ਨਾਰਾਇਣਨ ਇਸਰੋ ਦੇ ਨਵੇਂ ਮੁਖੀ ਬਣੇ
ਤਿਰੂਵਨੰਤਪੁਰਮ/ਚੇਨੱਈ, 8 ਜਨਵਰੀ
ਉੱਘੇ ਰਾਕੇਟ ਵਿਗਿਆਨੀ ਤੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨਵ-ਨਿਯੁਕਤ ਚੇਅਰਮੈਨ ਵੀ ਨਾਰਾਇਣਨ ਨੇ ਅੱਜ ਕਿਹਾ ਕਿ ਪੁਲਾੜ ਏਜੰਸੀ ਸਫਲ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਉਸ ਕੋਲ ਚੰਦਰਯਾਨ-4 ਤੇ ਗਗਨਯਾਨ ਵਰਗੇ ਵੱਡੇ ਮਿਸ਼ਨ ਹਨ। ਬੀਤੀ ਦੇਰ ਰਾਤ ਜਾਰੀ ਅਧਿਕਾਰਿਤ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਲਿਕੁਇਡ ਪ੍ਰੋਪਲਸ਼ਨ ਸਿਸਟਮਜ਼ ਸੈਂਟਰ ਵਾਲਿਆਮਾਲਾ ਦੇ ਡਾਇਰੈਕਟਰ ਵੀ. ਨਾਰਾਇਣਨ ਨੂੰ ਪੁਲਾੜ ਵਿਭਾਗ ਦੇ ਸਕੱਤਰ ਤੇ ਪੁਲਾੜ ਕਮਿਸ਼ਨ ਦੇ ਚੇਅਰਮੈਨ ਵਜੋਂ 14 ਜਨਵਰੀ ਤੋਂ ਅਗਲੇ ਦੋ ਸਾਲਾਂ ਲਈ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਚੇਅਰਮੈਨ ਵਜੋਂ ਆਪਣੇ ਨਵੇਂ ਕਾਰਜਕਾਲ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਨਾਰਾਇਣਨ ਨੇ ਕਿਹਾ ਕਿ ਉਹ ਇਸ ਸ਼ਾਨਦਾਰ ਸੰਸਥਾ ਦਾ ਹਿੱਸਾ ਬਣ ਕੇ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਨਵੀਂ ਨਿਯੁਕਤੀ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਉਨ੍ਹਾਂ ਨੂੰ ਦਿੱਤੀ ਸੀ। ਇਸਰੋ ਦੇ ਅਗਲੇ ਪ੍ਰਾਜੈਕਟਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਪੁਲਾੜ ਏਜੰਸੀ ਅਹਿਮ ਮਿਸ਼ਨਾਂ ’ਤੇ ਕੰਮ ਕਰ ਰਹੀ ਹੈ। ਉਧਰ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਅਤੇ ਹੋਰ ਸਿਆਸੀ ਆਗੂਆਂ ਨੇ ਰਾਕੇਟ ਵਿਗਿਆਨੀ ਵੀ ਨਾਰਾਇਣਨ ਨੂੰ ਇਸਰੋ ਦਾ ਮੁਖੀ ਨਿਯੁਕਤ ਕਰਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਉਹ ਦੱਖਣੀ ਭਾਰਤ ਦੇ ਇਸ ਸੂਬੇ ਤੋਂ ਹਨ। ਸਟਾਲਿਨ ਨੇ ‘ਐਕਸ’ ’ਤੇ ਲਿਖਿਆ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸੂਬੇ ਨਾਲ ਸਬੰਧ ਰੱਖਣ ਵਾਲੇ ਨਾਰਾਇਣਨ ਨੂੰ ਉੱਚ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਵਿਗਿਆਨੀ ਨੂੰ ਹਾਰਦਿਕ ਵਧਾਈ ਦਿੱਤੀ। -ਪੀਟੀਆਈ