For the best experience, open
https://m.punjabitribuneonline.com
on your mobile browser.
Advertisement

ਆਪਣਾ ਘਰ

11:42 AM Jun 02, 2024 IST
ਆਪਣਾ ਘਰ
Advertisement

ਪ੍ਰਿੰਸੀਪਲ ਨਰਿੰਦਰ ਸਿੰਘ

ਪਿਤਾ ਜੀ ਸ਼ਹਿਰ ਦੇ ਥਾਣੇ ਵਿੱਚ ਬਤੌਰ ਪੁਲੀਸ ਮੁਲਾਜ਼ਮ ਤਾਇਨਾਤ ਸਨ। ਪਹਿਲਾਂ ਪਿੰਡੋਂ ਹੀ ਡਿਊਟੀ ’ਤੇ ਆਉਂਦੇ ਸਨ, ਪਰ ਜਦੋਂ ਮੇਰੀ ਸਕੂਲ ਜਾਣ ਦੀ ਉਮਰ ਹੋਈ ਤਾਂ ਉਨ੍ਹਾਂ ਨੇ ਥਾਣੇ ਨੇੜੇ ਸਰਕਾਰੀ ਕੁਆਰਟਰ ਅਲਾਟ ਕਰਵਾ ਲਿਆ ਅਤੇ ਪਰਿਵਾਰ ਸਮੇਤ ਉੱਥੇ ਸ਼ਿਫਟ ਹੋ ਗਏ। ਕੁਆਰਟਰ ਦੇ ਨੇੜੇ ਹੀ ਇੱਕ ਛੋਟੇ ਸਕੁੂਲ ਵਿੱਚ ਪਹਿਲੀ ਜਮਾਤ ਵਿੱਚ ਮੇਰਾ ਦਾਖਲਾ ਕਰਵਾ ਦਿੱਤਾ। ਸਕੂਲ ਛੱਡ ਕੇ ਆਉਣ ਅਤੇ ਸਕੂਲੋਂ ਘਰ ਲੈ ਕੇ ਆਉਣ ਦੀ ਜ਼ਿੰਮੇਵਾਰੀ ਮਾਂ ਨੇ ਸੰਭਾਲ ਲਈ।
ਥਾਣਾ ਸ਼ਹਿਰ ਤੋਂ ਬਾਹਲੇ ਪਾਸੇ ਸੀ। ਥਾਣੇ ਦੇ ਪਿੱਛੇ ਇੱਕ ਖੁੱਲ੍ਹਾ ਮੈਦਾਨ ਸੀ ਅਤੇ ਮੈਦਾਨ ਦੇ ਦੂਜੇ ਪਾਸੇ ਸਰਕਾਰੀ ਕੁਆਰਟਰਾਂ ਦੀ ਇੱਕ ਲੰਬੀ ਕਤਾਰ ਸੀ। ਮੈਦਾਨ ਦੇ ਖੱਬੇ ਪਾਸੇ ਵੀ ਕੁਆਰਟਰਾਂ ਦੀ ਇੱਕ ਛੋਟੀ ਕਤਾਰ ਸੀ। ਮੈਦਾਨ ਦੇ ਸੱਜੇ ਪਾਸਿਓਂ ਇੱਕ ਛੋਟੀ ਨਹਿਰ ਲੰਘਦੀ ਸੀ। ਥਾਣੇ ਨੇੜੇ ਸਿੰਚਾਈ ਲਈ ਨਹਿਰ ’ਚੋਂ ਮੋਘੇ ਰਾਹੀਂ ਖਾਲ਼ ਨਿਕਲਦਾ ਸੀ। ਮੈਦਾਨ ਦੇ ਇੱਕ ਕੋਨੇ ਵਿੱਚ ਕਬਾੜ ਦਾ ਰੂਪ ਧਾਰ ਚੁੱਕੇ ਕਈ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰਾਂ, ਟਰੈਕਟਰ ਅਤੇ ਬੱਸ ਖੜ੍ਹੇ ਸਨ ਜੋ ਕਦੇ ਪੁਲੀਸ ਨੇ ਕਬਜ਼ੇ ਵਿੱਚ ਲਏ ਹੋਣਗੇ। ਇਨ੍ਹਾਂ ਵਿੱਚੋਂ ਬੱਸ ਦੀ ਹਾਲਤ ਅਜੇ ਠੀਕ ਸੀ।
