ਸਭਿਆਚਾਰਕ ਅਤੀਤ ਪ੍ਰਤੀ ਜਾਗਰੂਕਤਾ ਨਾਲ ਪੈਦਾ ਹੁੰਦੀ ਹੈ ਕੌਮੀ ਸ਼ਕਤੀ: ਵੋਹਰਾ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 18 ਅਕਤੂਬਰ
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਅੱਜ ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈਆਈਸੀ) ਵਿੱਚ ਭੰਡਾਰਕਰ ਓਰੀਐਂਟਲ ਖੋਜ ਸੰਸਥਾ (ਬੀਓਆਰਆਈ) ਪੁਣੇ ਵੱਲੋਂ ਲਗਾਈ ਗਈ ਪ੍ਰਦਰਸ਼ਨੀ ‘ਅਤੀਤ ਦਾ ਭਵਿੱਖ’ ਦਾ ਉਦਘਾਟਨ ਕੀਤਾ। ਇਸ ਮੌਕੇ ਆਈਆਈਸੀ ਦੇ ਪ੍ਰਧਾਨ ਸ਼ਿਆਮ ਸਰਨ ਵੀ ਹਾਜ਼ਰ ਸਨ। ਪ੍ਰਦਰਸ਼ਨੀ ਦੇ ਉਦਘਾਟਨ ਮਗਰੋਂ ਆਈਆਈਸੀ ਦੇ ਲਾਈਫ ਟਰੱਸਟੀ ਸ੍ਰੀ ਵੋਹਰਾ ਨੇ ਕਿਹਾ ਕਿ ਵਿਆਪਕ ਕੌਮੀ ਸ਼ਕਤੀ ਵਿਅਕਤੀ ਦੇ ਸਭਿਆਚਾਰਕ ਅਤੇ ਸਭਿਅਕ ਅਤੀਤ ਬਾਰੇ ਜਾਗਰੂਕਤਾ ਤੋਂ ਪੈਦਾ ਹੁੰਦੀ ਹੈ। ਸ੍ਰੀ ਵੋਹਰਾ ਨੇ ਕਿਹਾ, ‘‘ਪ੍ਰਦਰਸ਼ਨੀ ਵਿੱਚ ਰੱਖੀਆਂ ਹੱਥ ਲਿਖਤਾਂ ਤੇ ਹੋਰ ਕਲਾਕ੍ਰਿਤਾਂ ਦਾ ਸੰਗ੍ਰਹਿ ਸਾਡੇ ਦੇਸ਼ ਦੀ ਬੌਧਿਕ ਸੰਪਤੀ ਦਾ ਹਿੱਸਾ ਹੈ। ਕਿਤਾਬਾਂ ਤੇ ਹੱਥ ਲਿਖਤ ਗ੍ਰੰਥ ਗਿਆਨ ਦੇ ਅਣਮੁੱਲੇ ਸਰੋਤ ਹਨ ਅਤੇ ਇਹ ਸਾਡੀ ਸਭਿਅਤਾ ਦੀ ਨੀਂਹ ਵੀ ਹਨ।’’ ਉਨ੍ਹਾਂ ਕਿਹਾ ਕਿ ਕੌਮੀ ਚੇਤਨਾ ਨੂੰ ਬਹਾਲ ਕਰਨ ਦੀ ਹਰ ਕੋਸ਼ਿਸ਼ ਵੱਡੀ ਚੁਣੌਤੀ ਹੈ ਅਤੇ ਇਹ ਸੁਖਾਲੀ ਨਹੀਂ ਹੈ।
ਸ੍ਰੀ ਐੱਨਐੱਨ ਵੋਹਰਾ ਨੇ ਪ੍ਰਦਰਸ਼ਨੀ ਦੀ ਅਹਿਮੀਅਤ ਬਾਰੇ ਵਿਚਾਰ ਪ੍ਰਗਟਾਉਂਦਿਆਂ ਕਿਹਾ, ‘‘ਅੱਜ ਜਦੋਂ ਅਸੀਂ ਕਿਸੇ ਦੁਸ਼ਮਣ ਵੱਲੋਂ ਵਿਦੇਸ਼ੀ ਹਮਲੇ ਨੂੰ ਨਾਕਾਮ ਕਰਨ ਲਈ ਆਪਣੇ ਮੁਲਕ ਨੂੰ ਤਿਆਰ ਕਰਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕੌਮੀ ਤਾਕਤ ਅਤੇ ਵਿਆਪਕ ਕੌਮੀ ਸ਼ਕਤੀ ਬਾਰੇ ਵੀ ਵਿਚਾਰ ਕਰਦੇ ਹਾਂ। ਇਹ ਤਾਕਤ ਸਾਡੇ ਸਭਿਆਚਾਰਕ ਅਤੀਤ ਬਾਰੇ ਵਿਆਪਕ ਜਾਗਰੂਕਤਾ ਤੋਂ ਪੈਦਾ ਹੁੰਦੀ ਹੈ ਅਤੇ ਸਾਡੀ ਨਾ-ਬਰਾਬਰੀ ਵਿਚਾਲੇ ਏਕਤਾ ਦੀ ਭਾਵਨਾ ’ਚ ਯੋਗਦਾਨ ਦਿੰਦੀ ਹੈ। ਇਹ ਚੇਤਨਾ ਸਾਨੂੰ ਇਕੱਠਿਆਂ ਜੋੜਦੀ ਹੈ।’’ ਬੀਓਆਰਆਈ ਦੇ ਪ੍ਰਦੀਪ ਆਪਟੇ ਨੇ ਕਿਹਾ ਕਿ ਮਹਾਭਾਰਤ ਦਾ ਆਲੋਚਨਾਤਮਕ ਪ੍ਰਕਾਸ਼ਨ ਸੰਸਥਾ ਦਾ ਅਹਿਮ ਪ੍ਰਾਜੈਕਟ ਹੈ। ਇਹ 754 ਹੱਥ-ਲਿਖਤਾਂ ਦੀ ਧਿਆਨ ਨਾਲ ਚੋਣ ਕਰ ਕੇ ਤਿਆਰ ਕੀਤਾ ਗਿਆ ਹੈ। ਇਹ ਤਤਕਾਲੀ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਵੱਲੋਂ 22 ਸਤੰਬਰ 1966 ’ਚ ਜਾਰੀ ਕੀਤਾ ਗਿਆ ਸੀ।