ਕੁਦਰਤੀ ਅਜੂਬਾ ਮੂੰਗਾ ਚੱਟਾਨਾਂ
ਅਸ਼ਵਨੀ ਚਤਰਥ
ਜੀਵ ਜਗਤ
ਪੁਲਾੜ ’ਚੋਂ ਧਰਤੀ ’ਤੇ ਝਾਤ ਮਾਰਦਿਆਂ ਪੁਲਾੜ ਯਾਤਰੀਆਂ ਨੂੰ ਇੱਕ ਦਿਲਕਸ਼ ਕੁਦਰਤੀ ਚੀਜ਼ ਆਕਰਸ਼ਿਤ ਕਰਦੀ ਹੈ: ਆਸਟਰੇਲੀਆ ਦੇ ਸਮੁੰਦਰ ਵਿੱਚ ਮੌਜੂਦ ‘ਦਿ ਗ੍ਰੇਟ ਬੈਰੀਅਰ ਰੀਫ’ ਭਾਵ ਮੂੰਗਾ ਨਾਮਕ ਸਮੁੰਦਰੀ ਜੀਵਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਨਾਲ ਬਣੇ ਪਹਾੜ। ਇਨ੍ਹਾਂ ਨੂੰ ਕੋਰਲ ਰੀਫ ਜਾਂ ਮੂੰਗਾ ਪ੍ਰਾਣੀਆਂ ਦੇ ਪਹਾੜ ਕਿਹਾ ਜਾਂਦਾ ਹੈ। ਦੁਨੀਆ ਭਰ ਵਿੱਚ ਪ੍ਰਸਿੱਧ ਚੀਨ ਦੀ ਦੀਵਾਰ ਤੋਂ ਵੱਡੇ ਆਕਾਰ ਦੇ ਇਨ੍ਹਾਂ ਪਹਾੜਾਂ ਦੀ ਲੰਬਾਈ ਤਿੰਨ ਹਜ਼ਾਰ ਕਿਲੋਮੀਟਰ ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਇਹ ‘ਦਿ ਗ੍ਰੇਟ ਬੈਰੀਅਰ ਰੀਫ’ ਸੰਸਾਰ ਦੇ ਸੱਤ ਕੁਦਰਤੀ ਅਜੂਬਿਆਂ ਵਿੱਚੋਂ ਇੱਕ ਹਨ ਤੇ ਯੂਨੈਸਕੋ ਦੁਆਰਾ ਸੁਰੱਖਿਅਤ ਕੀਤੇ ਗਏ ਵਿਰਾਸਤੀ ਕੁਦਰਤੀ ਅਜੂਬਿਆਂ ਵਿਚ ਸ਼ਾਮਿਲ ਹਨ।
ਸਮੁੰਦਰੀ ਜੀਵ ਮੂੰਗਿਆਂ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਸਮੂਹਾਂ ਵਿੱਚ ਰਹਿਣ ਵਾਲੇ ਇਨ੍ਹਾਂ ਕੁਦਰਤੀ ਵਾਤਾਵਰਣ ਪੱਖੀ ਅਤੇ ਧਰਤੀ ਦੇ ਸਮੂਹ ਜੀਵਾਂ ਲਈ ਫ਼ਾਇਦੇਮੰਦ ਜੀਵਾਂ ਦੀਆਂ 6000 ਪ੍ਰਜਾਤੀਆਂ ਦੀ ਹੁਣ ਤੱਕ ਖੋਜ ਕੀਤੀ ਜਾ ਚੁੱਕੀ ਹੈ। ਮੂੰਗਿਆਂ ਦੇ ਇਕੱਲੇ ਜੀਵ ਨੂੰ ਕੋਰਲ ਪੋਲਿਪ ਕਹਿੰਦੇ ਹਨ ਜਿਸ ਦੀ ਸ਼ਕਲ ਵੇਲਣਾਕਾਰ ਹੁੰਦੀ ਹੈ ਅਤੇ ਇਸ ਦੇ ਮੂੰਹ ਦੁਆਲੇ ਟੈਂਟੇਕਲ ਨਾਮਕ ਉਂਗਲੀਨੁਮਾ ਰਚਨਾਵਾਂ ਹੁੰਦੀਆਂ ਹਨ ਜੋ ਇਸ ਦੇ ਲਈ ਭੋਜਨ ਇਕੱਤਰ ਕਰਨ ਦਾ ਕਾਰਜ ਕਰਦੀਆਂ ਹਨ।
