ਨਵਾਲਨੀ ਜਰਮਨੀ ਦੇ ਹਸਪਤਾਲ ਵਿੱਚ ਤਬਦੀਲ
ਬਰਲਿਨ, 22 ਅਗਸਤ
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੂਤਿਨ ਦੇ ਆਲੋਚਕ ਅਲੈਕਸੀ ਨਵਾਲਨੀ, ਜੋ ਕਥਿਤ ਤੌਰ ’ਤੇ ਜ਼ਹਿਰ ਦਿੱਤੇ ਜਾਣ ਕਾਰਨ ਕੋਮਾ ਵਿੱਚ ਹਨ, ਨੂੰ ਅੱਜ ਵਿਸ਼ੇਸ਼ ਊਡਾਣ ਰਾਹੀਂ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਮੁੱਖ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਊਨ੍ਹਾਂ ਦਾ ਇਲਾਜ ਮਾਹਿਰਾਂ ਵਲੋਂ ਕੀਤਾ ਜਾਵੇਗਾ। ਵਿਸ਼ੇਸ਼ ਊਡਾਣ ਦਾ ਪ੍ਰਬੰਧ ਕਰਨ ਵਾਲੀ ਐੱਨਜੀਓ ਦੇ ਇੱਕ ਨੁਮਾਇੰਦੇ ਨੇ ਜਹਾਜ਼ ਦੇ ਬਰਲਿਨ ਵਿੱਚ ਊਤਰਨ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਨਵਾਲਨੀ ਦੀ ਹਾਲਤ ਸਥਿਰ ਹੈ। ਜਰਮਨੀ ਦੀ ਸੰਸਥਾ ‘ਸਿਨੇਮਾ ਫਾਰ ਪੀਸ’ ਦੇ ਨੁਮਾਇੰਦੇ ਜਾਮਾ ਬਿਜ਼ਿਲਜ ਨੇ ਦੱਸਿਆ, ‘‘ਨਵਾਲਨੀ ਬਰਲਿਨ ਵਿੱਚ ਹੈ ਅਤੇ ਊਸ ਦੀ ਹਾਲਤ ਸਥਿਰ ਹੈ।’’ ਮਾਸਕੋ ਵਿੱਚ ਨਵਾਲਨੀ ਦੇ ਡਾਕਟਰ ਯਾਰੋਸਲਾਵ ਅਸ਼ੀਖ਼ਮਿਨ ਨੇ ਦੱਸਿਆ ਕਿ ਜਹਾਜ਼ ਵਿੱਚ ਵੈਂਟੀਲੇਟਰ ਅਤੇ ਹੋਰ ਲੋੜੀਂਦੇ ਊਪਕਰਣਾਂ ਦਾ ਪ੍ਰਬੰਧ ਸੀ ਅਤੇ ਮਾਹਿਰ ਡਾਕਟਰ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਪੂਤਿਨ ਦੇ ਵਿਰੋਧੀ ਸਿਆਸਤਦਾਨ ਨਵਾਲਨੀ ਨੂੰ ਵੀਰਵਾਰ ਨੂੰ ਰੂਸ ਦੇ ਓਮਾਸਕ ਸ਼ਹਿਰ ਦੇ ਆਈਸੀਯੂ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਕਰਵਾਇਆ ਗਿਆ ਸੀ। ਊਨ੍ਹਾਂ ਦੇ ਸਮਰਥਕਾਂ ਤੇ ਪਰਿਵਾਰ ਦਾ ਮੰਨਣਾ ਹੈ ਕਿ ਨਵਾਲਨੀ ਨੇ ਜਿਹੜੀ ਚਾਹ ਪੀਤੀ, ਊਸ ਵਿੱਚ ਜ਼ਹਿਰ ਮਿਲਿਆ ਹੋਇਆ ਸੀ। ਊਨ੍ਹਾਂ ਦੋਸ਼ ਲਾਇਆ ਕਿ ਨਵਾਲਨੀ ਦੇ ਬਿਮਾਰ ਹੋਣ ਅਤੇ ਊਸ ਨੂੰ ਜਰਮਨੀ ਦੇ ਹਸਪਤਾਲ ਵਿੱਚ ਤਬਦੀਲ ਕਰਨ ਵਿੱਚ ਦੇਰੀ ਪਿੱਛੇ ਰੂਸੀ ਸਦਰ ਦਾ ਹੱਥ ਹੈ। ਦੂਜੇ ਪਾਸੇ, ਊਮਾਸਕ ਦੇ ਹਸਪਤਾਲ ਦੇ ਡਾਕਟਰਾਂ ਨੇ ਨਵਾਲਨੀ ਨੂੰ ਜ਼ਹਿਰ ਦਿੱਤਾ ਹੋਣ ਤੋਂ ਇਨਕਾਰ ਕਰਦਿਆਂ ਮੈਟਾਬਾਲਿਜ਼ਿਮ ਸਬੰਧੀ ਬਿਮਾਰੀ ਦੱਸਿਆ ਸੀ। -ਏਪੀ