ ਕਰ ਰਹੇ ਸਨ। ਇਹਦੇ ਲਈ ਉਨ੍ਹਾਂ ਇੱਕ ਯੋਜਨਾ ਬਣਾਈ ਸੀ ਜਿਸਦਾ ਨਾਂ ਸੀ ‘ਆਪ੍ਰੇਸ਼ਨ ਬਰਨਹਾਰਡ’। ਦੂਜੀ ਆਲਮੀ ਜੰਗ ਦੌਰਾਨ ਚਲਾਇਆ ਜਾ ਰਿਹਾ ਇਹ ਗੁਪਤ ਮਿਸ਼ਨ ਸੀ।
ਇਸ ਗੁਪਤ ਮਿਸ਼ਨ ਦਾ ਮੁੱਖ ਕੰਮ ਸੀ ਕਿ ਗੁਪਤ ਰੂਪ ਵਿੱਚ ਇੰਗਲੈਂਡ ਦੀ ਨਕਲੀ ਕਰੰਸੀ ਛਾਪਣਾ ਤੇ ਨਕਲੀ ਬੈਂਕ ਚਲਾਉਣਾ। ਨਕਲੀ ਕਰੰਸੀ ਦੀ ਏਨੀ ਭਰਮਾਰ ਕਰ ਦੇਣੀ ਕਿ ਇੰਗਲੈਂਡ ਦਾ ਅਰਥਚਾਰਾ ਤਹਿਸ ਨਹਿਸ ਹੋ ਕੇ ਤਬਾਹ ਹੋ ਜਾਏ। ਨਾਜ਼ੀ ਸਰਕਾਰ ਅਜਿਹਾ ਕੰਮ ਖ਼ੁਦ ਨਾ ਕਰਕੇ ਇਹਦੇ ਲਈ ਉਨ੍ਹਾਂ ਕੈਦੀਆਂ ਦੀ ਵਰਤੋਂ ਕਰਦੀ ਸੀ ਜੋ ਇਸ ਵਿੱਚ ਮਾਹਰ ਸਨ। ਯਹੂਦੀਆਂ ਬਾਰੇ ਇਹ ਪ੍ਰਸਿੱਧ ਹੈ ਕਿ ਹੋਰ ਕਲਾਵਾਂ ਦੇ ਨਾਲ ਨਾਲ ਉਹ ਸੁਨਿਆਰੇ, ਦਰਜੀ, ਲੁਹਾਰ ਆਦਿ ਦੇ ਹੁਨਰ ਵਿੱਚ ਬੜੇ ਮਾਹਰ ਹੁੰਦੇ ਹਨ। ਨਾਜ਼ੀਆਂ ਨੇ ਉਨ੍ਹਾਂ ਦੇ ਅਜਿਹੇ ਗੁਣਾਂ ਨਾ ਫ਼ਾਇਦਾ ਉਠਾ ਕੇ ਦੁਸ਼ਮਣ ਨੂੰ ਕਮਜ਼ੋਰ ਕਰਨ ਦੀਆਂ ਯੋਜਨਾਵਾਂ ਉਲੀਕੀਆਂ। ਅਜਿਹੇ ਹੁਨਰੀ ਕਾਰੀਗਰਾਂ ਨੂੰ ਕੰਨਸਨਟ੍ਰੇਸ਼ਨ ਕੈਂਪਾਂ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਦੇ ਕੇ ਉਨ੍ਹਾਂ ਕੋਲੋਂ ਆਪਣਾ ਮਤਲਬ ਕੱਢਦੇ ਸਨ। ਹਾਲਾਂਕਿ ਇਨ੍ਹਾਂ ਹੁਨਰਮੰਦਾਂ ’ਤੇ ਵੀ ਹਮੇਸ਼ਾਂ ਮੌਤ ਦੀ ਤਲਵਾਰ ਲਟਕਦੀ ਰਹਿੰਦੀ ਸੀ ਤੇ ਉਨ੍ਹਾਂ ਨਾਲ ਵੀ ਕਈ ਵਾਰ ਬਦਸਲੂਕੀ ਕੀਤੀ ਜਾਂਦੀ ਸੀ। ਇਨ੍ਹਾਂ ਯਹੂਦੀ ਕੈਦੀਆਂ ’ਤੇ ਪਿਸ਼ਾਬ ਕਰ ਦੇਣਾ, ਲੱਤਾਂ, ਘਸੁੰਨਾਂ ਨਾਲ ਉਨ੍ਹਾਂ ਦੇ ਜਬਾੜੇ ਸੇਕ ਦੇਣਾ, ਉਨ੍ਹਾਂ ਦਾ ਖਾਣਾ ਠੁੱਡੇ ਮਾਰ ਕੇ ਖਿਲਾਰ ਦੇਣਾ ਆਮ ਜਿਹੀਆਂ ਗੱਲਾਂ ਸਨ।
ਹੁਨਰਮੰਦ ਕੈਦੀਆਂ ਵਿੱਚ ਅਡੋਲਫ ਬਰਗਰ ਦਾ ਵਿਸ਼ੇਸ਼ ਸਥਾਨ ਸੀ। ਉਹਦਾ ਜਨਮ 12 ਅਗਸਤ 1917 ਨੂੰ ਸਲੋਵਾਕੀਆ ਵਿੱਚ ਹੋਇਆ। ਇਹ ਇਲਾਕਾ ਤਤਾਰਾਂ ਦਾ ਮੰਨਿਆ ਜਾਂਦਾ ਹੈ। ਉਹ ਸਾਢੇ ਚਾਰ ਵਰ੍ਹਿਆਂ ਦਾ ਸੀ ਜਦੋਂ ਉਹਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਉਹਦੇ ਦਾਦਾ ਦਾਦੀ ਤੇ ਮਾਂ ਨੇ ਚਾਰ ਬੱਚਿਆਂ ਸਮੇਤ ਆਪਣਾ ਪਿੰਡ ਛੱਡ ਦਿੱਤਾ ਤੇ ਨੇੜਲੇ ਸ਼ਹਿਰ ਪੋਪਰਾਟ ਵਿੱਚ ਰਹਿਣ ਲਈ ਚਲੇ ਗਏ। ਚੌਦਾਂ ਵਰ੍ਹਿਆਂ ਦੀ ਉਮਰੇ ਉਹ ਪ੍ਰਿੰਟਿੰਗ ਤੇ ਟਾਈਪ ਸੈਟਿੰਗ ਦਾ ਕੰਮ ਸਿੱਖਣ ਲਈ ਇੱਕ ਪ੍ਰਿੰਟਿੰਗ ਹਾਊਸ ਚਲਾ ਗਿਆ। ਉਨ੍ਹਾਂ ਦਿਨਾਂ ਵਿੱਚ ਯਹੂਦੀਆਂ ਨਾਲ ਭੈੜੇ ਵਰਤਾਓ ਕਰਕੇ ਉਹਦੀ ਮਾਂ ਨੇ ਦੁਬਾਰਾ ਇੱਕ ਇਸਾਈ ਨਾਲ ਵਿਆਹ ਕਰਵਾ ਲਿਆ ਜਿਸ ਨੇ ਉਨ੍ਹਾਂ ਨੂੰ ਯਹੂਦੀ ਦੀ ਬਜਾਏ ਇਸਾਈ ਰੁਤਬਾ ਦਿੱਤਾ। ਉਹਦਾ ਪਰਿਵਾਰ ਇੱਕ ਐਨ.ਜੀ.ਓ. ਦੀ ਮਦਦ ਨਾਲ ਫਲਸਤੀਨ ਚਲਾ ਗਿਆ ਪਰ ਉਹਨੇ ਓਥੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ।
