ਆਮ ਲੋਕਾਂ ਦੀ ਪੈਰਵੀ ਕਰਨ ਵਾਲੇ ਨਾਨੀ ਪਾਲਕੀਵਾਲਾ
ਜੈਵੀਰ ਸਿੰਘ
ਬੰਬੇ ਵਿਚ 16 ਜਨਵਰੀ, 1920 ਨੂੰ ਜਨਮੇ, ਨਾਨੀ ਪਾਲਕੀਵਾਲਾ ਸਿਰਫ਼ ਕਾਨੂੰਨੀ ਚਾਨਣ ਮੁਨਾਰੇ ਹੀ ਨਹੀਂ ਸਗੋਂ ਬੁੱਧੀ ਅਤੇ ਦ੍ਰਿੜ ਵਿਸ਼ਵਾਸ ਦਾ ਰੂਪ ਸਨ। ਰਾਜਗੋਪਾਲਚਾਰੀ ਦੁਆਰਾ ‘‘ਭਾਰਤ ਲਈ ਭਗਵਾਨ ਦਾ ਤੋਹਫ਼ਾ’’ ਵਜੋਂ ਸਤਿਕਾਰੇ ਗਏ ਪਾਲਕੀਵਾਲਾ ਦੀਆਂ ਜੜ੍ਹਾਂ ਇਕ ਪਾਰਸੀ ਮਜ਼ਦੂਰ ਵਰਗ ਦੇ ਪਰਿਵਾਰ ਨਾਲ ਜੁੜੀਆਂ ਸਨ। ਪਾਲਕੀ ਦੇ ਕਾਰੋਬਾਰ ਵਿਚ ਉਨ੍ਹਾਂ ਦੇ ਪਿਤਾ ਦੀ ਸ਼ਮੂਲੀਅਤ ਨੇ ਪਰਿਵਾਰ ਨੂੰ ਇਕ ਵਿਲੱਖਣ ਉਪਨਾਮ ਪਾਲਕੀਵਾਲਾ ਪ੍ਰਦਾਨ ਕੀਤਾ। ਉਨ੍ਹਾਂ ਦੀ ਵਿਦਿਅਕ ਯਾਤਰਾ ਬੰਬੇ ਦੇ ਟਿਊਟੋਰੀਅਲ ਹਾਈ ਸਕੂਲ ਵਿਚ ਸ਼ੁਰੂ ਹੋਈ। ਥਥਲਾਉਣ ਨਾਲ ਜੂਝਣ ਦੇ ਬਾਵਜੂਦ ਪਾਲਕੀਵਾਲਾ ਇਕ ਬਿਹਤਰੀਨ ਵਿਦਿਆਰਥੀ ਵਜੋਂ ਉਭਰੇ। ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਵਿਚ ਆਪਣੀ ਮਾਸਟਰ ਡਿਗਰੀ ਸੇਂਟ ਜ਼ੇਵੀਅਰਜ਼ ਕਾਲਜ ਵਿਚੋਂ ਪੂਰੀ ਕੀਤੀ। ਬੰਬੇ ਯੂਨੀਵਰਸਿਟੀ ਵਿਚ ਅੰਗਰੇਜ਼ੀ ਲੈਕਚਰਾਰ ਬਣਨ ਦਾ ਮੌਕਾ ਨਾ ਮਿਲਣ ਕਾਰਨ ਨਾਨੀ ਪਾਲਕੀਵਾਲਾ ਦਾ ਸਫ਼ਰ ਇਕ ਅਣਕਿਆਸੇ ਪਰ ਕਿਸਮਤ ਵਾਲਾ ਮੋੜ ਲੈ ਗਿਆ। ਜ਼ਿਆਦਾਤਰ ਹੋਰ ਕੋਰਸਾਂ ਵਿਚ ਦਾਖਲਾ ਬੰਦ ਹੋਣ ਕਾਰਨ ਉਨ੍ਹਾਂ ਨੇ ਸਰਕਾਰੀ ਲਾਅ ਕਾਲਜ, ਬੰਬੇ ਵਿਚ ਦਾਖਲਾ ਲੈ ਲਿਆ। 1944 ਵਿਚ ਉਹ ਸਰ ਜਮਸ਼ੇਦਜੀ ਕਾਂਗਾ ਦੇ ਚੈਂਬਰ ਵਿੱਚ ਸ਼ਾਮਿਲ ਹੋਏ। ਉਹ ਪਾਰਟ ਟਾਈਮ ਕਾਲਜ ਵਿਚ ਕਾਨੂੰਨ ਪੜ੍ਹਾਉਣ ਲੱਗੇ।
