For the best experience, open
https://m.punjabitribuneonline.com
on your mobile browser.
Advertisement

ਨਵਾਜ਼ ਸ਼ਰੀਫ਼ ਦੇ ਪੁੱਤਰ ਛੇ ਸਾਲਾਂ ਮਗਰੋਂ ਪਾਕਿਸਤਾਨ ਪਰਤੇ

07:11 AM Mar 13, 2024 IST
ਨਵਾਜ਼ ਸ਼ਰੀਫ਼ ਦੇ ਪੁੱਤਰ ਛੇ ਸਾਲਾਂ ਮਗਰੋਂ ਪਾਕਿਸਤਾਨ ਪਰਤੇ
Advertisement

ਲਾਹੌਰ, 12 ਮਾਰਚ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਦੋਵੇਂ ਪੁੱਤਰ ਬਰਤਾਨੀਆ ਤੋਂ ਅੱਜ ਦੇਸ਼ ਪਰਤ ਆਏ ਹਨ। ਸਾਲ 2016 ਵਿੱਚ ਪਨਾਮਾ ਪੇਪਰ ਸਕੈਂਡਲ ਮਾਮਲੇ ਵਿੱਚ ਨਾਮ ਆਉਣ ਮਗਰੋਂ ਹਸਨ ਨਵਾਜ਼ ਅਤੇ ਹੁਸੈਨ ਨਵਾਜ਼ ਨੇ ਸਾਲ 2018 ਵਿੱਚ ਦੇਸ਼ ਛੱਡ ਦਿੱਤਾ ਸੀ। ਜਵਾਬਦੇਹੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਜਾਰੀ ਗ੍ਰਿਫ਼ਤਾਰੀ ਵਾਰੰਟ ਮੁਅੱਤਲ ਕੀਤੇ ਜਾਣ ਮਗਰੋਂ ਦੋਵਾਂ ਦੀ ਛੇ ਸਾਲ ਬਾਅਦ ਵਤਨ ਵਾਪਸੀ ਹੋਈ ਹੈ। ਇਸ ਅਦਾਲਤ ਨੇ 2018 ਵਿੱਚ ਐਵਨਫੀਲਡ ਭ੍ਰਿਸ਼ਟਾਚਾਰ ਕੇਸ ਵਿੱਚ ਉਨ੍ਹਾਂ ਨੂੰ ਭਗੌੜਾ ਐਲਾਨਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਹ ਮਾਮਲਾ ਸ਼ਰੀਫ਼ ਪਰਿਵਾਰ ਦੀ ਮਲਕੀਅਤ ਅਤੇ ਲੰਡਨ ਵਿੱਚ ਲਗਜ਼ਰੀ ਅਪਾਰਟਮੈਂਟਾਂ ਨੂੰ ਐਕੁਆਇਰ ਕੀਤੇ ਜਾਣ ਦੇ ਆਲੇ-ਦੁਆਲੇ ਘੁੰਮਦਾ ਹੈ। ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਨਵਾਜ਼ ਦੇ ਪੁੱਤਰ ਮੰਗਲਵਾਰ ਨੂੰ ਲੰਡਨ ਤੋਂ ਇੱਥੇ ਪਹੁੰਚੇ ਅਤੇ ਦੋਵਾਂ ਨੂੰ ਸਖ਼ਤ ਸੁਰੱਖਿਆ ਵਿੱਚ ਉਨ੍ਹਾਂ ਦੇ ਜਾਤੀ ਉਮਰਾ ਲਾਹੌਰ ਸਥਿਤ ਘਰ ਲਿਜਾਇਆ ਗਿਆ।’’ ਨਵਾਜ਼ ਸ਼ਰੀਫ਼ ਪੀਐੱਮਐੱਲ-ਐੱਨ ਦੇ ਸੁਪਰੀਮੋ ਹਨ। ਸ਼ਰੀਫ਼ ਪਰਿਵਾਰ ਦੀ ਜਾਤੀ ਉਮਰਾ ਰਿਹਾਇਸ਼ ਨੂੰ ਪਹਿਲਾਂ ਹੀ ਮੁੱਖ ਮੰਤਰੀ ਰਿਹਾਇਸ਼ ਐਲਾਨਿਆ ਹੋਇਆ ਹੈ। ਇੱਥੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ਼ ਦੀ ਸੁਰੱਖਿਆ ਲਈ ਭਾਰੀ ਪੁਲੀਸ ਬਲ ਤਾਇਨਾਤ ਹਨ। ਹੁਸੈਨ ਤੇ ਹਸਨ ਨੇ ਆਪਣੇ ਵਕੀਲ ਰਾਹੀਂ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਵਿੱਚ ਅਰਜ਼ੀ ਦਿੱਤੀ ਅਤੇ ਐਵਨਫੀਲਡ ਅਪਾਰਟਮੈਂਟਸ, ਅਲ-ਅਜ਼ੀਜ਼ੀਆ ਅਤੇ ਫਲੈਗਸ਼ਿਪ ਇਨਵੈਸਟਮੈਂਟ ਕੇਸ ਵਿੱਚ ਆਪਣੇ ਖ਼ਿਲਾਫ਼ ਜਾਰੀ ਵਾਰੰਟ ਮੁਅੱਤਲ ਕਰਨ ਦੀ ਮੰਗ ਕੀਤੀ। ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ। ਅਦਾਲਤ ਨੇ ਪਿਛਲੇ ਹਫ਼ਤੇ ਪਨਾਮਾ ਪੇਪਰਜ਼ ਸਕੈਂਡਲ ਨਾਲ ਸਬੰਧਤ ਤਿੰਨ ਭ੍ਰਿਸ਼ਟਾਚਾਰ ਕੇਸਾਂ ਵਿੱਚ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ 14 ਮਾਰਚ ਤੱਕ ਮੁਅੱਤਲ ਕਰ ਦਿੱਤੇ ਸਨ। ਇਹ ਦੋਵੇਂ ਭਰਾ ਬਰਤਾਨਵੀ ਨਾਗਰਿਕ ਹਨ। ਉਨ੍ਹਾਂ ਨੂੰ ਇਨ੍ਹਾਂ ਕੇਸਾਂ ਵਿੱਚ ਆਪਣੇ ਪਿਤਾ ਨਵਾਜ਼ ਸ਼ਰੀਫ਼, ਭੈਣ ਮਰੀਅਮ ਨਵਾਜ਼ ਅਤੇ ਉਸ ਦੇ ਪਤੀ ਮੁਹੰਮਦ ਸਫਦਰ ਨਾਲ 2018 ਵਿੱਚ ਨਾਮਜ਼ਦ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×