1938 ਤੱਕ ਉਹ ਬਰਾਤੀਸਲਾਵਾ ਵਿੱਚ ਰਹਿ ਕੇ ਪ੍ਰਿੰਟਿੰਗ ਪ੍ਰੈਸ ਵਿੱਚ ਨੌਕਰੀ ਕਰਦਾ ਰਿਹਾ। ਦੂਜੀ ਆਲਮੀ ਜੰਗ ਸਮੇਂ ਸਲੋਵਾਕੀਆ ਨੇ ਆਪਣੇ ਦੇਸ਼ ਵਿੱਚ ਰਹਿ ਰਹੇ ਯਹੂਦੀਆਂ ਨੂੰ ਜਲਾਵਤਨ ਕਰਕੇ ਜਰਮਨ ਭੇਜਣ ਦਾ ਫ਼ੈਸਲਾ ਕਰ ਲਿਆ। ਅਡੋਲਫ ਨੂੰ ਹੁਨਰੀ ਕਾਮਾ ਹੋਣ ਕਰਕੇ ਇਸ ਤੋਂ ਛੋਟ ਮਿਲ ਗਈ ਕਿਉਂਕਿ ਸਰਕਾਰ ਦਾ ਤਰਕ ਸੀ ਕਿ ਦੇਸ਼ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਹੈ। ਅਡੋਲਫ ਮੂਲ ਰੂਪ ’ਚ ਟਾਇਪੋਗ੍ਰਾਫਰ ਸੀ ਤੇ ਉਹ ਬਪਤਿਸਮਾ ਦੇ ਨਕਲੀ ਸਰਟੀਫਿਕੇਟ ਬਣਾਉਂਦਾ ਸੀ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਉਹ ਰੋਮਨ ਕੈਥੋਲਿਕ ਹਨ ਤੇ ਉਨ੍ਹਾਂ ਨੇ ਬਪਤਿਸਮਾ ਲਿਆ ਹੋਇਆ ਹੈ। ਇਸ ਤਰ੍ਹਾਂ ਉਹ ਯਹੂਦੀਆਂ ਨੂੰ ਕੰਨਸਨਟ੍ਰੇਸ਼ਨ ਕੈਂਪਾਂ ਵਿਚ ਜਾਣ ਤੋਂ ਬਚਾਉਂਦਾ ਸੀ।
ਉਹਦੇ ਕੰਮਾਂ ਦਾ ਪਤਾ ਲੱਗਣ ’ਤੇ ਹੀ ਉਹਨੂੰ 11 ਅਗਸਤ 1942 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਗਿਜ਼ਾਲਾ ਨਾਲ ਉਹਦਾ ਵਿਆਹ ਹੋਏ ਨੂੰ ਸੱਤ ਮਹੀਨੇ ਹੋਏ ਸਨ। ਉਨ੍ਹਾਂ ਨੂੰ ਜਲਾਵਤਨ ਕਰਕੇ ਔਸ਼ਵਿਚਜ਼ ਕੰਨਸਨਟ੍ਰੇਸ਼ਨ ਕੈਂਪ ਵਿੱਚ ਭੇਜ ਦਿੱਤਾ ਗਿਆ। ਓਥੇ ਅਠਾਰਾਂ ਮਹੀਨੇ ਰਹਿਣ ਤੋਂ ਬਾਅਦ ਔਸ਼ਵਿਚਜ਼-ਬੀਰਕਨੇਊ ਟਰੇਨਿੰਗ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ। ਅਪਰੈਲ 1944 ਵਿੱਚ ਉਨ੍ਹਾਂ ਨੂੰ ਸਚਸੇਨਹਾਊਸੇਨ ਕੰਨਸਨਟ੍ਰੇਸ਼ਨ ਕੈਂਪ ਵਿੱਚ ਭੇਜ ਦਿਤਾ ਗਿਆ ਜਿੱਥੋਂ 6 ਮਈ 1945 ਨੂੰ ਅਮਰੀਕੀ ਫ਼ੌਜ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇਸ ਤਰ੍ਹਾਂ ਉਹ ਹੋਲੋਕਾਸਟ ਤੋਂ ਬਚਣ ਵਾਲਿਆਂ ਵਿੱਚ ਸ਼ਾਮਲ ਹੋ ਗਿਆ। ਉਹਦੇ ਮਤਰੇਏ ਪਿਓ ਤੇ ਮਾਂ ਨੂੰ ਵੀ ਕੁਝ ਦੇਰ ਬਾਅਦ ਮਾਰ ਦਿੱਤਾ ਗਿਆ।
ਅਖੀਰ ਉਹ ਪਰਾਗ ਚਲਾ ਗਿਆ ਤੇ ਓਥੇ ਰਹਿਣ ਦਾ ਫ਼ੈਸਲਾ ਕੀਤਾ। ਓਥੇ ਉਹਨੂੰ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਮਿਲ ਗਈ ਜਿਸ ਦਾ ਉਹ 1933 ਤੋਂ ਮੈਂਬਰ ਸੀ। ਬਾਅਦ ਵਿੱਚ ਉਹਨੇ ਸ਼ਿਪਯਾਰਡ, ਪਰਾਗ ਮਿਉਂਸਿਪਲ ਕੌਂਸਲ ਤੇ ਟੈਕਸੀ-ਕੈਬ ਦੇ ਡਾਇਰੈਕਟਰ ਵਜੋਂ ਕੰਮ ਕੀਤਾ। 6 ਦਸੰਬਰ 2016 ਨੂੰ 99 ਵਰ੍ਹਿਆਂ ਦੀ ਉਮਰ ਭੋਗ ਕੇ ਉਹ ਇਸ ਸੰਸਾਰ ਤੋਂ ਅਲਵਿਦਾ ਹੋਇਆ।