1954 ਤੱਕ ਉਨ੍ਹਾਂ ਦੇ ਬਾਰ ਵਿਚ ਦਾਖਲੇ ਤੋਂ ਇੱਕ ਦਹਾਕੇ ਬਾਅਦ ਨਾਨੀ ਪਾਲਕੀਵਾਲਾ ਭਾਰਤ ਦੀ ਸਰਵਉੱਚ ਨਿਆਂਇਕ ਸੰਸਥਾ ਸੁਪਰੀਮ ਕੋਰਟ ਦੇ ਸਾਹਮਣੇ ਜਾ ਖੜੋਤੇ। ਆਪਣੇ ਸ਼ੁਰੂਆਤੀ ਕੇਸ ਵਿਚ ਭਾਰਤੀ ਸੰਵਿਧਾਨ ਦੀ ਧਾਰਾ 29(2) ਅਤੇ ਧਾਰਾ 30 ਦੀ ਵਿਆਖਿਆ ਕਰਦੇ ਹੋਏ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ। 70 ਦੇ ਦਹਾਕੇ ਦੀ ਸ਼ੁਰੂਆਤ ਵਿਚ ਕੇਸ਼ਵਨੰਦ ਭਾਰਤੀ ਕੇਸ ਵਿਚ ਆਪਣੀਆਂ ਕਮਾਲ ਦੀਆਂ ਦਲੀਲਾਂ ਪੇਸ਼ ਕਰਦੇ ਹੋਏ ਉਨ੍ਹਾਂ ਨੇ ਭਾਰਤ ਦੇ ਲੋਕਤੰਤਰੀ ਤਾਣੇ-ਬਾਣੇ ਲਈ ਅਹਿਮ ਜਿੱਤ ਹਾਸਿਲ ਕੀਤੀ। ਉਨ੍ਹਾਂ ਦੀ ਕਾਨੂੰਨੀ ਪ੍ਰਤਿਭਾ ਪੂਰੇ ਦੇਸ਼ ਵਿਚ ਗੂੰਜਣ ਲੱਗੀ। ਸੰਵਿਧਾਨ ਨੂੰ ਸੋਧਣ ਲਈ ਸੰਸਦ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਹੋਏ ਇਸ ਕੇਸ ਨੇ ਨਿਸ਼ਚਿਤ ਤੌਰ ’ਤੇ ਇਹ ਸਥਾਪਿਤ ਕੀਤਾ ਕਿ ਬਹੁਮੱਤ ਵੋਟਾਂ ਨਾਲ ਵੀ ਸੰਵਿਧਾਨ ਦੇ ਬੁਨਿਆਦੀ ਢਾਂਚੇ ਵਿਚ ਫੇਰਬਦਲ ਨਹੀਂ ਕੀਤੇ ਜਾ ਸਕਦੇ। ਪਾਲਕੀਵਾਲਾ ਦੀ ਜ਼ੋਰਦਾਰ ਵਕਾਲਤ ਨੇ ਭਾਰਤੀ ਸੰਵਿਧਾਨ ਨੂੰ ਜੀਵਤ ਦਸਤਾਵੇਜ਼ ਹੋਣ ਦੇ ਨਾਲ ਸਿਆਸੀ ਤੌਰ ’ਤੇ ਪ੍ਰੇਰਿਤ ਸੋਧਾਂ ਦੇ ਵਿਰੁੱਧ ਤਕੜਾ ਕੀਤਾ। ਬੈਨੇਟ ਕੋਲਮੈਲ ਦੇ ਕੇਸ ਵਿਚ ਪਾਲਕੀਵਾਲਾ ਨੇ ਅਖ਼ਬਾਰਾਂ ਨੂੰ ਇਕ ਵਸਤੂ ਤੱਕ ਸੀਮਿਤ ਨਾ ਕਰਦੇ ਹੋਏ ਪ੍ਰੈੱਸ ਦੀ ਆਜ਼ਾਦੀ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦਾ ਨਮੂਨਾ ਪੇਸ਼ ਕੀਤਾ।
ਪਾਲਕੀਵਾਲਾ ਨੂੰ ਸੁਪਰੀਮ ਕੋਰਟ ਦਾ ਜੱਜ ਅਤੇ ਅਟਾਰਨੀ ਜਨਰਲ ਬਣਨ ਦੇ ਮੌਕੇ ਮਿਲੇ ਜੋ ਉਨ੍ਹਾਂ ਨੇ ਸਤਿਕਾਰ ਸਹਿਤ ਠੁਕਰਾ ਦਿੱਤੇ। ਉਹ ਆਮ ਜਨਤਾ ਦੀ ਹੀ ਪੈਰਵੀ ਕਰਕੇ ਖੁਸ਼ ਸਨ। ਬੈਂਕ ਰਾਸ਼ਟਰੀਕਰਨ (1969), ਪ੍ਰਿਵੀ ਪਰਸ (1970) ਅਤੇ ਹੋਰ ਕੇਸ ਇਸ ਦਾ ਸਬੂਤ ਹਨ। ਪਾਲਕੀਵਾਲਾ ਨੇ ਅੱਗੇ ਚੱਲ ਕੇ ਅੰਤਰਰਾਸ਼ਟਰੀ ਮੰਚ ’ਤੇ ਵੀ ਕਾਨੂੰਨ ਦੀਆਂ ਪੇਚੀਦਗੀਆਂ ਨੂੰ ਕੁਸ਼ਲਤਾ ਨਾਲ ਸੁਲਝਾਇਆ। 