ਦੇਸੀ ਪਰਦੇਸੀ
ਤਰਲੋਚਨ ਸਿੰਘ ਦੁਪਾਲਪੁਰ
ਹਰ ਸਾਲ ਜਦ ਵੀ ਪੰਜਾਬ ਪਿੰਡ ਗਿਆ ਹੋਵਾਂ, ਲਾਗੇ-ਚਾਗੇ ਦੇ ਬਾਹਰੋਂ ਗਏ ਹੋਰ ਪਰਵਾਸੀਆਂ ਨੂੰ ਮਿਲਣ ਗਿਲਣ ਵੇਲੇ ਅਕਸਰ ਪੁੱਛਦਾ ਹਾਂ: “ਕਿੰਨੀਂ ਕੁ ਛੁੱਟੀ ਆਏ ਹੋ ਜੀ?” ਉਹ ਜਦ ਕਹਿਣ ਕਿ ਦੋ ਜਾਂ ਚਾਰ ‘ਵੀਕਾਂ’ ਲਈ, ਤਾਂ ਮੈਂ ਹੱਸ ਕੇ ਕਹਿੰਦਾਂ, “ਭਰਾਵੋ ਪਿੰਡ ਨੂੰ ਵੀਕਾਂ ਨਹੀਂ, ਮਹੀਨਿਆਂ ਲਈ ਆਉਣਾ ਚਾਹੀਦੈ ਤਾਂ ਕਿ ‘ਖੌਰੂ ਪੁੱਟ’ ਮੀਡੀਆ ਦੇ ਸਾਡੇ ਮਨਾਂ ’ਚ ਬਿਠਾਏ ਹਾਲਾਤ ਦੇ ਸੱਚ-ਝੂਠ ਦਾ ਅੱਖੀਂ ਦੇਖ ਕੇ ਫ਼ੈਸਲਾ ਕਰ ਲਿਆ ਕਰੀਏ।”
ਮਜਬੂਰੀਆਂ ਕਾਰਨ ਭਾਵੇਂ ਮਹੀਨਿਆਂ ਵਾਲਾ ਦੇਸ ਵਸੇਬਾ ਸਾਰੇ ਪਰਵਾਸੀ ਨਹੀਂ ਕਰ ਸਕਦੇ ਪਰ ਮੈਂ ਤਕਰੀਬਨ ਹਰ ਸਾਲ ਕਈ ਕਈ ਮਹੀਨਿਆਂ ਆਪਣੇ ਪਿੰਡ ਜਾਂਦਾ ਹਾਂ। ਸਾਈਕਲ ਜਾਂ ਸਕੂਟਰ ਮੇਰੀ ਮਨਭਾਉਂਦੀ ਸਵਾਰੀ ਹੁੰਦੀ ਹੈ। ਪਹਿਲੇ ਕਰੋਨਾ ਕਾਲ ਵਾਂਗ ਬੀਤੇ ਵਰ੍ਹੇ ਦੇ ਦਸਹਿਰੇ ਤੋਂ ਲੈ ਕੇ 2023 ਦੀ ਵਿਸਾਖੀ ਤੱਕ ਸੱਤ ਮਹੀਨੇ ਆਪਣੇ ਪਿੰਡ ਦੁਪਾਲ ਪੁਰ ਰਿਹਾ।
ਐਤਕੀਂ ਘਰ ਦੀ ਸਾਫ-ਸਫਾਈ, ਦਰਖਤਾਂ ਦੀ ਛਾਂਗ-ਛੰਗਾਈ ਅਤੇ ਘਰੇਲੂ ਬਗੀਚੀ ਵਿਚ ਵੇਲ-ਬੂਟਿਆਂ ਦੀ ਬੀਜ-ਬਿਜਾਈ ਲਈ ਯੂਪੀ-ਬਿਹਾਰ ਦੇ ਪਰਦੇਸੀਆਂ ਨਾਲ ਵਾਹ ਬਹੁਤ ਪੈਂਦਾ ਰਿਹਾ। ਮੈਂ ਸਮਝਦਾ ਸਾਂ ਕਿ ਇਹ ਲੋਕ ਅਨਪੜ੍ਹ ਹੁੰਦੇ ਤੇ ਇਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਜਾਂ ਇੱਥੋਂ ਦੇ ਵਰਤੋਂ-ਵਿਹਾਰ ਬਾਰੇ ਕੋਈ ਸੋਝੀ ਨਹੀਂ ਹੋਣੀ ਪਰ ਇੱਕ ਦਨਿ ਮੈਨੂੰ ਸਾਈਕਲ ਚਲਾਉਂਦੇ ਜਾਂਦੇ ਨੂੰ ਦੇਖ ਕੇ ਲੰਬੜਾਂ ਦਾ ਕਾਮਾ ਕਹਿੰਦਾ, “ਏ ਸ਼ਰਦਾਰ ਜੀ, ਹਾਲੇ ਵੀ ਕੋਈ ਕਸ਼ਰ ਰਹਿੰਦੀ ਆ?”
ਮੈਂ ਹੈਰਾਨ ਹੋਇਆ ਕਿ ਇਹਨੂੰ ਖੇਤਾਂ ’ਚ ਅੱਠੇ ਪਹਿਰ ਕੰਮ ਕਰਦੇ ਨੂੰ ਵੀ ਪਤੈ ਕਿ ਅਮਰੀਕਾ ਦੁਨੀਆ ਭਰ ਦੀ ‘ਸੁਪਰ ਪਾਵਰ’ ਹੈ ਜਿੱਥੋਂ ਦਾ ਬਸਿ਼ੰਦਾ ਹੁੰਦਿਆਂ ਉਹਦੇ ਮੁਤਾਬਕ ਮੈਂ ‘ਸੈਕਲ’ ਉੱਤੇ ਘੁੰਮਦਾ ਚੰਗਾ ਨਹੀਂ ਲਗਦਾ।
ਸੰਗਰਾਂਦ ਵਾਲੇ ਦਨਿ ਕੁਝ ਰਸਦਾਂ-ਵਸਤਾਂ ਅਤੇ ਦੇਗ ਵਾਸਤੇ ਮਾਇਆ ਭੇਟ ਕਰਨ ਵਾਸਤੇ ਪਿੰਡ ਦੇ ਗੁਰਦੁਆਰੇ ਗਿਆ। ਭਾਈ ਜੀ ਲੰਗਰ ਹਾਲ ਵਿਚ ਕੜਾਹ ਪ੍ਰਸ਼ਾਦ ਬਣਾਉਣ ਲਈ ਕੜਾਹੀ ਖੌਂਚਾ ਮਾਂਜ ਰਹੇ ਸਨ। ਮੈਨੂੰ ਕਿਹਾ ਕਿ ਅੰਦਰ ਪ੍ਰਕਾਸ਼ ਸਥਾਨ ਕੋਲ ਮੇਜ਼ ਉੱਪਰ ਕਾਪੀ ਪਈ ਹੈ, ਉਸ ਵਿਚ ਮੈਂ ਆਪਣਾ ਨਾਂ ਤੇ ਮਾਇਆ ਆਪੇ ਈ ਲਿਖ ਦੇਵਾਂ।
ਆਪਣਾ ਵੇਰਵਾ ਲਿਖਣ ਤੋਂ ਪਹਿਲਾਂ ਵੈਸੇ ਹੀ ਮੈਂ ਕਾਪੀ ਵਿਚ ਲਿਖੀ ਨਾਵਾਂ ਵਾਲੀ ਸੂਚੀ ਦੇਖੀ ਤਾਂ ਉਸ ਵਿਚ ਕ੍ਰਿਸ਼ਨਾ ਦੇਵੀ, ਰਾਮ ਭਜ, ਨਰੇਸ਼ ਯਾਦਵ, ਸ਼ੰਕਰ ਕੁਮਾਰ ਵਰਗੇ ਆਪਣੇ ਪਿੰਡ ਵਾਸੀਆਂ ਤੋਂ ਓਪਰੇ ਨਾਂ ਪੜ੍ਹ ਕੇ ਭਾਈ ਸਾਹਬ ਨੂੰ ਪੁੱਛਿਆ, “ਸਾਡੇ ਪਿੰਡ ‘ਚ ਇਹ ਸੱਜਣ ਕੌਣ ਹੋਏ?”
