ਕੌਮੀ ਜਾਂਚ ਏਜੰਸੀ ਵੱਲੋਂ ਜਲੰਧਰ ਤੇ ਤਰਨ ਤਾਰਨ ਵਿੱਚ ਛਾਪੇ
ਪਾਲ ਸਿੰਘ ਨੌਲੀ/ਨਰਿੰਦਰ ਸਿੰਘ
ਜਲੰਧਰ/ਗੁਰਾਇਆ, 1 ਅਗਸਤ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮਾਂ ਵੱਲੋਂ ਅੱਜ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਛਾਪੇ ਮਾਰੇ ਗਏ। ਇਸ ਦੌਰਾਨ ਐਨਆਈਏ ਦੀਆਂ ਟੀਮਾਂ ਨੇ ਗੁਰਾਇਆ, ਸ਼ਾਹਕੋਟ ਅਤੇ ਆਦਮਪੁਰ ਦੇ ਇਲਾਕੇ ਵਿੱਚ ਸਵੇਰ ਵੇਲੇ ਪਰਵਾਸੀ ਪੰਜਾਬੀਆਂ ਦੇ ਪਰਵਿਾਰਾਂ ਤੋਂ ਪੁੱਛ-ਪੜਤਾਲ ਕੀਤੀ। ਹਾਲਾਂਕਿ ਅਧਿਕਾਰਤ ਤੌਰ ’ਤੇ ਐੱਨਆਈਏ ਦੀਆਂ ਟੀਮਾਂ ਦੀ ਅਗਵਾਈ ਕਰ ਰਹੇ ਅਫ਼ਸਰਾਂ ਨੇ ਵੀ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਪਰਵਾਸੀ ਪੰਜਾਬੀਆਂ ਦੇ ਗੜ੍ਹ ਗੁਰਾਇਆ ਦੇ ਨਾਲ ਲੱਗਦੇ ਪਿੰਡ ਡੱਲਾ ਵਿੱਚ ਐਨਆਈਏ ਦੀ ਟੀਮ ਵੱਲੋਂ ਬਲਵਿੰਦਰ ਸਿੰਘ ਤੇ ਲਵਸ਼ਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਲਵਸ਼ਿੰਦਰ ਸਿੰਘ ਇੰਗਲੈਂਡ ਰਹਿੰਦਾ ਹੈ ਤੇ ਗਰਮ ਖਿਆਲੀ ਹੋਣ ਕਾਰਨ ਕਾਲੀ ਸੂਚੀ ਵਿੱਚ ਵੀ ਉਸ ਦਾ ਨਾਂ ਦਰਜ ਹੈ। ਡੱਲਾ ਪਿੰਡ ਵਿੱਚ ਰਹਿੰਦੀ ਉਸ ਦੀ ਭਰਜਾਈ ਕੋਲੋ ਤਿੰਨ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ ਗਈ ਤੇ ਟੀਮ ਨੇ ਉਸ ਦਾ ਮੋਬਾਈਲ ਕਬਜ਼ੇ ਵਿੱਚ ਲੈ ਕੇ ਗਈ 7 ਅਗਸਤ ਨੂੰ ਦਿੱਲੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਆਖਿਆ।
