ਨਾਓਮੀ ਓਸਾਕਾ ਦੀ ਯੂਐੱਸ ਓਪਨ ’ਚ ਜਿੱਤ ਨਾਲ ਵਾਪਸੀ
ਨਿਊਯਾਰਕ, 28 ਅਗਸਤ
ਸਾਲ ਪਹਿਲਾਂ ਜਣੇਪਾ ਛੁੱਟੀ ਦੌਰਾਨ ਜਦੋਂ ਨਾਓਮੀ ਓਸਾਕਾ ਯੂਐੱਸ ਓਪਨ ਵਿੱਚ ਮਾਨਸਿਕ ਸਿਹਤ ਦੇ ਵਿਸ਼ੇ ’ਤੇ ਚਰਚਾ ਵਿੱਚ ਹਿੱਸਾ ਲੈਣ ਇੱਥੇ ਆਈ ਸੀ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਦੁਬਾਰਾ ਕੋਰਟ ’ਤੇ ਕਦੋਂ ਉਤਰੇਗੀ। ਇੱਕ ਸਾਲ ਬਾਅਦ ਓਸਾਕਾ ਨੇ 10ਵੇਂ ਦਰਜੇ ਦੀ ਜੈਲੇਨਾ ਓਸਟਾਪੇਂਕੋ ਨੂੰ 6-3, 6-2 ਨੂੰ ਹਰਾ ਕੇ ਯੂਐੱਸ ਓਪਨ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਚਾਰ ਸਾਲਾਂ ਵਿੱਚ ਪਹਿਲੀ ਵਾਰ ਉਸ ਨੇ ਸਿਖਰਲੇ ਦਸ ਵਿੱਚ ਸ਼ਾਮਲ ਕਿਸੇ ਖਿਡਾਰਨ ਨੂੰ ਹਰਾਇਆ ਹੈ। ਹੁਣ ਉਸ ਦਾ ਸਾਹਮਣਾ 2023 ਫਰੈਂਚ ਓਪਨ ਦੀ ਉਪ ਜੇਤੂ ਕੈਰੋਲੀਨਾ ਮੁਚੋਵਾ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੀ ਕੇਟੀ ਵੋਲੀਨੈਟਸ ਨੂੰ 6-3, 7-5 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੇ ਕੈਮਿਲਾ ਰਾਖੀਮੋਵਾ ਨੂੰ 6-4, 7-6 (6) ਨਾਲ ਹਰਾਇਆ।
ਪੁਰਸ਼ ਵਰਗ ਵਿੱਚ ਚਾਰ ਵਾਰ ਦੇ ਗਰੈਂਡ ਸਲੈਮ ਜੇਤੂ ਸਪੇਨ ਦੇ ਕਾਰਲੋਸ ਅਲਕਰਾਜ਼ ਨੇ ਲੀ ਟੂ ਨੂੰ 6-2, 4-6, 6-3, 6-1 ਨਾਲ ਹਰਾਇਆ। ਇਸੇ ਦੌਰਾਨ ਮਾਰਚ ਵਿੱਚ ਦੋ ਡੋਪ ਟੈਸਟਾਂ ਵਿੱਚ ਫੇਲ੍ਹ ਹੋਣ ਦੇ ਮਾਮਲੇ ਵਿੱਚ ‘ਕਲੀਨ ਚਿੱਟ’ ਮਿਲਣ ਤੋਂ ਬਾਅਦ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਯਾਨਿਕ ਸਿਨਰ ਨੇ ਮੈਕੀ ਮੈਕਡੋਨਲਡ ਨੂੰ 2-6, 6-2, 6-1, 6-2 ਨਾਲ ਮਾਤ ਦਿੱਤੀ। -ਏਪੀ
ਇਵਾਨਸ ਤੇ ਖਾਚਾਨੋਵ ਵਿਚਾਲੇ ਮੈਚ ਰਿਕਾਰਡ 5 ਘੰਟੇ 35 ਤੱਕ ਚੱਲਿਆ
ਨਿਊਯਾਰਕ:
ਯੂਐੱਸ ਓਪਨ ਵਿੱਚ ਡੈਨ ਇਵਾਨਸ ਅਤੇ ਕੈਰੇਨ ਖਾਚਾਨੋਵ ਵਿਚਾਲੇ ਪਹਿਲੇ ਗੇੜ ਦਾ ਮੈਚ ਰਿਕਾਰਡ ਪੰਜ ਘੰਟੇ 35 ਮਿੰਟ ਤੱਕ ਚੱਲਿਆ। 1970 ਵਿੱਚ ਟਾਈਬ੍ਰੇਕਰਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਟੂਰਨਾਮੈਂਟ ਦਾ ਸਭ ਤੋਂ ਲੰਮਾ ਮੈਚ ਹੈ। ਇਵਾਨਸ ਨੇ ਖਾਚਾਨੋਵ ਨੂੰ 6-7 (6), 7-6 (2), 7-6 (4), 4-6, 6-4 ਨਾਲ ਹਰਾਇਆ। ਇਵਾਨਸ ਪੰਜਵੇਂ ਸੈੱਟ ਵਿੱਚ 4-0 ਨਾਲ ਪਿੱਛੇ ਚੱਲ ਰਿਹਾ ਸੀ। ਆਖਰੀ ਪੁਆਇੰਟ ’ਤੇ 22 ਸ਼ਾਟ ਦੀ ਰੈਲੀ ਚੱਲੀ ਅਤੇ ਇਵਾਨਸ ਨੇ ਇਸ ਵਿੱਚ ਬਾਜ਼ੀ ਮਾਰ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ। ਇਸ ਤੋਂ ਪਹਿਲਾ ਰਿਕਾਰਡ ਪੰਜ ਘੰਟੇ 26 ਮਿੰਟ ਦਾ ਸੀ ਜਦੋਂ 1992 ਦੇ ਯੂਐੱਸ ਓਪਨ ਸੈਮੀ ਫਾਈਨਲ ਵਿੱਚ ਸਟੀਫਨ ਐਡਬਰਗ ਨੇ ਮਾਈਕਲ ਚਾਂਗ ਨੂੰ ਹਰਾਇਆ ਸੀ। -ਏਪੀ