ਕੈਨੇਡਾ ’ਚ ਜੂਝਦੇ ਨੌਜਵਾਨਾਂ ਦੇ ਹੱਕ ’ਚ ਨਿੱਤਰੀ ਦੇਸ਼ ਭਗਤ ਕਮੇਟੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਅਕਤੂਬਰ
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੈਨੇਡਾ ਦੇ ਬਰੈਂਪਟਨ ਦੀ 295 ਕੁਈਨ ਸਟਰੀਟ ’ਤੇ ਲੰਬੇ ਅਰਸੇ ਤੋਂ ਆਪਣੇ ਹੱਕਾਂ ਲਈ ਦਿਨ-ਰਾਤ ਦਾ ਪੱਕਾ ਮੋਰਚਾ ਲਾ ਕੇ ਵਿਖਾਵਾ ਕਰ ਰਹੇ ਪੋਸਟ ਗਰੈਜੂਏਟ ਵਰਕ ਪਰਮਿਟ ਹੋਲਡਰਾਂ ਸਮੇਤ ਹੋਰ ਕੌਮਾਂਤਰੀ ਕਾਮਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਕੈਨੇਡਾ ਵਿੱਚ ਸੰਘਰਸ਼ ਕਰ ਰਹੇ ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼-ਵਿਦੇਸ਼ ਸਭਨਾਂ ਥਾਵਾਂ ਤੋਂ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ ਨੂੰ ਹੱਕੀ ਮੰਗਾਂ ਦੇ ਸਮਰਥਨ ਵਿੱਚ ਡਟਣ ਦੀ ਲੋੜ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਵਿਖਾਵਾਕਾਰੀਆਂ ਦੀਆਂ ਚਾਰ ਮੁੱਖ ਮੰਗਾਂ ਹਨ, ਜਿਨ੍ਹਾਂ ’ਚ 2024-25 ਵਿੱਚ ਖਤਮ ਹੋ ਰਹੇ ਵਰਕ ਪਰਮਿਟਾਂ ਦੀ ਮਿਆਦ ਵਧਾਈ ਜਾਵੇ, ਐੱਲਐੱਮਆਈਏ ਆਧਾਰਿਤ ਲੁੱਟ ਖ਼ਤਮ ਕੀਤੀ ਜਾਵੇ, ਪੱਕੇ ਨਿਵਾਸੀਆਂ ਲਈ ਪਾਰਦਰਸ਼ੀ ਇਨਸਾਫ਼ ਦਾ ਰਾਹ ਖੋਲ੍ਹਿਆ ਜਾਵੇ ਅਤੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੰਜ ਸਾਲ ਦਾ ਵਰਕ ਪਰਮਿਟ ਤੁਰੰਤ ਦਿੱਤਾ ਜਾਵੇ।