For the best experience, open
https://m.punjabitribuneonline.com
on your mobile browser.
Advertisement

ਕੌਮੀ ਪਾਰਟੀਆਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ: ਸੁਖਬੀਰ

07:54 AM May 24, 2024 IST
ਕੌਮੀ ਪਾਰਟੀਆਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ  ਸੁਖਬੀਰ
ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
Advertisement

ਜਗਜੀਤ ਸਿੰਘ
ਮੁਕੇਰੀਆਂ, 23 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੌਮੀ ਪਾਰਟੀਆਂ ਦਾ ਏਜੰਡਾ ਕੇਵਲ ਸੂਬੇ ’ਤੇ ਰਾਜ ਕਰਨ ਦਾ ਹੁੰਦਾ ਹੈ, ਜਦੋਂਕਿ ਖੇਤਰੀ ਪਾਰਟੀਆਂ ਲਈ ਆਪਣੇ ਸੂਬੇ ਦੇ ਹਿੱਤ ਪਹਿਲਾਂ ਹੁੰਦੇ ਹਨ।
ਉਹ ਅੱਜ ਹਲਕਾ ਇੰਚਾਰਜ ਅਤੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਹਲਕੇ ਤੋਂ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ। ਕਾਂਗਰਸ ਨੇ ਰਾਜਸਥਾਨ ਦੀਆਂ ਚੋਣਾਂ ਜਿੱਤਣ ਲਈ ਸੂਬੇ ਦਾ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ, ਜਦੋਂਕਿ ਰਹਿੰਦੇ ਪਾਣੀ ’ਚੋਂ ਅੱਧਾ ਹਿੱਸਾ ਮੁੜ ਕਾਂਗਰਸ ਵੱਲੋਂ ਹਰਿਆਣਾ ਨੂੰ ਦੇ ਕੇ ਪੰਜਾਬ ਨੂੰ ਮਾਰੂਥਲ ਬਣਾਉਣ ਵੱਲ ਧੱਕ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਾਰਾ ਨਿਵੇਸ਼ ਆਪਣੇ ਪਿਤਰੀ ਰਾਜ ਗੁਜਰਾਤ ਵਿੱਚ ਕੀਤਾ ਜਾ ਰਿਹਾ ਹੈ, ਜਦੋਂਕਿ ਪੰਜਾਬ ਵਿੱਚ ਕੋਈ ਨਿਵੇਸ਼ ਨਹੀਂ ਹੋ ਰਿਹਾ। ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵਿਕਾਸ ਕੇਵਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਸਰਕਾਰ ਵੱਲੋਂ ਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ ਵਿੱਚ ਆਉਂਦਿਆਂ ਹੀ ਸੇਵਾ ਕੇਂਦਰ ਬੰਦ ਕਰ ਦਿੱਤੇ ਅਤੇ ‘ਆਪ’ ਨੇ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਸਿਹਤ ਕੇਂਦਰ ਬੰਦ ਕਰ ਕੇ ਫੋਕੀ ਵਾਹ-ਵਾਹ ਲਈ ਉਨ੍ਹਾਂ ਇਮਾਰਤਾਂ ਵਿੱਚ ਹੀ ਆਮ ਆਦਮੀ ਕਲੀਨਿਕ ਬਣਾ ਲਏ, ਜਿੱਥੇ ਨਾ ਤਾਂ ਦਵਾਈ ਮਿਲਦੀ ਹੈ ਤੇ ਨਾ ਹੀ ਡਾਕਟਰ। ਸੁਖਬੀਰ ਬਾਦਲ ਨੇ ਲੋਕਾਂ ਨੂੰ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।

Advertisement

ਲੋਕਾਂ ਨੂੰ ਡਰਾਉਣ ਦੀ ਰਾਜਨੀਤੀ ਕਰ ਰਹੇ ਨੇ ਪ੍ਰਧਾਨ ਮੰਤਰੀ: ਸੁਖਬੀਰ

ਹੁਸ਼ਿਆਰਪੁਰ/ਟਾਂਡਾ (ਹਰਪ੍ਰੀਤ ਕੌਰ/ਸੁਰਿੰਦਰ ਸਿੰਘ ਗੁਰਾਇਆ): ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਕਹਾਉਣ ਦੇ ਲਾਇਕ ਨਹੀਂ ਕਿਉਂਕਿ ਉਨ੍ਹਾਂ ਨੂੰ ਮਰਿਆਦਾ ਦਾ ਹੀ ਨਹੀਂ ਪਤਾ। ਅੱਜ ਇੱਥੇ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵੱਸ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਪੰਜਾਬ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਗੁਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵੋਟਾਂ ਖਾਤਿਰ ਲੋਕਾਂ ਨੂੰ ਡਰਾਉਣ ਦੀ ਰਾਜਨੀਤੀ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀ ਮੁੱਦਿਆਂ ਦੀ ਬਜਾਏ ਭਾਜਪਾ ਗੁਮਰਾਹਕੁਨ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਜੋ ਪਾਰਟੀ ਸੀ, ਉਹ ਬਹੁਤ ਬਦਲ ਗਈ ਹੈ। ਸ੍ਰੀ ਬਾਦਲ ਨੇ ਕਿਹਾ ਕਿ ਜਿਨ੍ਹਾਂ ਮੁਲਕਾਂ ਦੀਆਂ ਫੌਜਾਂ ਮਜ਼ਬੂਤ ਹੁੰਦੀਆਂ ਹਨ, ਉਨ੍ਹਾਂ ’ਤੇ ਕੋਈ ਹਮਲਾ ਨਹੀਂ ਕਰ ਸਕਦਾ। ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪੰਥਕ ਪਾਰਟੀ ਹੈ, ਇਹ ਖਾਲਸਾ ਪੰਥ ਦੀ ਫੌਜ ਹੈ, ਜਿਸ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ, ਐੱਸਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×