ਨਵੀਨ ਫੋਗਾਟ ਨੇ ਪੁਲੀਸ ’ਤੇ ਲਾਏ ਕੁੱਟਮਾਰ ਦੇ ਦੋਸ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਬਠਿੰਡਾ ਦੇ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਖੋਹਣ ਦੇ ਮਾਮਲੇ ਵਿੱਚ ਨਾਮਜ਼ਦ ਬਰਖ਼ਾਸਤ ਐੱਸਆਈ ਨਵੀਨ ਫੋਗਾਟ ਨੇ ਪੁਲੀਸ ਹਿਰਾਸਤ ਦੌਰਾਨ ਪੁਲੀਸ ਅਧਿਕਾਰੀਆਂ ’ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਫੋਗਾਟ ਦਾ ਮੈਡੀਕਲ ਕਰਨ ਲਈ ਬੋਰਡ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪੁਲੀਸ ਦੀ ਰਿਮਾਂਡ ਵਧਾਉਣ ਦੀ ਮੰਗ ਨੂੰ ਖ਼ਾਰਜ਼ ਕਰਦਿਆਂ ਫੋਗਾਟ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੀਨ ਫੋਗਾਟ ਨੇ ਆਪਣੇ ਵਕੀਲ ਰਾਹੀਂ 27 ਨਵੰਬਰ ਨੂੰ ਅਦਾਲਤ ਵਿੱਚ ਪੁਲੀਸ ਅਧਿਕਾਰੀਆਂ ’ਤੇ ਰਿਮਾਂਡ ਦੌਰਾਨ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਦੇ ਨਾਲ ਵਕੀਲ ਨੇ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਅਦਾਲਤ ਨੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ ਵੱਖਰੀ ਅਰਜ਼ੀ ਦਾਇਰ ਕਰਨ ਲਈ ਕਿਹਾ। ਦੱਸਣਯੋਗ ਹੈ ਕਿ ਬਠਿੰਡਾ ਦੇ ਕਾਰੋਬਾਰੀ ਨੇ ਥਾਣਾ ਸੈਕਟਰ-39 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਵੀਨ ਫੋਗਾਟ ਨੇ ਆਪਣੇ ਸਾਥੀ ਪੁਲੀਸ ਮੁਲਾਜ਼ਮਾਂ ਨਾਲ ਮਿਲ ਕੇ ਸੈਕਟਰ-40 ਦੀ ਮਾਰਕੀਟ ਵਿੱਚ ਦੋ-ਦੋ ਹਜ਼ਾਰ ਦੇ ਨੋਟ ਬਦਲਣ ਦੇ ਨਾਂ ’ਤੇ ਇਕ ਕਰੋੜ ਰੁਪਏ ਖੋਹ ਲਏ ਸਨ, ਉਸ ਤੋਂ ਬਾਅਦ ਸੁੰਨਸਾਨ ਥਾਂ ’ਤੇ ਲਿਆ ਕੇ ਪੁਲੀਸ ਮੁਕਾਬਲਾ ਕਰਨ ਅਤੇ ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਨਵੀਨ ਫੋਗਾਟ ਫ਼ਰਾਰ ਚੱਲ ਰਿਹਾ ਸੀ। ਫੋਗਾਟ ਨੇ ਪਿਛਲੇ ਦਿਨੀਂ ਅਦਾਲਤ ਵਿੱਚ ਖ਼ੁਦ ਆਤਮ-ਸਮਰਪਣ ਕੀਤਾ ਸੀ।