ਭਾਈ ਜੀ ਨੇ ਬੜੀ ਅਪਣੱਤ ਤੇ ਮਾਣ-ਸਤਿਕਾਰ ਨਾਲ ਜਾਣਕਾਰੀ ਦਿੱਤੀ ਕਿ ਇਹ ਬਿਹਾਰੀ ਲੋਕ ਲੰਮੇ ਅਰਸੇ ਤੋਂ ਪਿੰਡ ਦੀ ਮੰਡੀ ਵਿਚ ਰਹਿੰਦੇ ਨੇ ਅਤੇ ਹਰ ਸੰਗਰਾਂਦੇ ਇਕੱਤੀ ਇਕਵੰਜਾ ਜਾਂ ਕਈ ਵਾਰ ਵੱਧ ਮਾਇਆ ਦੇ ਕੇ ਜਾਂਦੇ ਹਨ। ਜੇ ਬੰਦੇ ਕੰਮਾਂ ’ਤੇ ਗਏ ਹੋਣ ਤਾਂ ਇਨ੍ਹਾਂ ਦੇ ਬਾਲ ਬੱਚੇ ਬਾਰਾਂ ਮਾਹ ਦਾ ਪਾਠ ਸੁਣਨ ਜ਼ਰੂਰ ਆਉਂਦੇ ਹਨ।
ਸਾਡੇ ਘਰੇ ਝਾੜੂ-ਪੋਚਾ ਲਾਉਣ ਆਉਂਦੀ ਬਿਹਾਰੀ ਬੀਬੀ ਇੱਕ ਦਨਿ ਕੰਮ ਕਾਰ ਨਬਿੇੜ ਕੇ ਸਾਡੀ ਨੂੰਹ ਨੂੰ ਕਹਿਣ ਲੱਗੀ, “ਬੀਬੀ ਜੀ, ਕੱਲ੍ਹ ਕੋ ਹਮ ਨਹੀਂ ਆਏਂਗੇ।” ਕਾਰਨ ਪੁੱਛਣ ’ਤੇ ਬੋਲੀ, “ਵੋਹ ਬਾਗ ਵਾਲਾ ਗੁਰੂਦਵਾਰਾ ਹੈ ਨਾ, ਕੱਲ੍ਹ ਕੋ ਉਨਹੋਂ ਨੇ ਬਾਬਾ ਜੀ ਕੋ ਟਰਾਲੀ ਮੇਂ ਬਿਠਾ ਕਰ ਇਧਰ ਉਧਰ ਘੂਮਨਾ ਹੈ, ਹਮ ਸਭ ਕੋ ਕੱਲ੍ਹ ਟਰਾਲੀਉਂ ਮੇਂ ਬੈਠਨੇ ਕੇ ਲੀਏ ਬੋਲਾ ਹੈ।”
ਆਪਣੇ ਕਮਰੇ ’ਚ ਦਸਤਾਰ ਬੰਨ੍ਹਦੇ ਨੂੰ ਮੈਨੂੰ ਉਸ ਬੀਬੀ ਦੀ ਨਗਰ ਕੀਰਤਨ ਦੀ ਦੱਸੀ ਪਰਿਭਾਸ਼ਾ ਸੁਣ ਕੇ ਯਾਦ ਆਇਆ ਕਿ ਲਾਗਲੇ ਪਿੰਡ ਵਾਲੇ ਸੱਜਣ ਗੁਰਪੁਰਬ ਤੋਂ ਇੱਕ ਦਨਿ ਪਹਿਲਾਂ ਨਗਰ ਕੀਰਤਨ ਕੱਢ ਰਹੇ ਹਨ ਜੋ ਲਾਗੇ ਲਾਗੇ ਦੇ ਕਈ ਪਿੰਡਾਂ ਦੀ ਪਰਿਕਰਮਾ ਕਰੇਗਾ। ਉਸ ਨਗਰ ਕੀਰਤਨ ਵਿਚ ਮੈਂ ਦੇਖਿਆ ਕਿ ਬਾਰਾਂ ਤੇਰਾਂ ਟ੍ਰੈਕਟਰ-ਟਰਾਲੀਆਂ ਵਿਚੋਂ ਅੱਧੀਆਂ ਕੁ ਉੱਤੇ ਯੂਪੀ-ਬਿਹਾਰੀ ਪਰਿਵਾਰਾਂ ਦੀਆਂ ਬੀਬੀਆਂ ਅਤੇ ਬੱਚੇ ਸਜੇ ਬੈਠੇ ਸਨ। ਨਾਲੇ ਤਾਂ ਉਹ ਖੁਸ਼ ਹੋ ਹੋ ਸਮੋਸੇ ਲੱਡੂ ਤੇ ਬਦਾਣੇ-ਭੁਜੀਏ ਦੇ ਡੂੰਨੇ ਛਕ ਰਹੇ ਸਨ, ਨਾਲੇ ਹੱਥਾਂ ਵਿਚ ਫੜੇ ਪੌਲੀਥੀਨ ਦੇ ਲਿਫਾਫਿਆਂ ਵਿਚ ਵਰਤਾਇਆ ਜਾ ਰਿਹਾ ਵਾਧੂ ਸਮਾਨ ਪਾ ਰਹੇ ਸਨ। ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਦੇ ਅੱਗੇ ਅੱਗੇ ਝਾੜੂ ਫੇਰ ਰਹੀਆਂ ਬੀਬੀਆਂ ਵਿਚ ਕੁਝ ਪਰਦੇਸੀ ਬੀਬੀਆਂ ਵੀ ਉਸੇ ਸ਼ਰਧਾ ਨਾਲ ਸੇਵਾ ਕਰ ਰਹੀਆਂ ਸਨ।
