For the best experience, open
https://m.punjabitribuneonline.com
on your mobile browser.
Advertisement

ਨਵਦੀਪ ਦੀ ਚਾਂਦੀ, ਸਿਮਰਨ ਤੇ ਸੇਮਾ ਨੇ ਜਿੱਤੀ ਕਾਂਸੀ

11:11 AM Sep 08, 2024 IST
ਨਵਦੀਪ ਦੀ ਚਾਂਦੀ  ਸਿਮਰਨ ਤੇ ਸੇਮਾ ਨੇ ਜਿੱਤੀ ਕਾਂਸੀ
(1) ਜੈਵਲਿਨ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨਵਦੀਪ ਸਿੰਘ। (2) 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਿਮਰਨ ਕੌਰ। (3) ਸ਼ਾਟਪੁੱਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਹੋਕਾਟੋ ਹੋਤੋਜ਼ੇ ਸੇਮਾ। -ਫੋਟੋਆਂ: ਰਾਇਟਰਜ਼
Advertisement

ਪੈਰਿਸ, 7 ਸਤੰਬਰ
ਭਾਰਤੀ ਅਥਲੀਟਾਂ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਤਿੰਨ ਤਗ਼ਮੇ ਭਾਰਤ ਦੀ ਝੋਲੀ ਪਾਏ, ਜਿਨ੍ਹਾਂ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਨਾਲ ਭਾਰਤ ਨੇ ਸੋਨੇ ਦੇ ਛੇ, ਚਾਂਦੀ ਦੇ 10 ਅਤੇ ਕਾਂਸੀ ਦੇ 13 ਤਗ਼ਮੇ ਜਿੱਤ ਲਏ ਹਨ। ਭਾਰਤ ਤਗ਼ਮਾ ਸੂਚੀ ਵਿੱਚ 18ਵੇਂ ਸਥਾਨ ’ਤੇ ਹੈ। ਜੈਵਲਿਨ ਥਰੋਅ ਦੇ ਐੱਫ41 ਮੁਕਾਬਲੇ ਵਿੱਚ 47.32 ਮੀਟਰ ਦੂਰੀ ’ਤੇ ਨੇਜ਼ਾ ਸੁੱਟ ਕੇ ਨਵਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਸਿਮਰਨ ਕੌਰ ਨੇ ਮਹਿਲਾਵਾਂ ਦੇ 200 ਮੀਟਰ ਟੀ12 ਦੌੜ ਦੇ ਫਾਈਨਲ ਮੁਕਾਬਲੇ ਵਿੱਚ 24.75 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸਿਮਰਨ 100 ਮੀਟਰ ਟੀ12 ਦੌੜ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਇਸੇ ਤਰ੍ਹਾਂ ਹੋਕਾਟੋ ਹੋਤੋਜ਼ੇ ਸੇਮਾ ਨੇ ਸ਼ਾਟਪੁੱਟ ਵਿੱਚ ਆਪਣੇ ਕਰੀਅਰ ਦਾ ਸਰਵੋਤਮ 14.65 ਮੀਟਰ ਥਰੋਅ ਕਰਕੇ ਪੁਰਸ਼ਾਂ ਦੀ ਐੱਫ57 ਸ਼੍ਰੇਣੀ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਇਹ ਸ਼੍ਰੇਣੀ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ਦਾ ਕੋਈ ਅੰਗ ਨਹੀਂ ਹੁੰਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਪੈਰਾਲੰਪਿਕ ਵਿੱਚ ਦੇਸ਼ ਲਈ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਦੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ ਅਤੇ ਉਸ ਦੀ ਜਿੱਤ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਮੋਦੀ ਨੇ ਐਕਸ ’ਤੇ ਲਿਖਿਆ, ‘‘ਇਹ ਸਾਡੇ ਦੇਸ਼ ਲਈ ਮਾਣ ਵਾਲਾ ਪਲ ਹੈ। ਹੋਕਾਟੋ ਹੋਤੋਜ਼ੇ ਸੇਮਾ ਨੇ ਪੁਰਸ਼ਾਂ ਦੇ ਸ਼ਾਟਪੁੱਟ ਐੱਫ57 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੀ ਅਦੁੱਤੀ ਤਾਕਤ ਅਤੇ ਦ੍ਰਿੜਤਾ ਅਸਾਧਾਰਨ ਹੈ। ਉਸ ਨੂੰ ਵਧਾਈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।’’ -ਪੀਟੀਆਈ