ਜਦੋਂ ਉਹਨੂੰ ਸਚਸੇਨਹਾਊਸੇਨ ਕੰਨਸਨਟ੍ਰੇਸ਼ਨ ਕੈਂਪ ਵਿੱਚ ਭੇਜਿਆ ਗਿਆ ਤਾਂ ਉਹਦੀ ਹੁਨਰੀ ਪ੍ਰਤਿਭਾ ਕਰਕੇ ਉਹਨੂੰ ਗੁਪਤ ਮਿਸ਼ਨ ‘ਆਪ੍ਰੇਸ਼ਨ ਬਰਨਹਾਰਡ’ ਨਾਲ ਜੋੜ ਦਿਤਾ ਗਿਆ। ਦੂਜੀ ਆਲਮੀ ਜੰਗ ਦੀ ਸਮਾਪਤੀ ਤੋਂ ਬਾਅਦ ਅਡੋਲਫ ਬਰਗਰ ਨੇ ਆਪਣੀਆਂ ਯਾਦਾਂ ਲਿਖੀਆਂ ਜੋ ‘ਦਿ ਡੈਵਿਲਜ਼ ਵਰਕਸ਼ਾਪ’ ਨਾਂ ਹੇਠ ਕਿਤਾਬੀ ਰੂਪ ਵਿੱਚ ਛਪੀਆਂ। ਬਾਅਦ ਵਿੱਚ ਇਨ੍ਹਾਂ ਨੂੰ ਆਧਾਰ ਬਣਾ ਕੇ 2007 ਵਿੱਚ ਸਟੀਫਨ ਰੂਜ਼ੋਵਿਟਜ਼ਕੀ ਦੀ ਨਿਰਦੇਸ਼ਨਾ ਹੇਠ ‘ਦਿ ਕਾਊਂਟਰਫਿਟਰਜ਼’ ਨਾਂ ਦੀ ਫਿਲਮ ਬਣੀ। ਫਿਲਮ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਨਾਜ਼ੀਆਂ ਦੇ ਭੈੜੇ ਤੇ ਨਾਪਾਕ ਮਨਸੂਬਿਆਂ ਵਿੱਚ ਸਹਾਈ ਹੋਣ ਤੋਂ ਬਾਅਦ ਮਨੁੱਖ ਅੰਦਰ ਹਲਚਲ ਹੁੰਦੀ ਹੈ। ਬਰਲਿਨ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਇਸ ਫਿਲਮ ਨੂੰ ‘ਗੋਲਡਨ ਗਲੋਬ’ ਮਿਲਿਆ।
ਇਹ ਫਿਲਮ ਇੱਕ ਯਹੂਦੀ ਜਾਅਲਸਾਜ਼ ਸਾਲੋਮਨ ਸੈਲੀ ਸੋਰੋਵਿਟਸਚ ਦੇ ਨੈਤਿਕ ਪਤਨ ’ਤੇ ਕੇਂਦਰਿਤ ਹੈ। ਸੈਲੀ ਇਕ ਜਾਅਲਸਾਜ਼ ਹੈ ਪਰ ਨਾਲ ਹੀ ਉਹ ਇੱਕ ਕਲਾਕਾਰ ਵੀ ਹੈ। ਫਿਲਮ ਸੈਲੀ ਦੇ ਅੰਦਰ ਚੱਲ ਰਹੇ ਵਿਚਾਰਾਂ ਨੂੰ ਨੈਤਿਕਤਾ ’ਤੇ ਕੇਂਦਰਿਤ ਕਰਕੇ ਪੇਸ਼ ਕਰ ਰਹੀ ਹੈ। ਇਸ ਦਾ ਅਰੰਭ ਦੂਸਰੀ ਆਲਮੀ ਜੰਗ ਦੇ ਖਤਮ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੁੰਦਾ ਹੈ। ਇੱਕ ਜਰਮਨ ਵਿਅਕਤੀ ਮਾਂਟੇ ਕਾਰਲੋ ਇੱਕ ਬਹੁਤ ਮਹਿੰਗੇ ਹੋਟਲ ਵਿੱਚ ਠਹਿਰਦਾ ਹੈ। ਓਥੇ ਉਹਦਾ ਰਹਿਣ ਸਹਿਣ ਇੱਕ ਧਨਾਢ ਵਿਅਕਤੀ ਵਾਲਾ ਹੈ। ਉਹ ਕੈਸੀਨੋ ਜਾਂਦਾ ਹੈ, ਜੂਆ ਖੇਡਦਾ ਹੈ, ਅੱਯਾਸ਼ੀ ਕਰਦਾ ਹੈ। ਹਰ ਥਾਂ ਉਹ ਨਕਦ ਭੁਗਤਾਨ ਕਰਦਾ ਹੈ। ਇਸ ਦੌਰਾਨ ਉਹ ਖ਼ੂਬਸੂਰਤ ਫਰੈਂਚ ਔਰਤ ਨੂੰ ਆਕਰਸ਼ਿਤ ਕਰ ਲੈਂਦਾ ਹੈ। ਉਹ ਔਰਤ ਕੁਝ ਦੇਰ ਬਾਅਦ ਉਹਦੇ ਹੱਥ ’ਤੇ ਖੁਣੇ ਹੋਏ ਨੰਬਰ ਨੂੰ ਦੇਖ ਲੈਂਦੀ ਹੈ। ਜਿਸ ਤੋਂ ਉਹਨੂੰ ਪਤਾ ਲਗਦਾ ਹੈ ਕਿ ਇਹ ਬੰਦਾ ਕੰਨਸਨਟ੍ਰੇਸ਼ਨ ਕੈਂਪ ਵਿੱਚ ਰਹਿ ਚੁੱਕਿਆ ਹੈ।
ਅੱਗੇ ਕਹਾਣੀ 1936 ਵਿੱਚ ਬਰਲਿਨ ਤੋਂ ਚਲਦੀ ਹੈ ਜਿੱਥੇ ਸਾਲੋਮਨ ਨੂੰ ਨਕਲੀ ਨੋਟ ਤੇ ਪਾਸਪੋਰਟ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਕੁਝ ਸਮੇਂ ਬਾਅਦ ਉਹ ਨਾਜ਼ੀਆਂ ਦੀ ਨਿਗ੍ਹਾ ਵਿੱਚ ਆ ਜਾਂਦਾ ਹੈ ਤੇ ਉਹਨੂੰ ਗ੍ਰਿਫ਼ਤਾਰ ਕਰਕੇ ਪਹਿਲੇ ਕੰਨਸਨਟ੍ਰੇਸ਼ਨ ਕੈਂਪ ਵਿੱਚ ਭੇਜ ਦਿੱਤਾ ਜਾਂਦਾ ਹੈ। ਬਾਅਦ ਵਿੱਚ ਉਹਨੂੰ ਲਿੰਜ ਦੇ ਨੇੜੇ ਮੌਥਾਅਸੇਨ ਕੰਨਸਨਟ੍ਰੇਸ਼ਨ ਕੈਂਪ ਵਿੱਚ ਰੱਖਿਆ ਜਾਂਦਾ ਹੈ। ਆਪਣੀ ਸੁਰੱਖਿਆ ਤੇ ਥੋੜ੍ਹੀਆਂ ਜਿਹੀਆਂ ਸੁਖ ਸਹੂਲਤਾਂ ਲਈ ਪਹਿਲਾਂ ਉਹ ਆਪਣੀ ਜਾਅਲਸਾਜ਼ੀ ਪ੍ਰਤਿਭਾ ਦਿਖਾ ਕੇ ਸੰਤਰੀਆਂ ਦਾ ਧਿਆਨ ਖਿੱਚਦਾ ਹੈ। ਉਹ ਗਾਰਡਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿਤਰਕਾਰੀ ਕਰਕੇ ਥੋੜ੍ਹਾ ਜ਼ਿਆਦਾ ਖਾਣਾ ਪ੍ਰਾਪਤ ਕਰ ਲੈਂਦਾ ਹੈ। ਜਦੋਂ ਉਹਦੀ ਕਲਾ ਦਾ ਪਤਾ ਲੱਗਦਾ ਹੈ ਤਾਂ ਉਹ ਵੱਡੇ ਅਫਸਰਾਂ ਦੀ ਨਿਗ੍ਹਾ ਵਿੱਚ ਆ ਜਾਂਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਲਾ ਦੇ ਪੱਖੋਂ ਉਹ ਜ਼ਬਰਦਸਤ ਕਲਾਕਾਰ ਹੈ ਪਰ ਅਮੀਰ ਬਣਨ ਦੀ ਲਾਲਸਾ ਕਰਕੇ ਉਹ ਆਪਣੀ ਕਲਾ ਨੂੰ ਕੁਰਾਹੇ ਪਾ ਲੈਂਦਾ ਹੈ।
ਅਜਿਹੇ ਯਹੂਦੀ ਕੈਦੀਆਂ ਦੀ ਜ਼ਿੰਦਗੀ ਆਮ ਕੈਦੀਆਂ ਨਾਲੋਂ ਕੁਝ ਬਿਹਤਰ ਹੈ। ਉਨ੍ਹਾਂ ਨੂੰ ਖਾਣ ਲਈ ਚੰਗਾ ਤੇ ਕੁਝ ਜ਼ਿਆਦਾ ਖਾਣਾ ਮਿਲਦਾ ਹੈ। ਸੌਣ ਲਈ ਨਰਮ ਗੱਦਾ ਵੀ ਮਿਲ ਜਾਂਦਾ ਹੈ। ਨਹਾਉਣ ਲਈ ਪਾਣੀ ਤੇ ਸਾਬਣ ਦੀ ਸਹੂਲਤ ਦਿੱਤੀ ਜਾਂਦੀ ਹੈ। ਜਦੋਂ ਉਹ ਨਕਲੀ ਕਰੰਸੀ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਤੋਹਫ਼ੇ ਵਜੋਂ ਉਨ੍ਹਾਂ ਨੂੰ ਟੇਬਲ ਟੈਨਿਸ ਖੇਡਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਸੈਲੀ ਓਸੇ ਪੁਲਿਸ ਅਫਸਰ ਹੇਰਜੋਗ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜਿਸਨੇ ਉਹਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਉਹਦੀ ਪ੍ਰਮੋਸ਼ਨ ਹੋ ਗਈ ਹੈ ਤੇ ਉਹ ਹੋਰ ਵੱਡਾ ਅਫਸਰ ਬਣ ਗਿਆ ਹੈ। ਅੱਜਕੱਲ੍ਹ ਉਹ ਕੈਂਪ ਕਮਾਂਡਰ ਹੈ।
ਹੇਰਜੋਗ ਇੱਕ ਬੜਾ ਲਾਲਚੀ ਅਫਸਰ ਦਿਖਾਇਆ ਗਿਆ ਹੈ। ਉਹ ਨਾ ਨੈਤਿਕ ਹੈ ਨਾ ਅਨੈਤਿਕ। ਇੱਕ ਤਰ੍ਹਾਂ ਨਾਲ ਉਹਦਾ ਵਿਹਾਰ ਤੇ ਸੋਚ ਮੌਕੇ ਦਾ ਫਾਇਦਾ ਉਠਾਉਣ ਵਾਲੇ ਹਨ। ਕੰਮ ਸਮੇਂ ਉਹ ਨਾਜ਼ੀ ਚਿੰਨ੍ਹ ਸਵਾਸਤਿਕ ਵਰਦੀ ’ਤੇ ਚਿਪਕਾ ਲੈਂਦਾ ਹੈ ਪਰ ਛੁੱਟੀ ਵਾਲੇ ਦਿਨ ਬਿਨਾ ਉਸ ਦੇ ਹੋਰ ਕੱਪੜਿਆਂ ਵਿੱਚ ਨਜ਼ਰ ਆਉਂਦਾ ਹੈ। ਉਹਦਾ ਇੱਕ ਡਾਇਲਾਗ ਬੜਾ ਮਾਅਨੇਖੇਜ਼ ਹੈ ਕਿ ਯੁੱਧ ਦੀ ਸਮਾਪਤੀ ਤੋਂ ਬਾਅਦ ਉਹਦਾ ਮੁੱਖ ਕੰਮ ਲੋਕਾਂ ਨੂੰ ਮੈਨੇਜ ਕਰਨਾ ਹੈ ਕਿਉਂਕਿ ਭਵਿੱਖ ਦੀ ਤਰੱਕੀ ਇਸੇ ਵਿੱਚ ਹੈ। ਅੱਜ ਇਹ ਵਰਤਾਰਾ ਸਾਡੇ ਮੁਲਕ ਵਿੱਚ ਵੀ ਦੇਖਿਆ ਜਾ ਸਕਦਾ ਹੈ।
ਨਾਜ਼ੀ ਕੈਂਪਾਂ ਵਿੱਚ ਪ੍ਰਤਿਭਾਵਾਨ ਯਹੂਦੀਆਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਕੋਲੋਂ ਨਕਲੀ ਕਰੰਸੀ ਬਣਵਾਈ ਜਾਂਦੀ ਹੈ। ਲੱਖਾਂ ਦੀ ਗਿਣਤੀ ਵਿੱਚ ਇਹ ਕਰੰਸੀ ਛਾਪ ਕੇ ਦੁਸ਼ਮਨ ਦੇਸ਼ਾਂ ਦੀ ਅਰਥ ਵਿਵਸਥਾ ਤਬਾਹ ਕਰਨ ਦੀ ਮਨਸੂਬਾਬੰਦੀ ਘੜੀ ਜਾਂਦੀ ਹੈ। ਇਨ੍ਹਾਂ ਸਾਰੇ ਹੁਨਰਮੰਦ ਯਹੂਦੀਆਂ ਦਾ ਪਿਛੋਕੜ ਵੱਖਰਾ ਵੱਖਰਾ ਹੈ। ਕੋਈ ਬੈਂਕ ਮੈਨੇਜਰ ਹੈ, ਕੋਈ ਰਾਜਨੀਤਕ ਵਿਰੋਧੀ। ਇਹ ਕੈਦੀ ਆਮ ਕੈਦੀਆਂ ਨਾਲੋਂ ਆਪਣੇ ਆਪ ਨੂੰ ਬਿਹਤਰ ਸਮਝਦੇ ਹਨ। ਦੂਸਰੇ ਕੈਦੀਆਂ ਪ੍ਰਤੀ ਇਨ੍ਹਾਂ ਦੇ ਮਨ ਵਿੱਚ ਕੋਈ ਸੰਵੇਦਨਾ ਨਹੀਂ। ਥੋੜ੍ਹੀਆਂ ਜਿਹੀਆਂ ਸੁਖ ਸਹੂਲਤਾਂ ਕਰਕੇ ਇਹ ਆਮ ਕੈਦੀਆਂ ਨਾਲੋਂ ਆਪਣੇ ਆਪ ਨੂੰ ਉੱਚੇ ਸਮਝਦੇ ਹਨ ਜਦੋਂਕਿ ਇਨ੍ਹਾਂ ਦੀ ਹੋਣੀ ਵੀ ਉਨ੍ਹਾਂ ਵਾਂਗ ਨਿਸ਼ਚਿਤ ਹੈ। ਹੌਲੋਕਾਸਟ ’ਤੇ ਬਣੀਆਂ ਫਿਲਮਾਂ ਵਿੱਚੋਂ ਇੱਕ ਵਿੱਚ ਦਿਖਾਇਆ ਗਿਆ ਹੈ ਕਿ ਨਾਜ਼ੀ ਖ਼ਰਗੋਸ਼ ਪਾਲਦੇ ਹਨ, ਉਨ੍ਹਾਂ ਨੂੰ ਨਰਮ ਨਰਮ ਵਧੀਆ ਘਾਹ ਖੁਆਂਦੇ ਹਨ। ਉਨ੍ਹਾਂ ਦੀ ਚੰਗੀ ਦੇਖ ਭਾਲ ਕਰਦੇ ਹਨ ਸਿਰਫ਼ ਇਸ ਲਈ ਕਿ ਪਲ ਜਾਣ ’ਤੇ ਉਨ੍ਹਾਂ ਨੂੰ ਸਵਾਦੀ ਮੀਟ ਵਜੋਂ ਪਕਾ ਕੇ ਖਾਣੇ ਦੇ ਮੇਜ਼ਾਂ ’ਤੇ ਪਰੋਸਿਆ ਜਾ ਸਕੇ। ਇਹ ਗੱਲ ਵਿਚਾਰੇ ਮਸੂਮ ਖ਼ਰਗੋਸ਼ਾਂ ਨੂੰ ਨਹੀਂ ਪਤਾ। ਇਹੀ ਹਾਲ ਇਨ੍ਹਾਂ ਆਮ ਤੇ ਹੁਨਰਮੰਦ ਯਹੂਦੀ ਕੈਦੀਆਂ ਦਾ ਹੈ ਜਿਨ੍ਹਾਂ ਨੂੰ ਇਹ ਇਲਮ ਹੈ ਕਿ ਨਾਜ਼ੀ ਉਨ੍ਹਾਂ ਨੂੰ ਕਦੇ ਨਹੀਂ ਛੱਡਣਗੇ। ਉਲਟਾ ਉਨ੍ਹਾਂ ਕੋਲੋਂ ਪੁੱਠੇ, ਸਿੱਧੇ ਕੰਮ ਕਰਵਾਂਦੇ ਰਹਿਣਗੇ।
ਅਸਲ ਵਿੱਚ ਆਪ੍ਰੇਸ਼ਨ ਬਰਨਹਾਰਡ ਆਪਣੇ ਆਪ ਵਿੱਚ ਵਿਲੱਖਣ ਪ੍ਰੋਜੈਕਟ ਹੈ। ਇਹਦਾ ਉਦੇਸ਼ ਹੈ - ਰਕਮ ਬਣਾਉਣ ਲਈ ਬੰਦੇ ਨੂੰ ਚਲਾਕ ਹੋਣਾ ਚਾਹੀਦਾ ਹੈ ਤੇ ਜਿਊਂਦੇ ਰਹਿਣ ਲਈ ਜੀਨੀਅਸ। ਇਹ ਪ੍ਰੋਜੈਕਟ ਦੁਨੀਆ ਦੀ ਬਹੁਤ ਵੱਡੀ ਜਾਅਲਸਾਜ਼ੀ ਯੋਜਨਾ ਹੈ। ਏਨੇ ਵੱਡੇ ਪੱਧਰ ’ਤੇ ਨਾ ਕਦੇ ਪਹਿਲਾਂ ਜਾਅਲਸਾਜ਼ੀ ਹੋਈ ਸੀ ਤੇ ਨਾ ਉਸ ਤੋਂ ਬਾਅਦ। ਬ੍ਰਿਟਿਸ਼ ਪਾਊਂਡ ਤੇ ਅਮਰੀਕੀ ਡਾਲਰ ਦੇ ਕਰੋੜਾਂ ਨੋਟ ਛਾਪਣ ਦੀ ਨਾਜ਼ੀ ਯੋਜਨਾ ਸੀ। ਉਹ ਐਲਾਈਡ ਅਰਥਚਾਰੇ ਨੂੰ ਤਹਿਸ ਨਹਿਸ ਕਰ ਦੇਣਾ ਚਾਹੁੰਦੇ ਸਨ। ਜੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਸਮਾਂ ਹੋਰ ਮਿਲ ਜਾਂਦਾ ਤਾਂ ਅੱਜ ਦੁਨੀਆ ਦਾ ਨਕਸ਼ਾ ਹੋਰ ਹੀ ਹੋਣਾ ਸੀ।
ਜਦੋਂ ਜਾਅਲਸਾਜ਼ੀ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਸੈਲੀ ਦੇਖਦਾ ਹੈ ਕਿ ਅਡੋਲਫ ਬਰਗਰ ਲਗਾਤਾਰ ਉਹਦੇ ਕੰਮ ਵਿੱਚ ਨੁਕਸ ਕੱਢਦਾ ਹੈ ਤੇ ਕੰਮ ਦੇਰੀ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਪਿੱਛੇ ਖ਼ਾਸ ਕਾਰਨ ਇਹ ਹੈ ਕਿ ਬਰਗਰ ਕਮਿਊਨਿਸਟ ਹੈ। ਗੁਸੈਲ ਸੁਭਾਅ ਦਾ ਬਰਗਰ ਕੈਂਪ ਵਿੱਚ ਕੈਦੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੁਭਾਅ ਪਖੋਂ ਉਹ ਨਾਜ਼ੀਆਂ ਦਾ ਵਿਰੋਧੀ ਹੈ। ਨਾਜ਼ੀਆਂ ਦੇ ਵਿਰੋਧ ਲਈ ਪ੍ਰਾਪੇਗੰਡੇ ਵਜੋਂ ਪਰਚੇ ਵੀ ਛਾਪਦਾ ਰਿਹਾ ਹੈ ਤੇ ਏਸੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਨਾਜ਼ੀਆਂ ਦਾ ਕਹਿਣਾ ਮੰਨ ਕੇ ਸਾਥ ਦੇਣ ’ਤੇ ਉਹਦੇ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਲੈ ਕੇ ਉਹ ਚਿੰਤਾਤੁਰ ਵੀ ਹੈ। ਦੂਸਰਿਆਂ ਨੂੰ ਵੀ ਇਸ ਬਾਰੇ ਸੁਚੇਤ ਕਰਦਾ ਹੈ। ਹੋਰ ਕੈਦੀਆਂ ਨੂੰ ਉਹ ਦੱਸਦਾ ਹੈ ਕਿ ਜਾਅਲਸਾਜ਼ੀ ਕਰਕੇ ਅਸਲ ਵਿੱਚ ਉਹ ਜਰਮਨ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ, ਜਿਸਦਾ ਨੁਕਸਾਨ ਯਹੂਦੀਆਂ ਨੂੰ ਹੋਵੇਗਾ। ਉਹ ਹੋਰਨਾਂ ਕੈਦੀਆਂ ਨੂੰ ਵਿਰੋਧ ਕਰਨ ਲਈ ਵੀ ਮਨਾ ਲੈਂਦਾ ਹੈ।