ਮੂੰਗਿਆਂ ਦੇ ਪਹਾੜ ਸਾਰੇ ਹੀ ਸਮੁੰਦਰੀ ਪਾਣੀਆਂ ਅੰਦਰ ਹਾਜ਼ਰ ਹੁੰਦੇ ਹਨ, ਪਰ ਆਸਟਰੇਲੀਆ ਦੇ ਕੁਈਨਸਲੈਂਡ ਨਾਮਕ ਇਲਾਕੇ ਵਿੱਚ ਮੌਜੂਦ ‘ਦਿ ਗ੍ਰੇਟ ਬੈਰੀਅਰ ਰੀ’ ਦੁਨੀਆ ਦੇ ਸਭ ਤੋਂ ਵੱਡੇ ਮੂੰਗੇ ਦੇ ਪਹਾੜ ਹਨ ਜੋ ਸਮੁੰਦਰ ਦੇ ਤਕਰੀਬਨ ਤਿੰਨ ਲੱਖ ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਹੋਏ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮੂੰਗਾ ਪਹਾੜ ਅਸਲ ਵਿੱਚ ਧਰਤੀ ਦੀ ਸਮੂਹ ਜੀਵ ਵਿਭਿੰਨਤਾ ਲਈ ਬੇਹੱਦ ਮੁੱਲਵਾਨ ਅਤੇ ਆਰਥਿਕ ਪੱਖੋਂ ਬੇਸ਼ਕੀਮਤੀ ਹਨ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਲਗਪਗ ਇੱਕ ਚੌਥਾਈ ਸਮੁੰਦਰੀ ਜੀਵ ਪ੍ਰਜਾਤੀਆਂ ਇਨ੍ਹਾਂ ਮੂੰਗਾ ਪਹਾੜਾਂ ਅੰਦਰ ਨਿਵਾਸ ਕਰਦੀਆਂ ਹਨ ਜਾਂ ਇਨ੍ਹਾਂ ਦੇ ਨੇੜੇ-ਤੇੜੇ ਆਬਾਦ ਹੋ ਕੇ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਦੀਆਂ ਹਨ। ਅਨੇਕਾਂ ਕਿਸਮਾਂ ਦੀਆਂ ਮੱਛੀਆਂ ਅਤੇ ਦੂਜੇ ਸਮੁੰਦਰੀ ਜੀਵ ਇਨ੍ਹਾਂ ਕੁਦਰਤੀ ਨਿਵਾਸ ਅਸਥਾਨਾਂ ਵਿੱਚ ਵਧਦੇ ਫੁੱਲਦੇ ਹਨ। ਇਹ ਪਹਾੜ ਸਮੁੰਦਰੀ ਕਿਨਾਰਿਆਂ ਨੂੰ ਬਚਾਅ ਕੇ ਰੱਖਦੇ ਹਨ। ਇਸੇ ਦੇ ਨਾਲ ਹੀ ਇਹ ਆਮ ਲੋਕਾਂ ਲਈ ਸੈਰ ਸਪਾਟੇ ਅਤੇ ਮਨ ਪਰਚਾਵੇ ਦਾ ਵੀ ਵਧੀਆ ਸ੍ਰੋਤ ਹਨ। ਹਰ ਸਾਲ ਕਰੋੜਾਂ ਦੀ ਗਿਣਤੀ ਵਿੱਚ ਲੋਕ ਵੱਖ ਵੱਖ ਸਮੁੰਦਰੀ ਖੇਤਰਾਂ ਵਿੱਚ ਮੌਜੂਦ ਮੂੰਗਾ ਪਹਾੜਾਂ ਦੀ ਸੈਰ ਕਰਨ ਜਾਂਦੇ ਹਨ ਜਿਸ ਨਾਲ ਸਬੰਧਿਤ ਰਾਜ ਜਾਂ ਦੇਸ਼ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਹ ਪਹਾੜ ਸਮੁੰਦਰਾਂ ਵਿੱਚ ਆਉਣ ਵਾਲੇ ਤੂਫ਼ਾਨ ਨੂੰ ਰੋਕ ਕੇ ਗੁਆਂਢੀ ਮੁਲਕਾਂ ਵਿੱਚ ਹੋਣ ਵਾਲੇ ਵੱਡੇ ਜਾਨੀ ਤੇ ਮਾਲੀ ਨੁਕਸਾਨ ਨੂੰ ਠੱਲ੍ਹ ਪਾਉਂਦੇ ਹਨ।
ਇਨ੍ਹਾਂ ਜੀਵ ਰੂਪੀ ਪਹਾੜਾਂ ਦਾ ਸੁਮੰਦਰੀ ਜੀਵਾਂ ਦੀ ਸਾਂਭ ਸੰਭਾਲ ਵਿੱਚ ਵੱਡਾ ਯੋਗਦਾਨ ਹੈ। ਜ਼ੂਜ਼ੈਂਥਲੀ ਨਾਂ ਦੀ ਕਾਈ ਦੇ ਪੌਦੇ ਮੂੰਗਾ ਜੀਵਾਂ ਵਿੱਚ ਨਿਵਾਸ ਕਰਦੇ ਹਨ ਤੇ ਬਦਲੇ ਵਿੱਚ ਇਹ ਕਾਈ ਦੇ ਪੌਦੇ ਮੂੰਗਾ ਜੀਵਾਂ ਨੂੰ ਭੋਜਨ ਪ੍ਰਦਾਨ ਕਰਦੇ ਹਨ। ਇੱਕ ਸਾਧਾਰਨ ਸੈਲਾਨੀ ਨੂੰ ਵੰਨ-ਸੁਵੰਨੇ ਰੰਗਾਂ ਦੇ ਮੂੰਗਾ ਪਹਾੜ ਵੇਖ ਕੇ ਹੈਰਾਨੀ ਹੋ ਸਕਦੀ ਹੈ, ਪਰ ਸੱਚਾਈ ਇਹ ਹੈ ਕਿ ਇਨ੍ਹਾਂ ਰੰਗਾਂ ਦੀ ਵਿਭਿੰਨਤਾ ਦਾ ਮੂਲ ਕਾਰਨ ਮੂੰਗਾ ਜੀਵਾਂ ਦੇ ਸਰੀਰ ਅੰਦਰ ਨਿਵਾਸ ਕਰਦੀਆਂ ਵੱਖ ਵੱਖ ਕਾਈਆਂ ਦੇ ਵੱਖ ਵੱਖ ਰੰਗ ਹੁੰਦੇ ਹਨ।
ਅਜੋਕੇ ਸਮੇਂ ਦੇ ਵਿਗਿਆਨੀ ਸਮੁੰਦਰੀ ਪਾਣੀ ਦੇ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਤੋਂ ਬੇਹੱਦ ਚਿੰਤਤ ਹਨ। ਇਨ੍ਹਾਂ ਤਬਦੀਲੀਆਂ ਵਿੱਚ ਸ਼ਾਮਿਲ ਵੱਡੀਆਂ ਦੋ ਤਬਦੀਲੀਆਂ ’ਚੋਂ ਪਹਿਲੀ ਇਹ ਹੈ ਕਿ ਮਨੁੱਖੀ ਕਿਰਿਆਵਾਂ ਕਾਰਨ ਪੈਦਾ ਹੋਈ ਕਾਰਬਨ ਡਾਈਆਕਸਾਈਡ ਦੀ ਵਧੀ ਹੋਈ ਮਾਤਰਾ ਕਰਕੇ ਸਮੁੰਦਰੀ ਪਾਣੀ ਤੇਜ਼ਾਬੀ ਬਣਦਾ ਜਾ ਰਿਹਾ ਹੈ। ਦੂਜੀ ਚਿੰਤਾਯੋਗ ਤਬਦੀਲੀ ਸਾਡੇ ਵਾਤਾਵਰਨ ਵਿਚਲੇ ਤਾਪਮਾਨ ਦਾ ਲਗਾਤਾਰ ਵਧਣਾ ਹੈ। ਇਨ੍ਹਾਂ ਦੋ ਤਬਦੀਲੀਆਂ ਕਰਕੇ ਕਾਈ, ਮੂੰਗਾ ਪ੍ਰਾਣੀ ਤੋਂ ਵੱਖ ਹੋ ਜਾਂਦੀ ਹੈ ਜਿਸ ਕਰਕੇ ਦੋਵਾਂ ਦਾ ਜੀਵਨ ਹੀ ਖ਼ਤਰੇ ਵਿੱਚ ਪੈ ਜਾਂਦਾ ਹੈ। ਕਾਈ ਦੇ ਮੂੰਗੇ ਤੋਂ ਵੱਖ ਹੋਣ ਦੀ ਪ੍ਰਕਿਰਿਆ ਨੂੰ ਵਿਗਿਆਨਕ ਭਾਸ਼ਾ ਵਿੱਚ ਕੋਰਲ ਬਲੀਚਿੰਗ ਭਾਵ ਮੂੰਗੇ ਦਾ ਰੰਗ ਉੱਡ ਜਾਣਾ ਕਿਹਾ ਜਾਂਦਾ ਹੈ।
ਬੀਤੇ ਵਰ੍ਹਿਆਂ ਵਿੱਚ ਵਿਗਿਆਨੀਆਂ ਨੇ ਮੂੰਗਿਆਂ ਦੇ ਰੰਗ ਉੱਡਣ ਦੀਆਂ ਅਨੇਕਾਂ ਘਟਨਾਵਾਂ ਸਮੁੰਦਰਾਂ ਦੇ ਵੱਖ ਵੱਖ ਖਿੱਤਿਆਂ ਵਿੱਚ ਵਾਪਰਦੀਆਂ ਵੇਖੀਆਂ ਹਨ ਤੇ ਇਨ੍ਹਾਂ ਘਟਨਾਵਾਂ ਨੇ ਉਨ੍ਹਾਂ ਨੂੰ ਗਹਿਰੀ ਚਿੰਤਾ ਵਿੱਚ ਪਾਇਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੂੰਗਾ ਜੀਵਾਂ ਦੇ ਬੇਰੰਗੇ ਹੋਣ ਨਾਲ ਸਮੁੰਦਰੀ ਵਾਤਾਵਰਨ ਵਿਗੜੇਗਾ ਜਿਸ ਕਰਕੇ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਨੂੰ ਸਮੁੰਦਰ ਵਿੱਚ ਰਹਿਣ ਲਈ ਢੁਕਵੀਂ ਥਾਂ ਨਹੀਂ ਮਿਲੇਗੀ। ਅਜਿਹਾ ਹੋਣ ਨਾਲ ਇੱਕ ਪਾਸੇ ਮੱਛੀਆਂ ਦਾ ਉਤਪਾਦਨ ਘਟ ਜਾਵੇਗਾ ਅਤੇ ਦੂਜੇ ਪਾਸੇ ਸਮੁੰਦਰੀ ਤੂਫ਼ਾਨਾਂ ਕਰਕੇ ਸਮੁੰਦਰੀ ਕੰਢਿਆਂ ’ਤੇ ਵੱਸੇ ਸ਼ਹਿਰਾਂ ਦਾ ਵੱਡਾ ਨੁਕਸਾਨ ਹੋਵੇਗਾ, ਅਨੇਕਾਂ ਸਮੁੰਦਰੀ ਜੀਵਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਜਾਣਗੀਆਂ ਤੇ ਸਮੁੰਦਰੀ ਕਾਰਜਾਂ ਨਾਲ ਜੁੜੇ ਲੋਕਾਂ ਵਿੱਚ ਬੇਰੁਜ਼ਗਾਰੀ ਪਸਰੇਗੀ। ਇਸ ਦੇ ਨਾਲ ਹੀ ਸਮੁੰਦਰੀ ਤੂਫ਼ਾਨਾਂ ਨੂੰ ਰੋਕਣ ਦੇ ਯਤਨਾਂ ’ਤੇ ਅਰਬਾਂ ਰੁਪਏ ਖ਼ਰਚ ਹੋਣਗੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਧਰਤੀ ਦੇ ਜੀਵਾਂ ਲਈ ਲੋੜੀਂਦੀ ਆਕਸੀਜਨ ਦਾ ਅੱਧੇ ਤੋਂ ਵੱਧ ਹਿੱਸਾ ਸਮੁੰਦਰਾਂ ਤੋਂ ਹੀ ਆਉਂਦਾ ਹੈ। ਸਮੁੰਦਰੀ ਕਾਈ ਖ਼ਤਮ ਹੋਣ ਨਾਲ ਵਾਤਾਵਰਨ ਵਿੱਚ ਮੌਜੂਦ ਆਕਸੀਜਨ ਦੀ ਮਾਤਰਾ ’ਚ ਵੱਡੀ ਕਮੀ ਆਵੇਗੀ ਜੋ ਸਮੂਹ ਪ੍ਰਾਣੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੇਗੀ।
ਮੂੰਗਾ ਜੀਵਾਂ ਨੂੰ ਖ਼ਤਰੇ ਅਤੇ ਆਪਣੇ ਚੌਗਿਰਦੇ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਧਰਤੀ ’ਤੇ ਵੱਸਦੇ ਸਮੂਹ ਮਨੁੱਖ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ। ਸਾਨੂੰ ਹਰ ਹਾਲ ਵਿੱਚ ਊਰਜਾ ਦੀ ਖਪਤ ਨੂੰ ਘਟਾਉਣਾ ਪਏਗਾ, ਪਾਣੀ ਦੀ ਬੱਚਤ ਕਰਨੀ ਪਏਗੀ ਅਤੇ ਪਲਾਸਟਿਕ ਦੀ ਵਰਤੋਂ ਨੂੰ ਕਾਫ਼ੀ ਘੱਟ ਕਰਨਾ ਪਏਗਾ। ‘ਸਵੱਛ ਊਰਜਾ’ ਭਾਵ ਕਾਰਬਨ ਦੀ ਨਿਕਾਸੀ ਰਹਿਤ ਊਰਜਾ ਸਾਧਨਾਂ ਦੀ ਵਰਤੋਂ ਵਧਾਉਣੀ ਪਏਗੀ। ਇਸ ਦੇ ਨਾਲ ਹੀ ਖੇਤੀ ਰਸਾਇਣਾਂ ਦੀ ਵਰਤੋਂ ਘਟਾਉਣਾ, ਮੱਛੀਆਂ ਦੀ ਖਪਤ ਘਟਾਉਣਾ ਅਤੇ ਈ-ਵਾਹਨਾਂ ਦੀ ਵਧੇਰੇ ਵਰਤੋਂ ਕਰਨ ਜਿਹੇ ਵੱਡੇ ਕਦਮ ਵੀ ਚੁੱਕਣੇ ਪੈਣਗੇ। ਇੱਥੇ ਹੀ ਬਸ ਨਹੀਂ, ਉਦਯੋਗਿਕ ਇਕਾਈਆਂ ਵਿੱਚੋਂ ਨਿਕਲਣ ਵਾਲੇ ਗੰਧਲੇ ਅਤੇ ਜ਼ਹਿਰੀਲੇ ਪਾਣੀ ਨੂੰ ਸਾਫ਼ ਕਰ ਕੇ ਨਾਲੀਆਂ ਵਿੱਚ ਛੱਡਣਾ ਅਤੇ ਸਮੁੰਦਰੀ ਜਹਾਜ਼ਾਂ ਵਿੱਚੋਂ ਲੀਕ ਹੁੰਦੇ ਤੇਲ ਨੂੰ ਕੰਟਰੋਲ ਕਰਨ ਆਦਿ ਜਿਹੇ ਮਹੱਤਵਪੂਰਨ ਕਾਰਜ ਕਰ ਕੇ ਅਸੀਂ ਕੋਰਲ ਬਲੀਚਿੰਗ ਨੂੰ ਠੱਲ੍ਹ ਪਾ ਸਕਦੇ ਹਾਂ ਅਤੇ ਵਾਤਾਵਰਣੀ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਾਂ।
ਸੰਪਰਕ: 62842-20595