ਹਰ ਕੁਆਰਟਰ ਵਿੱਚ ਦੋ ਕਮਰੇ, ਰਸੋਈ, ਵਰਾਂਡਾ ਅਤੇ ਪਿੱਛੇ ਖੁੱਲ੍ਹਾ ਵਿਹੜਾ ਸੀ। ਕੁਆਰਟਰਾਂ ਦੇ ਪਿਛਲੇ ਪਾਸੇ ਜੰਗਲ ਸੀ। ਜੰਗਲ ’ਚੋਂ ਪੰਛੀਆਂ ਦੀਆਂ ਆਵਾਜ਼ਾਂ ਅਕਸਰ ਆਉਂਦੀਆਂ ਸਨ। ਕਈ ਵਾਰੀ ਪੰਛੀ ਝੁਰਮਟ ਪਾ ਕੇ ਇਕੱਠੇ ਖ਼ੂਬ ਰੌਲਾ ਪਾਉਂਦੇ। ਲੱਗਦਾ ਸੀ ਜਿਵੇਂ ਆਪਣਾ ਕੋਈ ਰਾਗ ਅਲਾਪਦੇ ਹੋਣ। ਭਾਵ ਕੁਆਰਟਰ ਦੇ ਆਲੇ-ਦੁਆਲੇ ਚਾਰੇ ਪਾਸੇ ਪੂਰਾ ਕੁਦਰਤੀ ਮਹੌਲ ਸੀ।
ਕਦੇ-ਕਦੇ ਮਾਂ ਘਰ ਦਾ ਪਿਛਲਾ ਦਰਵਾਜ਼ਾ ਖੋਲ੍ਹਦੀ ਤਾਂ ਭੱਜ ਕੇ ਜੰਗਲ ਵਿੱਚ ਜਾਣ ਦਾ ਜੀਅ ਕਰਦਾ ਸੀ, ਪਰ ਕੋਈ ਕੀੜਾ ਮਕੌੜਾ ਨਾ ਲੜ ਜਾਵੇ, ਇਸ ਡਰੋਂ ਮਾਂ ਜਾਣ ਤੋਂ ਰੋਕ ਦਿੰਦੀ।
ਕਦੇ ਕਦੇ ਥਾਣੇ ਅੰਦਰੋਂ ਮੁਜਰਿਮਾਂ ਦੀ ਕੁੱਟਮਾਰ ਨਾਲ ਉਨ੍ਹਾਂ ਦੀਆਂ ਚੀਕਾਂ ਅਤੇ ਹਾਏ-ਹਾਏ ਦੀਆਂ ਆਵਾਜ਼ਾਂ ਵੀ ਆਉਂਦੀਆਂ। ਇਹ ਆਵਾਜ਼ਾਂ ਸਾਨੂੰ ਮਾੜੀਆਂ ਨਾ ਲੱਗਦੀਆਂ ਕਿਉਂਕਿ ਅਸੀਂ ਬੱਚੇ ਇਸ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਦੀ ਸਜ਼ਾ ਸਮਝਦੇ ਸਾਂ।
ਸ਼ਾਮ ਨੂੰ ਮੈਦਾਨ ’ਚ ਚੰਗੀ ਰੌਣਕ ਲੱਗਦੀ। ਮਾਵਾਂ ਇਕੱਠੀਆਂ ਬਹਿ ਕੇ ਗੱਲਾਂ ਕਰਦੀਆਂ ਅਤੇ ਬੱਚੇ ਰਲਮਿਲ ਕੇ ਖੇਡਦੇ। ਕਦੇ-ਕਦੇ ਅੱਖ ਬਚਾ ਕੇ ਬੱਚੇ ਕਬਾੜ ਨੇੜੇ ਖੜ੍ਹੀ ਬੱਸ ’ਚ ਜਾ ਚੜ੍ਹਦੇ। ਉਸ ਸਮੇਂ ਬੱਸ ਦੀ ਇੱਕ ਬਾਰੀ ’ਚੋਂ ਚੜ੍ਹ ਕੇ ਦੂਜੀ ’ਚੋਂ ਉਤਰ ਆਉਣਾ ਹੀ ਇੱਕ ਵੱਡੀ ਖੇਡ ਲੱਗਦੀ ਸੀ। ਦੁਪਹਿਰੇ ਕਦੇ ਕਦੇ ਬੱਚੇ ਨਹਿਰ ’ਚੋਂ ਨਿਕਲਦੇ ਖਾਲ ’ਚ ਜਾ ਛਾਲਾਂ ਮਾਰਦੇ ਅਤੇ ਨਹਾਉਂਦੇ ਰਹਿੰਦੇ। ਇਨ੍ਹਾਂ ਸ਼ਰਾਰਤਾਂ ਕਾਰਨ ਮਾਪਿਆਂ ਤੋਂ ਕਈ ਵਾਰੀ ਝਿੜਕਾਂ ਵੀ ਪੈਂਦੀਆਂ ਸਨ। ਸੱਚਮੁੱਚ ਸਾਰਾ ਕੁਝ ਸਵਰਗ ਵਰਗਾ ਸੀ।
ਲਗਭਗ ਦੋ ਸਾਲ ਬਾਅਦ ਪਿਤਾ ਜੀ ਦੀ ਬਦਲੀ ਦੂਜੇ ਸ਼ਹਿਰ ਹੋ ਗਈ। ਪਿਤਾ ਜੀ ਨੇ ਸਕੂਲ ਤੋਂ ਮੇਰਾ ਸਰਟੀਫਿਕੇਟ ਕਟਵਾਇਆ। ਸਾਰਾ ਸਾਮਾਨ ਬੰਨ੍ਹਿਆ ਅਤੇ ਟਰੱਕ ਰਾਹੀਂ ਦੂਜੇ ਸ਼ਹਿਰ ਪਹੁੰਚ ਕੇ ਸਾਮਾਨ ਨਵੇਂ ਕੁਆਰਟਰ ਵਿੱਚ ਜਾ ਟਿਕਾਇਆ। ਅਗਲੇ ਦਿਨ ਮੇਰਾ ਦਾਖ਼ਲਾ ਨਵੇਂ ਸਕੂਲ ਵਿੱਚ ਕਰਵਾ ਦਿੱਤਾ। ਬੇਸ਼ੱਕ ਨਵੇਂ ਸ਼ਹਿਰ ਜਾਣ ਦਾ ਥੋੜ੍ਹਾ ਚਾਅ ਸੀ, ਪਰ ਇਹ ਚਾਅ ਨਵਾਂ ਕੁਆਰਟਰ ਅਤੇ ਇਸ ਦਾ ਆਲਾ-ਦੁਆਲਾ ਦੇਖ ਕੇ ਛੇਤੀ ਲਹਿ ਗਿਆ।
ਕੁਆਰਟਰ ਦੇ ਨੇੜੇ ਨਾ ਤਾਂ ਖੇਡਣ ਲਈ ਮੈਦਾਨ ਸੀ ਤੇ ਨਾ ਕੋਈ ਜੰਗਲ ਜਾਂ ਰੁੱਖ ਬੂਟੇ ਤੇ ਨਹਿਰ। ਪੰਛੀਆਂ ਦੀ ਚਹਿਚਹਾਟ ਵੀ ਨਹੀਂ ਸੀ ਸੁਣਦੀ। ਜੇ ਸੀ ਤਾਂ ਬਸ ਸ਼ੋਰ। ਕੁਆਰਟਰ ਸ਼ਹਿਰ ਦੇ ਵਿਚਕਾਰ ਸਨ। ਕੁਆਰਟਰਾਂ ਦੇ ਪਿਛਲੇ ਪਾਸਿਓਂ ਸੜਕ ਲੰਘਦੀ ਸੀ। ਲੱਗਦਾ ਸੀ ਸਾਰਾ ਸ਼ਹਿਰ ਇਸ ਸੜਕ ਤੋਂ ਹੀ ਲੰਘਦਾ ਹੋਵੇ। ਸਾਰਾ ਦਿਨ ਇੱਥੋਂ ਲੰਘਦੇ ਵਾਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਢੋਲਕੀਆਂ ਛੈਣੇ, ਬੈਂਡ ਆਦਿ ਦੀਆਂ ਆਵਾਜ਼ਾਂ ਅਕਸਰ ਸੁਣਦੀਆਂ ਸਨ ਕਿਉਂਕਿ ਬਰਾਤਾਂ, ਨਗਰ ਕੀਰਤਨ, ਅਰਥੀਆਂ ਆਦਿ ਇਸ ਸੜਕ ਤੋਂ ਲੰਘਦੇ ਰਹਿੰਦੇ ਸਨ। ਕਈ ਮਹੀਨੇ ਲੰਘਣ ਬਾਅਦ ਵੀ ਨਵੇਂ ਕੁਆਰਟਰ ’ਚ ਜੀਅ ਨਾ ਲੱਗਿਆ ਅਤੇ ਉਹ ਕਦੇ ਵੀ ਆਪਣਾ ਘਰ ਨਹੀਂ ਜਾਪਿਆ।
ਇਸ ਸ਼ਹਿਰ ’ਚ ਜੇ ਕੁਝ ਚੰਗਾ ਸੀ ਉਹ ਮੇਰੀ ਸਕੂੁਲ ਅਧਿਆਪਕਾ ਸੀ ਜੋ ਪਿਛਲੇ ਸਕੂਲ ਵਾਲੇ ਅਧਿਆਪਕ ਵਾਂਗ ਖੜੂਸ ਨਹੀਂ ਸੀ। ਦੂਜੀ ਕਲਾਸ ਦੇ ਸਾਲਾਨਾ ਇਮਤਿਹਾਨਾਂ ਦੌਰਾਨ ਮੇਰੇ ਗਣਿਤ ਦੇ ਪੇਪਰ ਵਿੱਚ ਮੇਰੀ ਇੱਕ ਨੰਬਰ ਦੀ ਗ਼ਲਤੀ ਅਧਿਆਪਕਾ ਨੇ ਆਪ ਠੀਕ ਕਰਕੇ ਮੈਨੂੰ ਪੂਰੇ ਨੰਬਰ ਦਿੱਤੇ ਸਨ ਅਤੇ ਗ਼ਲਤੀ ਲਈ ਮੈਨੂੰ ਝਿੜਕਿਆ ਵੀ ਸੀ।
ਇਸ ਤੋਂ ਬਾਅਦ ਵੀ ਪਿਤਾ ਜੀ ਦੀ ਕਈ ਵਾਰ ਬਦਲੀ ਹੋਈ ਅਤੇ ਹਰ ਵਾਰ ਘਰ ਬਦਲਣੇ ਪਏ, ਪਰ ਉਹੋ ਜਿਹਾ ਘਰ ਕਦੇ ਨਹੀਂ ਮਿਲਿਆ। ਉਹ ਘਰ ਜੋ ਪੰਛੀਆਂ ਦੀ ਚਹਿਚਹਾਟ ਵਾਲਾ, ਮੈਦਾਨ ’ਚ ਖੇਡਦੇ ਬੱਚਿਆਂ ਵਾਲਾ, ਜੰਗਲ, ਪੇੜ ਪੋਦਿਆਂ ਵਾਲਾ, ਨਹਿਰ ਵਾਲਾ।
ਕਈ ਸਾਲਾਂ ਬਾਅਦ ਪਿਤਾ ਜੀ ਦੀ ਬਦਲੀ ਪਿੰਡ ਨੇੜਲੇ ਆਪਣੇ ਸ਼ਹਿਰ ਵਿੱਚ ਮੁੱਖ ਦਫ਼ਤਰ ’ਚ ਹੋ ਗਈ। ਕੁਆਰਟਰ ਵਿੱਚ ਰਹਿਣ ਦੀ ਬਜਾਏ ਪਿਤਾ ਜੀ ਨੇ ਆਪਣਾ ਘਰ ਬਣਾਉਣ ਦਾ ਫ਼ੈਸਲਾ ਕੀਤਾ। ਇਸ ਲਈ ਸ਼ਹਿਰ ਦੇ ਬਾਹਰਲੇ ਪਾਸੇ ਇੱਕ ਨਵੀਂ ਕਾਲੋਨੀ ਵਿੱਚ ਪਲਾਟ ਖਰੀਦ ਲਿਆ ਅਤੇ ਪਲਾਟ ’ਤੇ ਕਰਜ਼ਾ ਲੈ ਕੇ ਘਰ ਬਣਾਉਣਾ ਸ਼ੁਰੂੁ ਕਰ ਦਿੱਤਾ। ਘਰ ਬਣਦੇ ਤੱਕ ਪਰਿਵਾਰ ਕਿਰਾਏ ਦੇ ਘਰ ਵਿੱਚ ਰਹਿੰਦਾ ਰਿਹਾ। ਕੁਝ ਮਹੀਨਿਆਂ ’ਚ ਘਰ ਬਣ ਕੇ ਤਿਆਰ ਹੋ ਗਿਆ ਅਤੇ ਅਖੀਰ ਪਰਿਵਾਰ ਨੇ ਘਰ ਵਿੱਚ ਪ੍ਰਵੇਸ਼ ਕਰ ਲਿਆ।
ਇਸ ਘਰ ਵਿੱਚ ਅਸੀਂ ਤਿੰਨਾਂ ਭਰਾਵਾਂ ਨੇ ਆਪਣੀਆਂ ਪੜ੍ਹਾਈਆਂ ਪੂਰੀਆਂ ਕੀਤੀਆਂ, ਨੌਕਰੀਆਂ ਲੱਗੇ ਅਤੇ ਵਾਰੋ-ਵਾਰੀ ਵਿਆਹੇ ਗਏ। ਇਸੇ ਘਰ ਵਿੱਚ ਹੀ ਸਾਰੇ ਭਰਾ ਬਾਲ ਬੱਚੇਦਾਰ ਬਣੇੇ।
ਪਰ ਅਗਲੀ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਦੋਵੇਂ ਭਰਾਵਾਂ ਨੇ ਆਪੋ-ਆਪਣੇ ਨਵੇਂ ਘਰ ਬਣਾ ਲਏ। ਮੈਂ ਪੁਰਾਣਾ ਘਰ ਹੀ ਰੱਖ ਲਿਆ ਕਿਉਂਕਿ ਮੇਰੀ ਨੌਕਰੀ ਹੋਰ ਸ਼ਹਿਰ ਵਿੱਚ ਹੋਣ ਕਾਰਨ ਮੇਰੀ ਰਿਹਾਇਸ਼ ਵੀ ਉਸੇ ਸ਼ਹਿਰ ਵਿੱਚ ਸੀ। ਮਾਤਾ ਪਿਤਾ ਸਭ ਤੋਂ ਛੋਟੇ ਭਰਾ ਨਾਲ ਰਹਿਣ ਲੱਗੇ।
ਕੁਝ ਸਾਲਾਂ ਬਾਅਦ ਮੇਰੀ ਬਦਲੀ ਵੀ ਆਪਣੇ ਸ਼ਹਿਰ ਹੋ ਗਈ। ਕੁਝ ਸਮਾਂ ਪੁਰਾਣੇ ਘਰ ਵਿੱਚ ਹੀ ਰਹੇ, ਪਰ ਜਲਦੀ ਹੀ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਅਨੇਕਾਂ ਨਕਸ਼ੇ ਦੇਖ ਕੇ ਘਰ ਦਾ ਨਕਸ਼ਾ ਤਿਆਰ ਕੀਤਾ। ਉਸਾਰੀ ਵਿੱਚ ਉੱਚ ਦਰਜੇ ਦਾ ਸਾਮਾਨ ਵਰਤਿਆ; ਵਧੀਆ ਲੱਕੜ, ਵਧੀਆ ਟਾਈਲਾਂ, ਵਧੀਆ ਪੇਂਟ ਆਦਿ। ਭਾਵ ਸੁਪਨਿਆਂ ਦਾ ਮਹਿਲ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ। ਇਸ ਲਈ ਚੋਖਾ ਕਰਜ਼ ਵੀ ਲੈਣਾ ਪਿਆ। ਘਰ ਬਣ ਕੇ ਤਿਆਰ ਹੋਣ ’ਤੇ ਬੜੇ ਸਾਦੇ ਢੰਗ ਨਾਲ ਘਰ ਵਿੱਚ ਪ੍ਰਵੇਸ਼ ਕਰ ਲਿਆ।