ਉਹਦੇ ਉਲਟ ਸੈਲੀ ਕਹਿੰਦਾ ਹੈ ਜਿਸ ਨੂੰ ਜਿਹੜਾ ਕੰਮ ਆਉਂਦਾ ਹੈ ਜਾਂ ਉਹ ਜਿਹੜਾ ਕੰਮ ਕਰ ਸਕਦਾ ਹੈ ਉਹਨੂੰ ਉਹੀ ਕਰਨਾ ਚਾਹੀਦਾ ਹੈ। ਜਿਊਂਦੇ ਰਹਿਣ ਲਈ ਜੋ ਜ਼ਰੂਰੀ ਹੈ ਉਹੀ ਕਰਨਾ ਚਾਹੀਦਾ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਬਰਗਰ ਬਚਿਆ ਰਹਿ ਜਾਂਦਾ ਹੈ। ਬਰਗਰ ਦੇ ਰੋਲ ਵਿੱਚ ਇੱਕ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਭਾਰੇ ਸਰੀਰ ਦੀ ਚੋਣ ਕੀਤੀ ਗਈ ਹੈ ਜਦੋਂਕਿ ਉਹਦੇ ਉਲਟ ਸੈਲੀ ਦੀ ਸਰੀਰਕ ਬਣਤਰ ਇੱਕ ਕੰਟਰਾਸਟ ਪੈਦਾ ਕਰਦੀ ਹੈ। ਬਰਗਰ ਇੱਕ ਤਰ੍ਹਾਂ ਨਾਲ ਨਾਜ਼ੀਆਂ ਦੇ ਯਤਨ ਫੇਲ੍ਹ ਕਰਨ ਦਾ ਯਤਨ ਕਰਦਾ ਹੈ ਜਦੋਂਕਿ ਸੈਲੀ ਆਪਣੇ ਆਪ ਤੇ ਦੂਸਰੇ ਕੈਦੀਆਂ ਨੂੰ ਜਿਊਂਦੇ ਰੱਖਣ ਲਈ ਜਾਅਲਸਾਜ਼ੀ ਨੂੰ ਚਲਦੇ ਰੱਖਣਾ ਚਾਹੁੰਦਾ ਹੈ।
ਦੋਵੇਂ ਚਰਿੱਤਰ ਦੋ ਤਰ੍ਹਾਂ ਦੇ ਵਿਚਾਰਾਂ ਨੂੰ ਪੇਸ਼ ਕਰ ਰਹੇ ਹਨ। ਇੱਕ ਆਦਰਸ਼ਵਾਦੀ ਦ੍ਰਿੜ ਵਿਚਾਰਾਂ ਵਾਲਾ ਹੈ, ਦੂਸਰਾ ਮੌਕਾਪ੍ਰਸਤ ਹੈ, ਉਹਦੇ ਵਿਚਾਰ ਆਪਣੇ ਹਨ ਜਿਨ੍ਹਾਂ ’ਤੇ ਉਹ ਅਡਿੱਗ ਰਹਿੰਦਾ ਹੈ। ਇੱਕ ਮਾਰਕਸਵਾਦੀ ਹੈ ਦੂਸਰਾ ਅਪਰਾਧੀ। ਜਾਅਲਸਾਜ਼ੀ ਦੇ ਕੰਮ ਨੂੰ ਹੌਲਾ ਕਰਨ ਲਈ ਬਰਗਰ ਨਾ ਸਿਰਫ਼ ਆਪਣੇ ਸਾਥੀਆਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਂਦਾ ਹੈ ਸਗੋਂ ਸੈਲੀ ਨਾਲ ਦੁਸ਼ਮਣੀ ਵੀ ਮੁੱਲ ਲੈਂਦਾ ਹੈ। ਸੈਲੀ ਲਈ ਜਾਅਲਸਾਜ਼ੀ ਪੇਸ਼ੇਵਰ ਹੁਨਰ ਨਾਲ ਜੁੜੀ ਹੋਈ ਹੈ। ਉਹ ਹਰ ਹਾਲ ਵਿੱਚ ਇਹਦੇ ਰਾਹੀਂ ਆਪਣੇ ਆਪ ਨੂੰ ਠੀਕ ਸਿੱਧ ਕਰਨਾ ਚਾਹੁੰਦਾ ਹੈ।
ਕੁਝ ਲੋਕ ਨਾਜ਼ੀਆਂ ਲਈ ਨਕਲੀ ਨੋਟ ਬਣਾ ਕੇ ਖ਼ੁਸ਼ ਹਨ ਕਿਉਂਕਿ ਇਹਦੇ ਬਦਲੇ ਕੈਂਪ ਵਿੱਚ ਉਨ੍ਹਾਂ ਨੂੰ ਆਮ ਕੈਦੀਆਂ ਨਾਲੋਂ ਕੁਝ ਵੱਧ ਸੁਖ ਸਹੂਲਤਾਂ ਮਿਲਦੀਆਂ ਹਨ। ਉਹ ਇਹ ਆਸ ਪਾਲੀ ਬੈਠੇ ਹਨ ਕਿ ਨਾਜ਼ੀਆਂ ਲਈ ਕੰਮ ਕਰਨ ਬਦਲੇ ਉਨ੍ਹਾਂ ਨੂੰ ਛੱਡ ਦਿੱਤਾ ਜਾਏਗਾ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੂਸਰੇ ਕੰਨਸਨਟ੍ਰੇਸ਼ਨ ਕੈਂਪਾਂ ਵਿੱਚੋਂ ਰਿਹਾਈ ਸੰਭਵ ਹੋ ਸਕੇਗੀ। ਪਰ ਕੁਝ ਯਹੂਦੀ ਕੈਦੀ ਅਜਿਹੇ ਕੰਮਾਂ ਕਰਕੇ ਪਰੇਸ਼ਾਨ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਨਾਜ਼ੀਆਂ ਦੀ ਮਦਦ ਕਰਕੇ ਉਹ ਆਪਣੇ ਭਾਈਚਾਰੇ ਨਾਲ ਵਿਸਾਹਘਾਤ ਕਰ ਰਹੇ ਹਨ। ਇਹ ਤਾਂ ਨਿਸ਼ਚਿਤ ਹੈ ਕਿ ਅਖੀਰ ਨਾਜ਼ੀਆਂ ਨੇ ਯਹੂਦੀਆਂ ਦਾ ਖਾਤਮਾ ਕਰਨਾ ਹੀ ਕਰਨਾ ਹੈ ਪਰ ਇਹ ਥੋੜ੍ਹੀ ਜਿਹੀ ਸਹੂਲਤ ਕਰਕੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਉਹ ਦ੍ਰਿੜ੍ਹ ਹਨ। ਥੋੜ੍ਹੀ ਜਿਹੀ ਸਹੂਲਤ ਬਦਲੇ ਉਨ੍ਹਾਂ ਦੀ ਮਿਹਨਤ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਲੋਕ ਕੈਂਪਾਂ ਵਿੱਚ ਅਰਾਮ ਦੀ ਜ਼ਿੰਦਗੀ ਜਿਊਂ ਰਹੇ ਹਨ ਜਦੋਂਕਿ ਇਨ੍ਹਾਂ ਦੀਆਂ ਅੱਖਾਂ ਸਾਹਮਣੇ ਦੂਸਰੇ ਕੈਦੀ ਨਫ਼ਰਤ ਭਰੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ। ਨਾਜ਼ੀ ਇਨ੍ਹਾਂ ਨੂੰ ਸਿਰਫ਼ ਆਪਣੀ ਯੋਜਨਾ ਸਿਰੇ ਚੜ੍ਹਾਉਣ ਲਈ ਵਰਤ ਰਹੇ ਹਨ।
ਕੰਨਸਨਟ੍ਰੇਸ਼ਨ ਕੈਂਪਾਂ ਵਿੱਚ ਜਿਹੋ ਜਿਹੀਆਂ ਸਥਿਤੀਆਂ ਵਿੱਚ ਯਹੂਦੀਆਂ ਨਾਲ ਜੋ ਵਿਹਾਰ ਹੋ ਰਿਹਾ ਹੈ ਓਥੇ ਨੈਤਿਕਤਾ ਕੋਈ ਅਰਥ ਨਹੀਂ ਰੱਖਦੀ। ਇੱਥੇ ਤਾਂ ਜਿਊਂਦੇ ਰਹਿਣਾ ਹੀ ਸਭ ਤੋਂ ਵੱਡੀ ਜੱਦੋਜਹਿਦ ਹੈ। ਇਹ ਵੀ ਵਿਡੰਬਨਾ ਹੀ ਹੈ ਕਿ ਜਿਊਂਦੇ ਰਹਿਣ ਲਈ ਦੁਸ਼ਟਾਂ ਦੇ ਗਲਤ ਕੰਮਾਂ ਵਿੱਚ ਹਿੱਸੇਦਾਰ ਬਣਨਾ ਪੈ ਰਿਹਾ ਹੈ। ਸੈਲੀ ਵਰਗੇ ਅਪਰਾਧੀ ਬਿਰਤੀ ਵਾਲੇ ਦੀ ਸੋਚ ਵੱਖਰੀ ਹੈ। ਉਹਦੀ ਚਿੰਤਾ ਤੇ ਮਾਨਸਿਕ ਉਥਲ ਪੁਥਲ ਵੱਖਰੀ ਕਿਸਮ ਦੀ ਹੈ। ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹੈ। ਉਹਦੀ ਅਪਰਾਧੀ ਮਾਨਕਿਸਤਾ ਹਰ ਨਵੀਂ ਸਥਿਤੀ ਵਿੱਚ ਕੋਈ ਵੀ ਗਲਤ ਕੰਮ ਕਰਨ ਲਈ ਰਾਜ਼ੀ ਹੋ ਜਾਂਦੀ ਹੈ। ਉਹ ਬਿਨਾ ਕਾਰਨ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਹਰ ਸਥਿਤੀ ਨੂੰ ਖ਼ਤਰੇ ਤੇ ਫਾਇਦੇ ਪੱਖੋਂ ਨਾਪਤੋਲ ਕੇ ਦੇਖਦਾ ਹੈ। ਦੂਸਰਿਆਂ ਨਾਲ ਉਦੋਂ ਹੀ ਕਦਮ ਮਿਲਾ ਕੇ ਚਲਦਾ ਹੈ ਜਦੋਂ ਉਹਨੂੰ ਖਤਰਾ ਘੱਟ ਤੇ ਫਾਇਦਾ ਜ਼ਿਆਦਾ ਨਜ਼ਰ ਆਉਂਦਾ ਹੋਵੇ।
ਸੈਲੀ ਅਸਲ ਵਿੱਚ ਦੋ ਪੁੜਾਂ ਵਿਚਾਲੇ ਫਸਿਆ ਹੋਇਆ ਹੈ। ਇੱਕ ਪਾਸੇ ਉਹ ਜਾਅਲਸਾਜ਼ੀ ਵਿੱਚ ਮਾਹਰ ਹੋਣ ਦੀ ਉਚਤਾ ਤੇ ਦੂਸਰੇ ਪਾਸੇ ਆਪਣੇ ਸਾਥੀਆਂ ਦੀ ਉਸ ਪ੍ਰਤੀ ਸੋਚ ਵਿੱਚ ਫਸਿਆ ਨਜ਼ਰ ਆਉਂਦਾ ਹੈ। ਉਹ ਆਪਣਾ ਰਸਤਾ ਦੋ ਉਲਟ ਦਿਸ਼ਾਵੀ ਲੋਕਾਂ ਵਿੱਚੋਂ ਕੱਢਦਾ ਹੈ। ਇੱਕ ਪਾਸੇ ਉਹ ਹੇਰਜੋਗ ਵਰਗੇ ਸਨਕੀ ਅਫਸਰ ਨੂੰ ਮੁੱਠੀ ਵਿੱਚ ਰਖਦਾ ਹੈ ਦੂਸਰੇ ਪਾਸੇ ਆਦਰਸ਼ਵਾਦੀ ਕੈਦੀ ਬਰਗਰ ਨਾਲ ਵੀ ਸਾਂਝ ਬਣਾ ਕੇ ਰੱਖਦਾ ਹੈ। ਆਪਣੇ ਸਾਥੀਆਂ ਪ੍ਰਤੀ ਵਫਾਦਾਰੀ ਦਾ ਭਾਵ ਉਹਦੇ ਮਨ ਵਿੱਚ ਪੂਰੇ ਆਪ੍ਰੇਸ਼ਨ ਨੂੰ ਉਡਾ ਦੇਣ ਦਾ ਵਿਚਾਰ ਵੀ ਲਿਆਉਂਦਾ ਹੈ। ਕੈਦੀ ਬੜੀ ਸਫਲਤਾ ਨਾਲ ਬ੍ਰਿਟਿਸ਼ ਪਾਊਂਡ ਬਣਾ ਲੈਂਦੇ ਹਨ ਪਰ ਅਮਰੀਕੀ ਡਾਲਰ ਬਣਾਉਣ ਵਿੱਚ ਜਾਣਬੁੱਝ ਕੇ ਦੇਰੀ ਕਰਦੇ ਹਨ।
