ਕੌਮੀ ਰੈਂਕਿੰਗ: ਆਈਆਈਟੀ ਮਦਰਾਸ ਲਗਾਤਾਰ ਛੇਵੇਂ ਸਾਲ ਸਿਖਰ ’ਤੇ ਕਾਇਮ
ਨਵੀਂ ਦਿੱਲੀ, 12 ਅਗਸਤ
ਸਿੱਖਿਆ ਮੰਤਰਾਲੇ ਅਨੁਸਾਰ ‘ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ, 2024’ (ਐੱਨਆਈਆਰਐੱਫ 2024) ’ਚ ਆਈਆਈਟੀ ਮਦਰਾਸ ਲਗਾਤਾਰ ਛੇਵੇਂ ਸਾਲ ਸਿਖਰਲੇ ਸਥਾਨ ’ਤੇ ਬਣਿਆ ਹੋਇਆ ਹੈ ਜਦਕਿ ਭਾਰਤੀ ਵਿਗਿਆਨ ਸੰਸਥਾ (ਆਈਆਈਐੱਸਸੀ) ਬੰਗਲੂਰੂ ਨੂੰ ਲਗਾਤਾਰ ਨੌਵੀਂ ਵਾਰ ਸਰਵੋਤਮ ਯੂਨੀਵਰਸਿਟੀ ਚੁਣਿਆ ਗਿਆ ਹੈ। ਸੂਚੀ ਵਿੱਚ ਓਵਰਆਲ ਵਰਗ ਵਿੱਚ ਆਈਆਈਐੱਸਸੀ ਬੰਗਲੂਰੂ ਨੂੰ ਦੂਜਾ ਅਤੇ ਆਈਆਈਟੀ ਬਾਂਬੇ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਪਿਛਲੇ ਸਾਲ ਤੀਜੇ ਸਥਾਨ ’ਤੇ ਰਹੀ ਆਈਆਈਟੀ ਦਿੱਲੀ ਇੱਕ ਸਥਾਨ ਹੇਠਾਂ ਖਿਸਕ ਗਈ ਹੈ। ਮੈਡੀਕਲ ਕਾਲਜਾਂ ਦੇ ਵਰਗ ’ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਪਹਿਲੇ ਸਥਾਨ ’ਤੇ ਰਿਹਾ ਹੈ ਜਦਕਿ ਪੀਜੀਆਈਐੱਮਈਆਰ (ਪੀਜੀਆਈ) ਚੰਡੀਗੜ੍ਹ ਨੂੰ ਦੂਜਾ ਅਤੇ ਸੀਐੱਸਮੀ ਵੈਲੋਰ ਨੂੰ ਤੀਜਾ ਸਥਾਨ ਮਿਲਿਆ ਹੈ।
ਦੇਸ਼ ਦੀਆਂ ਸਿਖਰਲੀਆਂ ਦਸ ਸੰਸਥਾਵਾਂ ’ਚ ਅੱਠ ਆਈਆਈਟੀਜ਼ ਨਾਲ ਨਵੀਂ ਦਿੱਲੀ ਸਥਿਤ ਏਮਜ਼ ਤੇ ਜੇਐੱਨਯੂ ਵੀ ਸ਼ਾਮਲ ਹਨ। ਯੂਨੀਵਰਸਿਟੀ ਵਰਗ ਵਿੱਚ ਆਈਆਈਐੱਸਸੀ ਬੰਗਲੂਰੂ ਤੋਂ ਬਾਅਦ ਜੇਐੱਨਯੂ ਤੇ ਜਾਮੀਆ ਮਿਲੀਆ ਇਸਲਾਮੀਆ ਦਾ ਸਥਾਨ ਹੈ। ਇੰਜਨੀਅਰਿੰਗ ਕਾਲਜਾਂ ਦੀ ਸੂਚੀ ਵਿੱਚ ਦਸ ਸੰਸਥਾਵਾਂ ’ਚੋਂ ਨੌਂ ਆਈਆਈਟੀਜ਼ ਸ਼ਾਮਲ ਹਨ ਜਿਨ੍ਹਾਂ ’ਚੋਂ ਆਈਆਈਟੀ ਮਦਰਾਸ ਲਗਾਤਾਰ ਨੌਵੇਂ ਸਾਲ ਇਸ ਵਰਗ ’ਚ ਸਿਖਰ ’ਤੇ ਹੈ। ਆਈਆਈਟੀ ਦਿੱਲੀ ਤੇ ਆਈਆਈਟੀ ਬੰਬੇ ਨੇ ਵੀ ਇਸ ਵਰਗ ’ਚ ਆਪਣਾ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਕਾਇਮ ਰੱਖਿਆ ਹੈ। ਮੈਨੇਜਮੈਂਟ ਸੰਸਥਾਵਾਂ ’ਚ ਆਈਆਈਐੱਮ ਅਹਿਮਦਾਬਾਦ ਨੇ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ ਤੇ ਇਸ ਮਗਰੋਂ ਆਈਆਈਐੱਮ ਬੰਗਲੂਰੂ ਤੇ ਆਈਆਈਐੱਮ ਕੋਜ਼ੀਕੋੜ ਦਾ ਸਥਾਨ ਹੈ। ਫਾਰਮੈਸੀ ’ਚ ਜਾਮੀਆ ਹਮਦਰਦ ਪਿਛਲੇ ਸਾਲ ਦੇ ਦੂਜੇ ਸਥਾਨ ਤੋਂ ਉੱਪਰ ਉੱਠ ਕੇ ਸਿਖਰ ’ਤੇ ਪਹੁੰਚ ਗਿਆ ਹੈ ਜਦਕਿ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ, ਹੈਦਰਾਬਾਦ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਕਾਲਜਾਂ ਦੇ ਵਰਗ ’ਚ ਹਿੰਦੂ ਕਾਲਜ ਪਹਿਲੇ, ਮਿਰਾਂਡਾ ਹਾਊਸ ਦੂਜੇ ਤੇ ਸੇਂਟ ਸਟੀਫਨਜ਼ ਕਾਲਜ ਤੀਜੇ ਸਥਾਨ ਹੈ। ਕਾਨੂੰਨ ਸੰਸਥਾਵਾਂ ’ਚ ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ ਬੰਗਲੂਰੂ ਪਹਿਲੇ, ਨੈਸ਼ਨਲ ਲਾਅ ਕਾਲਜ ਦਿੱਲੀ ਦੂਜੇ ਤੇ ਨਲਸਾਰ ਯੂਨੀਵਰਸਿਟੀ ਆਫ ਲਾਅ ਹੈਦਰਾਬਾਦ ਤੀਜੇ ਸਥਾਨ ’ਤੇ ਹਨ। -ਪੀਟੀਆਈ
ਖੇਤੀ ਸਬੰਧੀ ਸਿੱਖਿਆ ਲਈ ਪੀਏਯੂ ਲੁਧਿਆਣਾ ਤੀਜੇ ਸਥਾਨ ’ਤੇ
ਖੇਤੀ ਤੇ ਸਬੰਧਤ ਖੇਤਰਾਂ ’ਚ ਸਿੱਖਿਆ ਲਈ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਪਹਿਲੇ ਸਥਾਨ ’ਤੇ ਹੈ ਜਦਕਿ ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਏਆਰ)-ਕੌਮੀ ਡੇਅਰੀ ਖੋਜ ਸੰਸਥਾ ਹਰਿਆਣਾ ਦੂਜੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੀਜੇ ਸਥਾਨ ’ਤੇ ਹੈ।