1977 ਵਿਚ ਉਨ੍ਹਾਂ ਨੇ ਉਸ ਸਮੇਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਮਨਾਏ ਜਾਣ ’ਤੇ ਅਮਰੀਕਾ ਵਿਚ ਭਾਰਤੀ ਰਾਜਦੂਤ ਦੀ ਭੂਮਿਕਾ ਸਵੀਕਾਰ ਕੀਤੀ। ਆਪਣੇ 21 ਮਹੀਨਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ 50 ਤੋਂ ਵੱਧ ਯੂਨੀਵਰਸਿਟੀਆਂ ਵਿਚ ਰੁਝੇਵਿਆਂ ਸਮੇਤ 170 ਤੋਂ ਵੱਧ ਭਾਸ਼ਨ ਦਿੱਤੇ। ਉਹ ਪਹਿਲੇ ਅਤੇ ਦੂਜੇ ਲਾਅ ਕਮਿਸ਼ਨ ਦੇ ਮੈਂਬਰ ਰਹੇ। ਉਹ ਵਿਸ਼ਵ ਅਦਾਲਤ ਵਰਗੇ ਮਹੱਤਵਪੂਰਨ ਅੰਤਰਰਾਸ਼ਟਰੀ ਫੋਰਮਾਂ ਵਿਚ ਭਾਰਤ ਦੇ ਰਹਿਨੁਮਾ ਸਨ। ਉਨ੍ਹਾਂ ਨੂੰ ਦੁਨੀਆ ਭਰ ਦੀਆਂ ਸੰਸਥਾਵਾਂ ਤੋਂ ਆਨਰੇਰੀ ਡਾਕਟਰੇਟ ਪ੍ਰਾਪਤ ਹੋਈਆਂ।
ਪਾਲਕੀਵਾਲਾ ਨੇ ਸਿਆਸਤਦਾਨਾਂ ਲਈ ਘੱਟੋ-ਘੱਟ ਵਿਦਿਅਕ ਯੋਗਤਾ ਦੀ ਸ਼ਰਤ ਰੱਖਣ ਦੇ ਪੱਖ ਵਿਚ ਡੂੰਘੀ ਦਲੀਲ ਦਿੱਤੀ ਜਦੋਂ ਮਸ਼ੀਨਰੀ ਚਲਾਉਣ, ਪੁਲ ਬਣਾਉਣ, ਅਦਾਲਤ ਵਿਚ ਬਹਿਸ ਕਰਨ ਜਾਂ ਸਰਜਰੀਆਂ ਕਰਨ ਲਈ ਕਈ ਸਾਲਾਂ ਦੀ ਸਿਖਲਾਈ ਲੱਗ ਜਾਂਦੀ ਹੈ, ਲੱਖਾਂ ਦੀ ਜ਼ਿੰਦਗੀ ਨੂੰ ਨਿਯੰਤਰਿਤ ਕਰਨ ਵਾਲੇ ਵਿਅਕਤੀਆਂ ਲਈ ਕੋਈ ਪੂਰਵ ਸ਼ਰਤ ਕਿਉਂ ਨਹੀਂ।
ਪਾਲਕੀਵਾਲਾ ਨੇ ਜੈਪ੍ਰਕਾਸ਼ ਇੰਸਟੀਚਿਊਟ ਆਫ਼ ਹਿਊਮਨ ਫਰੀਡਮਜ਼ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਆਪਣੀ ਕਿਤਾਬ ‘‘ਦਿ ਲਾਅ ਐਂਡ ਪ੍ਰੈਕਟਿਸ ਆਫ਼ ਇਨਕਮ ਟੈਕਸ’’ ਦੇ 7ਵੇਂ ਐਡੀਸ਼ਨ ਤੋਂ 5.37 ਲੱਖ ਰੁਪਏ ਦਾ ਸਾਰਾ ਮੁਨਾਫ਼ਾ ਇਸ ਸੰਸਥਾ ਨੂੰ ਦਾਨ ਕਰ ਦਿੱਤਾ। 11 ਦਸੰਬਰ, 2002 ਨੂੰ 82 ਸਾਲ ਦੀ ਉਮਰ ਵਿਚ, ਨਾਨੀ ਪਾਲਕੀਵਾਲਾ ਆਪਣੇ ਪਿੱਛੇ ਇਕ ਵਿਰਾਸਤ ਛੱਡ ਗਏ। ਇਹ ਵਿਰਾਸਤ ਤਿੰਨ ਸ਼ਬਦਾਂ ਵਿਚ ਬਿਆਨ ਕੀਤੀ ਜਾ ਸਕਦੀ ਹੈ: ਹੁਮਾਤਾ, ਹੁਖਾਤਾ, ਹੁਵਾਰਾਸ਼ਤਾ (ਚੰਗੇ ਸ਼ਬਦ, ਚੰਗੇ ਵਿਚਾਰ, ਚੰਗੇ ਕੰਮ)।
ਸੰਪਰਕ: 98889-00846