ਇੱਕ ਦਨਿ ਪਿੰਡ ’ਚ ਰੌਲ਼ਾ ਪੈ ਗਿਆ ਕਿ ਰਾਤੋ ਰਾਤ ਬੇਟ ਟਿਊਬਵੈੱਲਾਂ ਤੋਂ ਕੋਈ ਪੰਜ ਇੰਜਣ ਖੋਲ੍ਹ ਕੇ ਲੈ ਗਿਆ। ਸਵੇਰੇ ਸੈਰ ਕਰਨ ਗਏ ਨੇ ਕੁਝ ਗਰਾਈਆਂ ਨੂੰ ਪੁੱਛਿਆ ਕਿ ‘ਇਹ ਕੰਮ’ ਇਨ੍ਹਾਂ ਪਰਵਾਸੀਆਂ ਦਾ ਹੋਣੈ? ਜਵਾਬ ਮਿਲਿਆ- ਏਡੇ ਵੱਡੇ ਲੈਵਲ ਦੀ ਚੋਰੀ ਇਹ ਨਹੀਂ ਕਰ ਸਕਦੇ ਵੀਰਾ।
ਲਾਗਲੇ ਪਿੰਡ ਮਝੂਰ ਰਹਿੰਦੇ ਆਪਣੇ ਪੁਰਾਣੇ ਮਿੱਤਰ ਨੂੰ ਸਾਈਕਲ ’ਤੇ ਮਿਲਣ ਜਾਂਦਿਆਂ ਇੱਕ ਹੋਰ ਜਾਣੂ ਮਿਲ ਪਿਆ ਜੋ ਮੇਰੇ ਵਾਂਗ ਹੀ ਵਿਦੇਸ਼ੋਂ ਆ ਕੇ ਪਿੰਡ ਕਈ ਕਈ ਮਹੀਨੇ ਰਹਿੰਦਾ ਹੈ। ਉਹਨੇ ਸੁਝਾਅ ਦਿੰਦਿਆਂ ਦੱਸਿਆ, “ਮੈਂ ਇੱਥੇ ਆ ਕੇ ਹਰ ਵਾਰ ਨਵਾਂ ਸਾਈਕਲ ਲੈ ਲੈਂਦਾ ਹਾਂ, ਜਾਣ ਲੱਗਾ ਕਿਸੇ ਪਰਵਾਸੀ ਨੂੰ ਦੇ ਜਾਂਦਾ ਹਾਂ, ਤੂੰ ਵੀ ਇੱਦਾਂ ਹੀ ਕਰਿਆ ਕਰ।”
ਮੈਨੂੰ ਹਿਰਖ ਜਿਹਾ ਆਇਆ, “ਪਰਵਾਸੀਆਂ ਨੂੰ ਹੀ ਕਿਉਂ, ਕਿਸੇ ‘ਆਪਣੇ’ ਲੋੜਵੰਦ ਭਰਾ ਨੂੰ ਕਿਉਂ ਨਹੀਂ ਦਿੰਦੇ ਤੁਸੀਂ ਸਾਈਕਲ?” ਕਹਿੰਦਾ- ‘ਆਪਣੇ’ ਦੀ ਗੱਲ ਸੁਣ ਲੈ! ਇੱਕ ਵਾਰ ਫਲਾਣਾ ਸਿੰਘ ਨੂੰ ਸਾਈਕਲ ਦੇ ਗਿਆ। ਕੁਝ ਦਨਿਾਂ ਬਾਅਦ ਉਨ੍ਹਾਂ ਦੇ ਘਰ ਕੋਈ ਮੌਤ ਹੋ ਗਈ। ਮੈਨੂੰ ਕਹਿੰਦੇ- ਆਪਣਾ ‘ਗ੍ਰੌਹ ਟਾਲਣ’ ਲਈ ਉਹ ਸਾਨੂੰ ‘ਲੋਹਾ ਦਾਨ’ ਕਰ ਗਿਐ। ਉਹੀ ਸਾਈਕਲ ਉਨ੍ਹੀਂ ਕਿਸੇ ਪਰਵਾਸੀ ਨੂੰ ਵੇਚ ਕੇ ਪੈਸੇ ਵੱਟ ਲਏ।
ਆਪਣੇ ਪਿੰਡ ਦੇ ਲਾਗਲੇ ਕਸਬੇ ਜਾਡਲੇ ਲਾਗੇ ਸੜਕ ਕੰਢੇ ਫਲ਼ਾਂ ਸਬਜ਼ੀਆਂ ਦੀ ਦੁਕਾਨ ਤੋਂ ਸਮਾਨ ਖਰੀਦ ਕੇ ਅੱਗੇ ਪਿੰਡ ਲੰਗੜੋਏ ਵੱਲ ਜਾਣ ਲਈ ਜਦ ਮੈਂ ਸਕੂਟਰ ਸਟਾਰਟ ਕੀਤਾ ਤਾਂ ਦੋ ਝੋਲ਼ੇ ਅਤੇ ਡੱਬਾ ਚੁੱਕੀ ਖੜ੍ਹੇ ਪਰਵਾਸੀ ਵੱਲ ਇਸ਼ਾਰਾ ਕਰ ਕੇ ਦੁਕਾਨਦਾਰ ਮੈਨੂੰ ਕਹਿੰਦਾ, “ਭਾਅ ਜੀ, ਇਹਨੂੰ ਪੈਟਰੋਲ ਪੰਪ ਤੱਕ ਨਾਲ ਲੈ ਜਾਉਗੇ?”
