ਇਜ਼ਰਾਇਲੀ ਹਮਲੇ ’ਚ 22 ਬੱਚਿਆਂ ਸਣੇ 70 ਹਲਾਕ
ਦੀਰ ਅਲ-ਬਲਾ (ਗਾਜ਼ਾ ਪੱਟੀ), 14 ਮਈ
ਗਾਜ਼ਾ ਵਿੱਚ ਅੱਜ ਤੜਕੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 22 ਬੱਚਿਆਂ ਸਣੇ 60 ਵਿਅਕਤੀਆਂ ਦੀ ਮੌਤ ਹੋ ਗਈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ ਵਿੱਚ ਕੁੱਲ 70 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ’ਚੋਂ 10 ਵਿਅਕਤੀਆਂ ਦੀ ਮੌਤ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਹੋਈ ਹੈ। ਇਹ ਹਮਲੇ ਹਮਾਸ ਵੱਲੋਂ ਸੰਯੁਕਤ ਰਾਜ ਅਮਰੀਕਾ ਦੀ ਵਿਚੋਲਗੀ ਵਿੱਚ ਕੀਤੇ ਗਏ ਸੌਦੇ ਤਹਿਤ ਇਜ਼ਰਾਇਲੀ-ਅਮਰੀਕੀ ਬੰਦੀ ਨੂੰ ਰਿਹਾਅ ਕੀਤੇ ਜਾਣ ਤੋਂ ਇਕ ਦਿਨ ਬਾਅਦ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਊਦੀ ਅਰਬ ਦੇ ਦੌਰੇ ਦੌਰਾਨ ਹੋਏ ਹਨ। ਮੰਗਲਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਬਿਲਕੁਲ ਨਹੀਂ ਹੋ ਸਕਦਾ ਕਿ ਇਜ਼ਰਾਈਲ ਗਾਜ਼ਾ ਵਿੱਚ ਜੰਗ ਰੋਕ ਦੇਵੇ, ਜਿਸ ਨਾਲ ਜੰਗਬੰਦੀ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ।
ਇਜ਼ਰਾਇਲੀ ਫੌਜ ਨੇ ਹਮਲਿਆਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਖੇਤਰ ਵਿੱਚ ਹਮਾਸ ਦੇ ਬੁਨਿਆਦੀ ਢਾਂਚੇ ਕਰ ਕੇ ਮੰਗਲਵਾਰ ਦੇਰ ਰਾਤ ਜਬਾਲੀਆ ਦੇ ਵਸਨੀਕਾਂ ਨੂੰ ਸ਼ਹਿਰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। -ਏਪੀ
ਫਰਾਂਸ ਵੱਲੋਂ ਇਜ਼ਰਾਇਲੀ ਰਵੱਈਏ ਦੀ ਆਲੋਚਨਾ
ਫਰਾਂਸ ਨੇ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਕਾਮਿਆਂ ’ਤੇ ਇਜ਼ਰਾਈਲ ਵੱਲੋਂ ਨਾਕੇ ਲਗਾਏ ਜਾਣ ਦੀ ਆਲੋਚਨਾ ਕੀਤੀ ਹੈ। ਫਰਾਂਸ ਦੇ ਰਾਸ਼ਟਰਪੀ ਇਮੈਨੁਅਲ ਮੈਕਰੌਂ ਨੇ ਗਾਜ਼ਾ ਵਿੱਚ ਸਹਾਇਤਾ ਪਹੁੰਚਾਉਣ ਤੋਂ ਰੋਕਣ ਦੇ ਨੇਤਨਯਾਹੂ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਨੂੰ ‘ਅਪਮਾਨਜਨਕ’ ਦੱਸਿਆ। ਮੈਕਰੌਂ ਨੇ ਮੰਗਲਵਾਰ ਸ਼ਾਮ ਨੂੰ ਟੀਐੱਫ1 ਕੌਮੀ ਟੈਲੀਵਿਜ਼ਨ ’ਤੇ ਕਿਹਾ, ‘‘ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਅੱਜ ਜੋ ਕਰ ਰਹੀ ਹੈ ਉਹ ਨਾਮਨਜ਼ੂਰ ਹੈ। ਦਵਾਈਆਂ ਖ਼ਤਮ ਹੋ ਚੁੱਕੀਆਂ ਹਨ। ਅਸੀਂ ਜ਼ਖ਼ਮੀਆਂ ਨੂੰ ਗਾਜ਼ਾ ਤੋਂ ਬਾਹਰ ਨਹੀਂ ਕੱਢ ਸਕਦੇ। ਡਾਕਟਰ ਉੱਥੇ ਨਹੀਂ ਜਾ ਸਕਦੇ। ਉਹ ਜੋ ਕਰ ਰਹੇ ਹਨ, ਅਪਮਾਨਜਨਕ ਹੈ।’’