ਲਵਸ਼ਿੰਦਰ ਸਿੰਘ ਨੇ ਇੰਗਲੈਂਡ ਤੋਂ ਦੱਸਿਆ ਕਿ ਮੋਦੀ ਸਰਕਾਰ ਦਹਿਸ਼ਤ ਪਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਦੌਲਤਪੁਰ ਦੇ ਸਾਬਕਾ ਸਰਪੰਚ ਅਤੇ ਅਕਾਲੀ ਜਥੇਦਾਰ ਮਲਕੀਤ ਸਿੰਘ ਦੌਲਤਪੁਰ ਦੇ ਘਰ ਛਾਪਾ ਮਾਰਿਆ। ਜਾਂਚ ਏਜੰਸੀ ਦੇ ਮੈਂਬਰਾਂ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਤੇ ਕਿਸੇ ਨੂੰ ਵੀ ਨਾ ਤਾਂ ਅੰਦਰ ਜਾਣ ਦਿੱਤਾ ਗਿਆ ਤੇ ਨਾ ਹੀ ਬਾਹਰ ਆਉਣ ਦਿੱਤਾ। ਇਸ ਬਾਰੇ ਜਥੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਗਜੀਤ ਸਿੰਘ ਜੀਤਾ ਕਿਸਾਨ ਅੰਦੋਲਨ ਦਾ ਤਕੜਾ ਹਮਾਇਤੀ ਰਿਹਾ ਹੈ। ਉਹ ਹੁਣ ਇੰਗਲੈਂਡ ਵਿੱਚ ਪਰਵਿਾਰ ਸਮੇਤ ਵਸਿਆ ਹੋਇਆ ਹੈ। ਉਸ ਨੇ ਇਹ ਵੀ ਦੱਸਿਆ ਕਿ ਜਗਜੀਤ ਸਿਘ ਯੂਕੇ ਵਿੱਚ ਕੇਟੀਵੀ ਚੈਨਲ ਚਲਾਉਂਦਾ ਸੀ। ਕਿਸਾਨ ਅੰਦੋਲਨ ਦੀ ਉਸ ਨੇ ਕਈ ਵਾਰ ਲਾਈਵ ਕਵਰੇਜ ਵੀ ਕੀਤੀ ਸੀ। ਮਲਕੀਤ ਸਿੰਘ ਨੇ ਦੱਸਿਆ ਕਿ ਬਾਅਦ ਵਿੱਚ ਸਰਕਾਰ ਨੇ ਉਸ ਦੇ ਚੈਨਲ ਨੂੰ ਬੰਦ ਹੀ ਕਰਵਾ ਦਿੱਤਾ ਸੀ। ਐਨਆਈਏ ਦੀ ਟੀਮ ਨੇ ਜਥੇਦਾਰ ਮਲਕੀਤ ਸਿੰਘ ਤੋਂ ਵੀ ਚੈਨਲ ਚਲਾਉਣ ਬਾਰੇ ਤੇ ਹੋਰ ਚੀਜ਼ਾਂ ਬਾਰੇ 10 ਵਜੇ ਤੱਕ ਪੁੱਛ-ਗਿੱਛ ਕੀਤੀ।
ਤਰਨ ਤਾਰਨ (ਗੁਰਬਖਸ਼ਪੁਰੀ): ਕੌਮੀ ਜਾਂਚ ਏਜੰਸੀ ਦੀਆਂ ਟੀਮਾਂ ਵਲੋਂ ਅੱਜ ਤਰਨ ਤਾਰਨ ਸ਼ਹਿਰ ਦੀ ਮਾਸਟਰ ਕਲੋਨੀ ਵਿੱਚ ਰਹਿੰਦੇ ਇਕ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਕੰਵਲ ਰਣਬੀਰ ਸਿੰਘ ਬਾਠ ਪੁੱਤਰ ਲਖਬੀਰ ਸਿੰਘ ਅਤੇ ਦੂਸਰੀ ਰੇਡ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਬੋਦੇਵਾਲ ਉੱਪਲ ਦੇ ਵਾਸੀ ਸ਼ਵਿਰਾਜ ਸਿੰਘ ਪੁੱਤਰ ਕਿਸ਼ਨ ਸਿੰਘ ਦੀ ਰਿਹਾਇਸ਼ ’ਤੇ ਕੀਤੀ ਗਈ| ਕੰਵਲ ਰਣਬੀਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਰੇਡ ਵੇਲੇ ਉਹ ਚੰੜੀਗੜ੍ਹ ਸਨ ਅਤੇ ਉਨ੍ਹਾਂ ਨੂੰ ਏਜੰਸੀ ਨੇ ਅੱਜ ਹੀ ਸ਼ਾਮ ਦੇ ਚਾਰ ਵਜੇ ਪੁੱਛ-ਗਿੱਛ ਲਈ ਚੰਡੀਗੜ੍ਹ ਦਫਤਰ ਬੁਲਾਇਆ ਹੈ| ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਇਨ੍ਹਾਂ ਦੋਹਾਂ ਥਾਵਾਂ ’ਤੇ ਮਾਰੇ ਛਾਪੇ ਕਿਸੇ ਕਿਸਮ ਗੰਭੀਰ ਮਾਮਲੇ ਨਾਲ ਸਬੰਧਿਤ ਨਹੀਂ ਹਨ| ਉਨ੍ਹਾਂ ਕਿਹਾ ਕਿ ਏਜੰਸੀ ਦੇ ਅਧਿਕਾਰੀ ਸ਼ਵਿਰਾਜ ਸਿੰਘ ਦਾ ਮੋਬਾਈਲ ਲੈ ਗਏ ਹਨ|
ਅਜਨਾਲਾ (ਪੱਤਰ ਪ੍ਰੇਰਕ): ਅਜਨਾਲਾ ਸ਼ਹਿਰ ਤੋਂ ਥੋੜ੍ਹੀ ਦੂਰ ਪਿੰਡ ਤੇੜੀ ਵਿੱਚ ਐੱਨ.ਆਈ.ਏ ਦੀ ਵਿਸ਼ੇਸ਼ ਟੀਮ ਨੇ ਸਾਬਕਾ ਸਰਪੰਚ ਸਤਸਰੂਪ ਸਿੰਘ ਤੇੜ੍ਹੀ ਦੇ ਘਰ ਛਾਪਾ ਮਾਰਿਆ। ਸੂਤਰਾਂ ਅਨੁਸਾਰ ਜਿਸ ਸਮੇਂ ਜਾਂਚ ਟੀਮ ਪਿੰਡ ਤੇੜੀ ਪਹੁੰਚੀ ਤਾਂ ਸਾਬਕਾ ਸਰਪੰਚ ਘਰ ਵਿੱਚ ਮੌਜੂਦ ਨਹੀਂ ਸੀ, ਜਿਸ ਨੂੰ ਟੀਮ ਵੱਲੋਂ ਬੁਲਾ ਕੇ ਸਾਰੇ ਘਰ ਦੀ ਤਲਾਸ਼ੀ ਲਈ ਗਈ ਪਰ ਟੀਮ ਨੂੰ ਘਰ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਟੀਮ ਵੱਲੋਂ ਸਾਬਕਾ ਸਰਪੰਚ ਨੂੰ ਮੁੜ ਅਗਲੇ ਦਿਨਾਂ ਦੌਰਾਨ ਸੱਦੇ ਜਾਣ ਗੱਲ ਸਾਹਮਣੇ ਆਈ ਹੈ।
ਪਿੰਡ ਨੰਗਲ ਸਪਰੋੜ ਤੇ ਚਹੇੜੂ ’ਚ ਪੁੱਜੀ ਐਨਆਈਏ ਦੀ ਟੀਮ
ਫਗਵਾੜਾ (ਜਸਬੀਰ ਸਿੰਘ ਚਾਨਾ): ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਅੱਜ ਸਵੇਰੇ ਪਿੰਡ ਨੰਗਲ ਸਪਰੋੜ ਤੇ ਚਹੇੜੂ ਦੇ ਪਿੰਡਾਂ ’ਚ ਜਾ ਕੇ ਯੂਕੇ ’ਚ ਰਹਿੰਦੇ ਸਿੱਖ ਫ਼ੈਡਰੇਸ਼ਨ ਦੇ ਆਗੂਆਂ ਦੇ ਘਰ ’ਚ ਛਾਪੇਮਾਰੀ ਕੀਤੀ ਤੇ ਕਰੀਬ 7 ਘੰਟੇ ਪੁੱਛ-ਗਿੱਛ ਕੀਤੀ। ਟੀਮ ਨੇ ਦੋਨਾਂ ਪਰਵਿਾਰਾਂ ਨੂੰ ਨੋਟਿਸ ਜਾਰੀ ਕਰਕੇ ਏਜੰਸੀ ਦੇ ਹੈੱਡਕੁਆਰਟਰ ਦਿੱਲੀ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਨੰਗਲ ਸਪਰੋੜ ਦੇ ਯੂ.