ਨਗਰ ਨਿਗਮ ਚੋਣਾਂ: ‘ਆਪ’ ਤਿੰਨ ਤੇ ਕਾਂਗਰਸ ਦੋ ’ਚ ਅੱਗੇ
ਆਤਿਸ਼ ਗੁਪਤਾ
ਚੰਡੀਗੜ੍ਹ, 21 ਦਸੰਬਰ
ਪੰਜਾਬ ਵਿੱਚ ਅੱਜ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਹੋਈ। ਵੋਟਿੰਗ ਦੌਰਾਨ ਉਮੀਦਵਾਰਾਂ ਵੱਲੋਂ ਗੜਬੜੀਆਂ ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਭਰ ਵਿੱਚ ਕੁੱਲ 65.85 ਫ਼ੀਸਦ ਪੋਲਿੰਗ ਹੋਈ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ 5 ਨਗਰ ਨਿਗਮਾਂ ’ਚੋਂ ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਭਾਰੂ ਰਹੀ, ਜਦੋਂਕਿ ਅੰਮ੍ਰਿਤਸਰ ਤੇ ਫਗਵਾੜਾ ਵਿੱਚ ਕਾਂਗਰਸ ਅੱਗੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਜ਼ਿਲ੍ਹੇ ਸੰਗਰੂਰ ਨਗਰ ਕੌਂਸਲ ਵਿੱਚ ‘ਆਪ’ ਬਹੁਮਤ ਹਾਸਲ ਨਹੀਂ ਕਰ ਸਕੀ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ 45 ਵਾਰਡਾਂ ’ਤੇ ਅੱਜ ਵੋਟਿੰਗ ਹੋਈ ਹੈ, ਜਿਸ ’ਚ 35 ਵਾਰਡਾਂ ’ਤੇ ‘ਆਪ’ ਨੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਨੇ 4-4 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ 8 ਵਾਰਡਾਂ ’ਤੇ ‘ਆਪ’ ਬਿਨਾਂ ਵਿਰੋਧ ਜਿੱਤ ਚੁੱਕੀ ਹੈ, ਜਦਕਿ 7 ਵਾਰਡਾਂ ’ਤੇ ਅਦਾਲਤ ਨੇ ਰੋਕ ਲਗਾਈ ਹੋਈ ਹੈ।