ਹੁਣ ਇਸ ਘਰ ਵਿੱਚ ਧੀ ਅਤੇ ਪੁੱਤ ਵੱਡੇ ਹੋਏ ਅਤੇ ਉਨ੍ਹਾਂ ਨੇ ਆਪਣੀਆਂ ਪੜ੍ਹਾਈਆਂ ਪੂਰੀਆਂ ਕੀਤੀਆ। ਇਸੇ ਘਰ ਤੋਂ ਹੀ ਪੁੱਤ ਨੁੂੰ ਵਿਦੇਸ਼ ਲਈ ਤੋਰਿਆ ਸੀ ਅਤੇ ਧੀ ਨੂੰ ਵਿਆਹ ਕੇ ਵਿਦਾ ਕੀਤਾ ਸੀ। ਧੀ ਪੁੱਤ ਅਤੇ ਪਤਨੀ ਨੂੰ ਇਸ ਘਰ ਨਾਲ ਕਾਫ਼ੀ ਮੋਹ ਸੀ।
ਘਰ ਦੇ ਨਾਲ ਵਾਲਾ ਪਲਾਟ ਲੰਬੇ ਸਮੇਂ ਤੋਂ ਖਾਲੀ ਪਿਆ ਸੀ। ਪੁੱਤ ਅਤੇ ਜਵਾਈ ਅਕਸਰ ਇਹ ਪਲਾਟ ਖਰੀਦਣ ਦੀ ਸਲਾਹ ਦਿੰਦੇ, ਪਰ ਮੈਨੂੰ ਇਸ ਦੀ ਕੋਈ ਲੋੜ ਨਹੀਂ ਸੀ ਜਾਪਦੀ। ਇਸ ਲਈ ਮੈਂ ਕਦੇ ਇਸ ਦੀ ਹਾਮੀ ਨਹੀਂ ਭਰੀ।
ਭਤੀਜੇ ਦੇ ਵਿਆਹ ਅਤੇ ਰਿਸ਼ਤੇਦਾਰੀ ’ਚ ਹੋਰ ਵਿਆਹਾਂ ਕਾਰਨ ਪੁੱਤ ਕੁਝ ਦਿਨਾਂ ਲਈ ਵਿਦੇਸ਼ ਤੋਂ ਆਇਆ ਹੋਇਆ ਸੀ। ਵਿਆਹਾਂ ਤੋਂ ਵਿਹਲੇ ਹੋ ਕੇ ਪੁੱਤ ਨੇ ਫੇਰ ਪਲਾਟ ਬਾਰੇ ਗੱਲ ਕੀਤੀ। ਇਸ ਵਾਰ ਬੱਚਿਆਂ ਦੀ ਖ਼ਾਹਿਸ਼ ਨੂੰ ਵੇਖਦਿਆਂ ਇਹ ਪਲਾਟ ਖਰੀਦ ਲਿਆ।
ਅਗਲੇ ਹੀ ਦਿਨ ਪਲਾਟ ਵਿੱਚ ਕੰਮ ਸ਼ੁਰੂ ਹੋ ਗਿਆ। ਪਹਿਲਾਂ ਪਲਾਟ ਦੀ ਸਫ਼ਾਈ, ਫੇਰ ਭਰਤ, ਸੜਕ ਵਾਲੇ ਪਾਸੇ ਦੀ ਕੰਧ ਅਤੇ ਵੱਡਾ ਗੇਟ। ਪਲਾਟ ’ਚ ਜਾਣ ਲਈ ਘਰ ਦੇ ਪਿਛਲੇ ਪਾਸਿਉਂ ਇੱਕ ਛੋਟਾ ਦਰਵਾਜ਼ਾ ਵੀ ਰੱਖ ਲਿਆ। ਕੁਝ ਦਿਨਾਂ ਬਾਅਦ ਪੁੱਤ ਵਿਦੇਸ਼ ਵਾਪਸ ਚਲਾ ਗਿਆ।
ਹੁਣ ਪਲਾਟ ਵਿੱਚ ਬੂਟੇ ਘਾਹ ਆਦਿ ਲਾਉਣ ਦਾ ਕੰਮ ਰਹਿ ਗਿਆ ਸੀ। ਸੋ ਮਾਲੀ ਲਾਇਆ ਗਿਆ। ਮਾਲੀ ਨੇ ਕੁਝ ਦਿਨਾਂ ’ਚ ਹੀ ਫਲਾਂ ਅਤੇ ਫੁੱਲਾਂ ਵਾਲੇ ਬੂਟੇ, ਸਜਾਵਟੀ ਬੂਟੇ ਅਤੇ ਘਾਹ ਲਾ ਕੇ ਵਧੀਆ ਪਾਰਕ ਤਿਆਰ ਕਰ ਦਿੱਤਾ।
