ਕੌਮੀ ਰਾਜਧਾਨੀ ਵਿੱਚ ਪੁੱਜੀਆਂ ਨਮੋ ਭਾਰਤ ਟਰੇਨਾਂ
ਨਵੀਂ ਦਿੱਲੀ, 5 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਸਾਹਿਬਾਬਾਦ ਨੂੰ ਨਿਊ ਅਸ਼ੋਕ ਨਗਰ ਨਾਲ ਜੋੜਦੇ 13 ਕਿਲੋਮੀਟਰ ਲੰਮੇ ਦਿੱਲੀ-ਮੇਰਠ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਕੌਰੀਡੋਰ ਦਾ ਉਦਘਾਟਨ ਕੀਤਾ। ਆਰਆਰਟੀਐੱਸ ਦੇ ਦਿੱਲੀ ਸੈਕਸ਼ਨ ਦੇ ਉਦਘਾਟਨ ਨਾਲ ਨਮੋ ਭਾਰਤ ਟਰੇਨਾਂ ਹੁਣ ਕੌਮੀ ਰਾਜਧਾਨੀ ਤੱਕ ਪੁੱਜ ਗਈਆਂ ਹਨ। ਮੋਦੀ ਨੇ ਸਾਹਿਬਾਬਾਦ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਸਟੇਸ਼ਨ ਤੱਕ ਨਮੋ ਭਾਰਤ ਟਰੇਨ ’ਤੇ ਸਫ਼ਰ ਵੀ ਕੀਤਾ। ਟਰੇਨ ਦੇ ਸਫ਼ਰ ਦੌਰਾਨ ਮੋਦੀ ਨੇ ਬੱਚਿਆਂ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਆਰਆਰਟੀਐੱਸ ਕੌਰੀਡੋਰ ਦੇ ਦਿੱਲੀ ਸੈਕਸ਼ਨ ਦੇ ਉਦਘਾਟਨ ਨਾਲ ਮੇਰਠ ਸ਼ਹਿਰ ਹੁਣ ਸਿੱਧਾ ਦਿੱਲੀ ਨਾਲ ਜੁੜ ਗਿਆ ਹੈ ਅਤੇ ਮੁਸਾਫ਼ਰ ਮੇਰਠ ਸਾਊਥ ’ਚ ਸਿਰਫ਼ 40 ਮਿੰਟਾਂ ’ਚ ਪਹੁੰਚ ਸਕਣਗੇ। ਨਿਊ ਅਸ਼ੋਕ ਨਗਰ ਅਤੇ ਮੇਰਠ ਸਾਊਥ ਦਰਮਿਆਨ 55 ਕਿਲੋਮੀਟਰ ਲੰਮਾ ਆਰਆਰਟੀਐੱਸ ਕੌਰੀਡੋਰ, ਜਿਸ ਵਿਚ 11 ਸਟੇਸ਼ਨ ਪੈਂਦੇੇ ਹਨ, ਹੁਣ ਅਪਰੇਸ਼ਨਲ ਹੋ ਗਿਆ ਹੈ। ਮੁਸਾਫ਼ਰਾਂ ਲਈ ਹਰ 15 ਮਿੰਟਾਂ ਬਾਅਦ ਟਰੇਨਾਂ ਉਪਲੱਬਧ ਹੋਣਗੀਆਂ। ਨਿਊ ਅਸ਼ੋਕ ਨਗਰ ਸਟੇਸ਼ਨ ਤੋਂ ਮੇਰਠ ਸਾਊਥ ਸਟੇਸ਼ਨ ਤੱਕ ਸਟੈਂਡਰਡ ਕੋਚ ਲਈ ਕਿਰਾਇਆ 150 ਰੁਪਏ ਅਤੇ ਪ੍ਰੀਮੀਅਮ ਕੋਚ ਲਈ 225 ਰੁਪਏ ਹੋਵੇਗਾ। ਇਕ ਅਧਿਕਾਰੀ ਮੁਤਾਬਕ ਨਿਊ ਅਸ਼ੋਕ ਨਗਰ-ਸਰਾਏ ਕਾਲੇ ਖ਼ਾਨ ਅਤੇ ਮੇਰਠ ਸਾਊਥ-ਮੋਦੀਪੁਰਮ ਸੈਕਸ਼ਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਦਘਾਟਨ ਕੀਤੇ ਗਏ ਨਵੇਂ 13 ਕਿਲੋਮੀਟਰ ਸੈਕਸ਼ਨ ’ਚੋਂ ਆਨੰਦ ਵਿਹਾਰ ਸਟੇਸ਼ਨ ਸਮੇਤ 6 ਕਿਲੋਮੀਟਰ ਅੰਡਰਗ੍ਰਾਊਂਡ ਹੈ। ਨਮੋ ਭਾਰਤ ਕੌਰੀਡੋਰ ’ਚ ਆਨੰਦ ਵਿਹਾਰ ਅੰਡਰਗ੍ਰਾਊਂਡ ਸਟੇਸ਼ਨ ਸਭ ਤੋਂ ਵੱਡਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 20 ਅਕਤੂਬਰ ਨੂੰ ਸਾਹਿਬਾਬਾਦ ਅਤੇ ਦੁਹਾਈ ਡਿੱਪੂ ਦਰਮਿਆਨ 17 ਕਿਲੋਮੀਟਰ ਲੰਮੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਚੌਥੇ ਗੇੜ ਦੇ ਜਨਕਪੁਰੀ ਵੈਸਟ-ਕ੍ਰਿਸ਼ਨਾ ਪਾਰਕ ਐਕਸਟੈਨਸ਼ਨ ਸੈਕਸ਼ਨ ਦਾ ਵੀ ਉਦਘਾਟਨ ਕੀਤਾ ਅਤੇ ਰਿਠਾਲਾ-ਨਰੇਲਾ-ਕੁੰਡਲੀ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ। ਜਨਕਪੁਰੀ ਵੈਸਟ-ਕ੍ਰਿਸ਼ਨਾ ਪਾਰਕ ਐਕਸਟੈਨਸ਼ਨ ਸੈਕਸ਼ਨ ਦਿੱਲੀ ਮੈਟਰੋ ਫੇਜ਼ 4 ਦਾ ਪਹਿਲਾ ਸੈਕਸ਼ਨ ਹੈ ਜਿਸ ਦਾ ਉਦਘਾਟਨ ਕੀਤਾ ਗਿਆ ਹੈ। -ਪੀਟੀਆਈ
ਮਹਿਲਾਵਾਂ ਲਈ ਹਰੇਕ ਗੱਡੀ ’ਚ ਇਕ ਕੋਚ ਰਾਖਵਾਂ
ਅਧਿਕਾਰੀ ਨੇ ਕਿਹਾ ਕਿ ਨਮੋ ਭਾਰਤ ਸਟੇਸ਼ਨ ਇਸ ਢੰਗ ਨਾਲ ਡਿਜ਼ਾਈਨ ਕੀਤੇ ਅਤੇ ਉਸਾਰੇ ਗਏ ਹਨ ਕਿ ਇਹ ਜਨਤਕ ਆਵਾਜਾਈ ਦੇ ਸਾਧਨਾਂ ਬੱਸਾਂ ਅਤੇ ਮੈਟਰੋ ਆਦਿ ਨਾਲ ਬਿਨਾਂ ਰੁਕਾਵਟ ਦੇ ਜੁੜਦੇ ਹਨ। ਹਰੇਕ ਟਰੇਨ ’ਚ ਇਕ ਕੋਚ ਮਹਿਲਾਵਾਂ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਹੋਰ ਡੱਬਿਆਂ ’ਚ ਔਰਤਾਂ, ਬਜ਼ੁਰਗਾਂ ਅਤੇ ਦਿਵਿਆਂਗਜਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਹਰੇਕ ਟਰੇਨ ’ਚ ਵ੍ਹੀਲਚੇਅਰਾਂ ਅਤੇ ਸਟਰੈਚਰਾਂ ਲਈ ਵੀ ਥਾਂ ਰੱਖੀ ਗਈ ਹੈ ਅਤੇ ਇਕ ਅਟੈਂਡੈਂਟ ਵੀ ਮੁਸਾਫ਼ਰਾਂ ਦੀ ਸਹੂਲਤ ਲਈ ਤਾਇਨਾਤ ਰਹੇਗਾ। -ਪੀਟੀਆਈ