Advertisement

ਤੈਰਾਕੀ: ਸੁਯਸ਼ ਜਾਧਵ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝਿਆ

ਪੈਰਾ ਤੈਰਾਕ ਸੁਯਸ਼ ਜਾਧਵ ਅੱਜ ਇੱਥੇ ਪੈਰਾਲੰਪਿਕ ਦੇ ਪੁਰਸ਼ਾਂ ਦੇ 50 ਮੀਟਰ ਬਟਰਫਲਾਈ ਐੱਸ7 ਦੇ ਫਾਈਨਲ ਵਿੱਚ ਦਾਖ਼ਲ ਹੋਣ ਤੋਂ ਖੁੰਝ ਗਿਆ, ਜਿਸ ਨਾਲ ਇਸ ਖੇਡ ਵਿੱਚ ਭਾਰਤ ਦੀ ਮੁਹਿੰਮ ਸਮਾਪਤ ਹੋ ਗਈ। ਹੀਟ1 ਵਿੱਚ ਮੁਕਾਬਲਾ ਕਰਦਿਆਂ 30 ਸਾਲਾ ਸੁਯਸ਼ 33.47 ਸੈਕਿੰਡ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਿਹਾ, ਜੋ ਕੁੱਲ ਮਿਲਾ ਕੇ 10ਵਾਂ ਸਥਾਨ ਸੀ। ਦੋ ਹੀਟ ਵਿੱਚੋਂ ਸਿਖਰਲੇ ਚਾਰ ਤੈਰਾਕ ਫਾਈਨਲ ਵਿੱਚ ਪਹੁੰਚਦੇ ਹਨ। ਜਾਧਵ ਏਸ਼ਿਆਈ ਪੈਰਾ ਖੇਡਾਂ, ਵਿੰਟਰ ਓਪਨ ਪੋਲਿਸ਼ ਚੈਂਪੀਅਨਸ਼ਿਪ ਅਤੇ ਆਈਡਬਲਿਊਏਐੱਸ ਵਿਸ਼ਵ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਹੈ। ਮਹਾਰਾਸ਼ਟਰ ਦੇ ਸੋਲਾਪੁਰ ਦਾ ਰਹਿਣ ਵਾਲਾ ਜਾਧਵ ਜਦੋਂ ਛੇਵੀਂ ਕਲਾਸ ਵਿੱਚ ਸੀ ਤਾਂ ਖੇਡਦੇ ਸਮੇਂ ਗਲਤੀ ਨਾਲ ਉਸ ਦੇ ਹੱਥ ਵਿਚਲੀ ਲੋਹੇ ਦੀ ਰਾਡ ਬਿਜਲੀ ਦੀ ਤਾਰ ਨਾਲ ਛੂਹ ਗਈ ਸੀ। ਇਸ ਮਗਰੋਂ ਉਸ ਦੇ ਦੋਵੇਂ ਹੱਥ ਕੂਹਣੀ ਤੋਂ ਥੱਲਿਓਂ ਕੱਟਣੇ ਪਏ ਸੀ। ਉਹ ਲਗਾਤਾਰ ਤਿੰਨ ਪੈਰਾਲੰਪਿਕ: ਰੀਓ 2016, ਟੋਕੀਓ 2020 ਅਤੇ ਪੈਰਿਸ 2024 ਵਿੱਚ ‘ਏ’ ਕੁਆਲੀਫਾਇੰਗ ਮਾਰਕ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੈਰਾ ਤੈਰਾਕ ਬਣਿਆ। ਐੱਸ7 ਸ਼੍ਰੇਣੀ ਵਿੱਚ ਉਹ ਪੈਰਾ ਤੈਰਾਕ ਹਿੱਸਾ ਲੈਂਦੇ ਹਨ, ਜਿਨ੍ਹਾਂ ਦੇ ਹੱਥ, ਧੜ ਅਤੇ ਪੈਰਾਂ ਦੀ ਗਤੀ ਪ੍ਰਭਾਵਿਤ ਹੁੰਦੀ ਹੈ ਜਾਂ ਫਿਰ ਛੋਟੇ ਕੱਦ ਵਾਲੇ ਹੁੰਦੇ ਹਨ ਜਾਂ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ। ਭਾਰਤ ਨੇ ਹੁਣ ਤੱਕ ਪੈਰਾਲੰਪਿਕ ਵਿੱਚ ਇਸ ਖੇਡ ’ਚ ਸਿਰਫ਼ ਇੱਕ ਤਗ਼ਮਾ ਜਿੱਤਿਆ ਹੈ, ਜੋ ਮੁਰਲੀਕਾਂਤ ਪੇਟਕਰ ਨੇ ਹੀਡਲਬਰਗ ਖੇਡਾਂ ਵਿੱਚ 1972 ’ਚ ਸੋਨ ਤਗ਼ਮੇ ਵਜੋਂ ਜਿੱਤਿਆ ਸੀ।

Advertisement

Advertisement
Author Image

sanam grng

View all posts

Advertisement