ਪਾਰਕ ਤਿਆਰ ਹੋਏ ਨੂੰ ਅਜੇ ਕੁਝ ਹਫ਼ਤੇ ਹੀ ਹੋਏ ਸਨ। ਪੌਦਿਆਂ ਦੇ ਨਵੇਂ ਪੱਤੇ ਆਉਣੇ ਸ਼ੁਰੂ ਹੋ ਗਏ ਸਨ। ਘਾਹ ਵੀ ਚੱਲ ਪਿਆ ਸੀ ਅਤੇ ਪਾਰਕ ਵਿੱਚ ਪੰਛੀਆਂ ਨੇ ਵੀ ਆਉਣਾ ਸ਼ੁਰੂੁ ਕਰ ਦਿੱਤਾ ਸੀ। ਸ਼ਾਮ ਨੂੰ ਪਤਨੀ ਜਦੋਂ ਪਲਾਟ ਦਾ ਗੇਟ ਖੋਲ੍ਹਦੀ ਤਾਂ ਗੁਆਂਢ ’ਚੋਂ ਕੁਝ ਛੋਟੇ ਬੱਚੇ ਆਪਣੀਆਂ ਮਾਵਾਂ ਨਾਲ ਪਲਾਟ ਵਿੱਚ ਆ ਜਾਂਦੇ। ਮਾਵਾਂ ਪਤਨੀ ਨਾਲ ਗੱਲਾਂਬਾਤਾਂ ਕਰਦੀਆਂ ਅਤੇ ਬੱਚੇ ਖੇਡਣ ਲੱਗ ਜਾਂਦੇ। ਚਹਿਲ-ਪਹਿਲ ਹੋਣੀ ਸ਼ੁਰੂ ਹੋ ਗਈ ਸੀ।
ਸਵੇਰੇ ਜਦੋਂ ਪਲਾਟ ਵਿੱਚ ਜਾਣ ਲਈ ਪਿਛਲਾ ਦਰਵਾਜ਼ਾ ਖੋਲ੍ਹਦਾ ਤਾਂ ਅਜੀਬ ਜਿਹੀ ਖ਼ੁਸ਼ੀ ਭਰਿਆ ਅਹਿਸਾਸ ਹੁੰਦਾ। ਹੁਣ ਤਕ ਕਿੰਨੇ ਹੀ ਘਰਾਂ ਵਿੱਚ ਰਹਿ ਚੁੱਕਾ ਸਾਂ। ਸਰਕਾਰੀ ਕੁਆਰਟਰ, ਕਿਰਾਏ ਦੇ ਘਰ, ਮਾਪਿਆਂ ਦਾ ਬਣਾਇਆ ਘਰ ਅਤੇ ਅਖੀਰ ਆਪਣਾ ਬਣਾਇਆ ਘਰ, ਪਰ ਕਦੇ ਵੀ ਕੋਈ ਵੀ ਘਰ ਮੈਨੂੰ ਪੂਰੀ ਤਰ੍ਹਾਂ ਆਪਣਾ ਨਹੀਂ ਸੀ ਲੱਗਿਆ।
ਹੁਣ ਜਦੋਂ ਦੀ ਇਸ ਪਲਾਟ ਵਿੱਚ ਰੌਣਕ ਲੱਗਣ ਲੱਗੀ ਹੈ, ਉਦੋਂ ਤੋਂ ਮੈਨੂੰ ਇਹ ਘਰ ਆਪਣਾ ਆਪਣਾ ਲੱਗਣ ਲੱਗਿਆ ਹੈ। ਉਹ ਘਰ ਜੋ ਪੰਛੀਆਂ ਦੀ ਚਹਿਚਹਾਟ ਵਾਲਾ, ਖੇਡਦੇ ਬੱਚਿਆਂ ਵਾਲਾ ਅਤੇ ਰੁੱਖ ਬੂਟਿਆਂ ਵਾਲਾ...।

Advertisement

ਸੰਪਰਕ: 95010-14546

Advertisement
Author Image

sukhwinder singh

View all posts

Advertisement
Advertisement
×