ਮੈਂ ਉਹਨੂੰ ਪਿੱਛੇ ਬਿਠਾ ਲਿਆ। ਪੁੱਛਣ ਤੋਂ ਉਹਨੇ ਦੱਸਿਆ ਕਿ ਉਹ ਖੇਤਾਂ ’ਚ ਕੰਮ ਕਰਦੇ ਆਪਣੇ ਸਾਥੀਆਂ ਲਈ ਰੋਟੀ ਲੈ ਕੇ ਜਾ ਰਿਹਾ ਹੈ। ਸੜਕ ’ਤੇ ਖੇਤਾਂ ਕੋਲ ਪਹੁੰਚ ਕੇ ਉਹਨੇ ਸਕੂਟਰ ਰੁਕਵਾਇਆ ਤੇ ਉਤਰਨ ਲੱਗਾ ਡੱਬਾ ਤੇ ਝੋਲ਼ੇ ਮੇਰੇ ਮੋਹਰੇ ਕਰ ਕੇ ਬੋਲਿਆ, “ਸ਼ਰਦਾਰ ਜੀ, ਪ੍ਰਸ਼ਾਦਾ ਛਕ ਲੋ ਤੁਸ਼ੀਂ ਵੀ?”
ਮੈਂ ਭਾਵੇਂ ਕਾਹਲ਼ੀ ’ਚ ਸਾਂ ਪਰ ਉਹਨੇ ਇੰਨੇ ਮੋਹ ਨਾਲ ‘ਪ੍ਰਸ਼ਾਦਾ ਛਕਣ’ ਦੀ ਸੁਲ੍ਹਾ ਮਾਰੀ ਸੀ ਕਿ ਮੇਰੇ ਗਲੇਡੂ ਭਰ ਆਏ। ਸਕੂਟਰ ਖੜ੍ਹਾ ਕੇ ਮੈਂ ਉਹਨੂੰ ਗਲਵਕੜੀ ’ਚ ਲੈ ਲਿਆ। ਧੰਨਵਾਦ ਕਰਦਿਆਂ ਮੈਂ ਉਹਨੂੰ ਪੁੱਛਿਆ ਕਿ ਉਹਨੇ ਇੱਦਾਂ ਕਿਸੇ ਨੂੰ ਰੋਟੀ ਖੁਆਉਣ ਲਈ ਕਹਿਣਾ ਕਿੱਥੋਂ ਸਿੱਖਿਆ ਹੈ?
“ਹਮਾਰੇ ਜੋ ਸ਼ਰਦਾਰ ਜੀ ਹੈਂ ਨਾ ਦੁਕਾਨ ਪੇ...”, ਉਹ ਜਵਾਬ ਦੇਣ ਲੱਗਾ, “... ਵੋਹ ਜਬ ਖਾਣਾ ਖਾ ਰਹੇ ਹੋਤੇ ਹੈਂ, ਉਸ ਸਮਯ ਦੁਕਾਨ ਪਰ ਕੋਈ ਵੀ ਗ੍ਰਾਹਕ ਆ ਜਾਏ... ਵੋਹ ਉਸ ਕੋ ਪਹਲੇ ਯੇਹ ਜਰੂਰ ਕਹਤੇ ਹੈਂ- ‘ਪ੍ਰਸ਼ਾਦਾ ਛਕ ਲੋ ਪਾਜੀ’...!”
ਸੰਪਰਕ: 1-408-915-1268