ਇੱਕ ਦਿਨ ਅਚਾਨਕ ਕੈਂਪ ਦੇ ਗਾਰਡ ਜਾਅਲਸਾਜ਼ੀ ਦੀਆਂ ਮਸ਼ੀਨਾਂ ਖੋਲ੍ਹ ਕੇ ਦੂਸਰੀ ਥਾਂ ਲਿਜਾਣ ਦਾ ਐਲਾਨ ਕਰ ਦਿੰਦੇ ਹਨ। ਇਸ ਐਲਾਨ ਨਾਲ ਯਹੂਦੀ ਕੈਦੀ ਸੋਚਦੇ ਹਨ ਕਿ ਉਨ੍ਹਾਂ ਦੀ ਮੌਤ ਦਾ ਦਿਨ ਆ ਗਿਆ। ਪਰ ਲਾਲ ਫੌਜ ਦੇ ਆਉਣ ਦੇ ਡਰ ਕਰਕੇ ਨਾਜ਼ੀ ਕੈਂਪ ਛੱਡ ਕੇ ਭੱਜ ਜਾਂਦੇ ਹਨ। ਕੈਂਪ ਦੇ ਹੋਰ ਕੈਦੀ ਜਾਅਲਸਾਜ਼ੀ ਕਰਨ ਵਾਲੇ ਕੈਦੀਆਂ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਹਨ। ਜਾਅਲਸਾਜ਼ੀ ਕੈਦੀ ਆਪਣੇ ਹੱਥਾਂ ’ਤੇ ਖੁਣੇ ਨੰਬਰ ਦਿਖਾ ਕੇ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਵੀ ਉਨ੍ਹਾਂ ਵਿੱਚੋਂ ਹੀ ਹਨ। ਜਾਲਸਾਜੀ ਕੈਦੀ ਆਮ ਕੈਦੀਆਂ ਨੂੰ ਵੀ ਆਪਣੀਆਂ ਆਰਾਮਦਾਇਕ ਬੈਰਕਾਂ ਵਿੱਚ ਲੈ ਜਾਂਦੇ ਹਨ।
ਹੌਲੋਕਾਸਟ ਤੋਂ ਜਿਊਂਦੇ ਬਚ ਗਏ ਕੈਦੀਆਂ ਦੀ ਗਾਥਾ ਹੈ ‘ਦਿ ਕਾਊਂਟਰਫਿਟਰਜ਼’। ਇਸ ਫਿਲਮ ਵਿੱਚ ਸੈਲੀ ਜਾਣਬੁੱਝ ਕੇ ਆਪਣਾ ਸਾਰਾ ਕੁਝ ਜੂਏ ਵਿੱਚ ਗੁਆ ਕੇ ਸਮੁੰਦਰੀ ਤੱਟ ’ਤੇ ਬੈਠਾ ਹੋਇਆ ਹੈ। ਕੈਂਪ ਵਿੱਚ ਉਹਦੀ ਸ਼ਰਟ ਦੀ ਬਾਂਹ ’ਤੇ ਪੀਲੇ ਸਟਾਰ ਨਾਲ ਹਰੀ ਤਿਕੌਣ ਲੱਗੀ ਵੀ ਨਜ਼ਰ ਆਉਂਦੀ ਹੈ ਜਿਸਦਾ ਮਤਲਬ ਹੈ ਕਿ ਉਹ ਅਪਰਾਧੀ ਹੈ। ਫਿਲਮ ਦੇ ਅਖੀਰਲੇ ਹਿਸੇ ਵਿੱਚ ਉਹ ਬੇਜ਼ਾਰ ਦਿਖਾਇਆ ਗਿਆ ਹੈ। ਫਰੈਂਚ ਔਰਤ ਉਹਦੇ ਕੋਲ ਆਉਂਦੀ ਹੈ ਤੇ ਦੋਵੇਂ ਮਿਲ ਕੇ ਡਾਂਸ ਕਰਦੇ ਹਨ।
ਉਹ ਔਰਤ ਸਾਰਾ ਪੈਸਾ ਟਕਾ ਤਬਾਹ ਹੋ ਜਾਣ ’ਤੇ ਉਹਨੂੰ ਹੌਂਸਲਾ ਦੇਣਾ ਚਾਹੁੰਦੀ ਹੈ ਜਿਸ ’ਤੇ ਹੱਸਦਿਆਂ ਉਹ ਕਹਿੰਦਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਉਹ ਹੋਰ ਨੋਟ ਛਾਪ ਲਏਗਾ। ਇਹੀ ਉਹ ਸਥਿਤੀ ਹੈ ਜਿਸਨੂੰ ਫਿਲਮ ਵਿੱਚ ਉਭਾਰਿਆ ਗਿਆ ਹੈ। ਇੱਕ ਪਾਸੇ ਦੌਲਤ ਹੈ ਪਰ ਮਨ ਦਾ ਸਕੂਲ ਨਹੀਂ। ਦੂਜੇ ਪਾਸੇ ਸਾਜ਼ਿਸ਼ ਹੈ ਕਿਸੇ ਦੇਸ਼ ਨੂੰ ਆਰਥਕ ਤੌਰ ’ਤੇ ਤਬਾਹ ਕਰਨ ਦੀ। ਨਾਜ਼ੀਆਂ ਦੇ ਮਨਸੂਬੇ ਜਿਵੇਂ ਫਿਲਮ ਵਿੱਚ ਦਿਖਾਏ ਗਏ ਹਨ ਉਹ ਲਾਜਵਾਬ ਹਨ। ਡੇਢ ਘੰਟੇ ਦੀ ਫਿਲਮ ਅਨੇਕਾਂ ਪ੍ਰਸ਼ਨ ਛੱਡ ਜਾਂਦੀ ਹੈ। ਅੱਜ ਅਸੀਂ ਵਿਸ਼ਵੀਕਰਨ ਦੀ ਮਾਰ ਸਹਿੰਦੇ ਜਿਹੋ ਜਿਹੇ ਸੰਕਟਾਂ ਦੇ ਸ਼ਿਕਾਰ ਹੋ ਰਹੇ ਹਨ, ਇਨ੍ਹਾਂ ਦੀਆਂ ਜੜ੍ਹਾਂ ਬੀਤੇ ਇਤਿਹਾਸ ਵਿੱਚ ਪਈਆਂ ਹਨ। ਅਜਿਹੀਆਂ ਫਿਲਮਾਂ ਸਾਨੂੰ ਇੱਕ ਪਾਸੇ ਨਾਜ਼ੀ ਕਰੂਰਤਾ ਦਰਸਾਉਂਦੀਆਂ ਹਨ ਦੂਸਰੇ ਪਾਸੇ ਜਾਗਰੂਕ ਕਰਦੀਆਂ ਹਨ ਕਿ ਅਸੀਂ ਵਰਤਮਾਨ ਨਾਲ ਕਿਵੇਂ ਸਿੱਝਣਾ ਹੈ।
ਸੰਪਰਕ: 94173-58120

Advertisement

Advertisement
Author Image

Advertisement