ਕੇ ’ਚ ਰਹਿੰਦੇ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਆਗੂ ਅਮਰੀਕ ਸਿੰਘ ਗਿੱਲ ਦੇ ਘਰ ਪੁੱਜੇ ਜਿਥੇ ਉਸ ਦੇ ਜੱਦੀ ਘਰ ਦੀ ਛਾਣਬੀਣ ਕੀਤੀ ਤੇ ਉਸ ਦੇ ਭਰਾ ਪਲਵਿੰਦਰ ਸਿੰਘ ਉਰਫ਼ ਪੱਪੂ ਤੇ ਉਸ ਦੇ ਪਰਵਿਾਰ ਤੋਂ ਪੁੱਛ-ਗਿੱਛ ਕਰਕੇ ਜ਼ਮੀਨਾ ਤੇ ਹੋਰ ਕਈ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਕੁੱਝ ਸਮੱਗਰੀ ਵੀ ਆਪਣੇ ਕਬਜ਼ੇ ’ਚ ਲੈ ਲਈ ਹੈ ਤੇ ਉਨ੍ਹਾਂ ਨੂੰ 7 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਜਦੋਂ ਪਿੰਡ ਦੇ ਸਾਬਕਾ ਸਰਪੰਚ ਚਮਨ ਲਾਲ ਤੇ ਪੰਚ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਜੋ 1976 ਤੋਂ ਯੂ.ਕੇ. ’ਚ ਰਹਿੰਦਾ ਹੈ ਤੇ ਉਸ ਦੇ ਤਿੰਨ ਭਰਾ ਹਨ, ਜਿਨ੍ਹਾਂ ’ਚੋਂ ਦਰਸ਼ਨ ਸਿੰਘ ਕੈਨੇਡਾ, ਤਰਲੋਕ ਸਿੰਘ ਯੂ.ਕੇ. ਤੇ ਮੇਜਰ ਸਿੰਘ ਯੂ.ਐਸ.ਏ ’ਚ ਰਹਿ ਰਿਹਾ ਹੈ ਤੇ ਅਮਰੀਕ ਸਿੰਘ ਜੋ ਕਿ 1982 ’ਚ ਆਖ਼ਰੀ ਵਾਰ ਪਿੰਡ ਆਇਆ ਸੀ ਤੇ ਉਸ ਤੋਂ ਬਾਅਦ ਉਹ ਨਹੀਂ ਆਇਆ। ਇਸੇ ਤਰ੍ਹਾਂ ਪਿੰਡ ਚਹੇੜੂ ’ਚ ਯੂ.ਕੇ. ਸਿੱਖ ਸਰਗਰਮੀਆਂ ’ਚ ਸਰਗਰਮ ਕੁਲਦੀਪ ਸਿੰਘ ਯੂ.ਕੇ. ਦੇ ਘਰ ’ਚ ਛਾਪਾ ਮਾਰ ਕੇ ਉਸ ਦੇ ਭਰਾ ਅਮਰਜੀਤ ਸਿੰਘ ਤੇ ਜਸਬੀਰ ਸਿੰਘ ਕੋਲੋਂ ਪੁੱਛ-ਗਿੱਛ ਕੀਤੀ ਤੇ ਜਸਬੀਰ ਸਿੰਘ ਦਾ ਮੋਬਾਈਲ ਤੇ ਪਾਸਪੋਰਟ ਵੀ ਨਾਲ ਲੈ ਗਏ ਤੇ 3 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਦੀ ਪੁਸ਼ਟੀ ਪਿੰਡ ਸਰਪੰਚ ਸਰਵਣ ਸਿੰਘ ਨੇ ਕੀਤੀ।