Indira Bhawan ਕਾਂਗਰਸ ਦੇ ਨਵੇਂ ਹੈੱਡਕੁਆਰਟਰ ‘ਇੰਦਰਾ ਭਵਨ’ ਦਾ ਉਦਘਾਟਨ 15 ਜਨਵਰੀ ਨੂੰ
ਨਵੀਂ ਦਿੱਲੀ, 7 ਜਨਵਰੀ
ਕਾਂਗਰਸ ਦਾ ਨਵਾਂ ਸਦਰਮੁਕਾਮ ਕੋਟਲਾ ਮਾਰਗ ਸਥਿਤ ‘ਇੰਦਰਾ ਭਵਨ’ ਹੋਵੇਗਾ, ਜਿਸ ਦਾ ਉਦਘਾਟਨ 15 ਜਨਵਰੀ ਨੂੰ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ 9ਏ, ਕੋਟਲਾ ਮਾਰਗ ਸਥਿਤ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਹੋਣਗੇ। ਇਹ ਇਮਾਰਤ ਪਿਛਲੇ ਕਈ ਸਾਲਾਂ ਤੋਂ ਉਸਾਰੀ ਅਧੀਨ ਸੀ। ਸੂਤਰਾਂ ਨੇ ਕਿਹਾ ਕਿ ਪਾਰਟੀ 24 ਅਕਬਰ ਰੋਡ ਸਥਿਤ ਦਫ਼ਤਰ ਖਾਲੀ ਨਹੀਂ ਕਰੇਗੀ। ਸਾਲ 1978 ਵਿਚ ਕਾਂਗਰਸ (ਆਈ) ਦੇ ਗਠਨ ਮਗਰੋਂ ਇਹ ਪਾਰਟੀ ਦਾ ਹੈੈੱਡਕੁਆਰਟਰ ਰਿਹਾ ਹੈ।
ਸੂਤਰਾਂ ਨੇ ਕਿਹਾ ਕਿ ਪੁਰਾਣੇ ਸਦਰਮੁਕਾਮ ਵਿਚ ਪਾਰਟੀ ਦੀਆਂ ਕੁਝ ਇਕਾਈਆਂ ਕੰਮ ਕਰਦੀਆਂ ਰਹਿਣਗੀਆਂ। ਫੰਡਾਂ ਦੀ ਘਾਟ ਕਰਕੇ ਨਵੇਂ ਏਆਈਸੀਸੀ ਹੈੱਡਕੁਆਰਟਰ ‘ਇੰਦਰਾ ਭਵਨ’ ਦਾ ਕੰਮ ਕਈ ਸਾਲ ਪੱਛੜ ਗਿਆ ਸੀ। ਸੂਤਰਾਂ ਨੇ ਕਿਹਾ ਕਿ ਸ਼ੁਰੂਆਤ ਵਿਚ ਪ੍ਰਸ਼ਾਸਨ, ਅਕਾਊਂਟਸ ਤੇ ਹੋਰ ਦਫ਼ਤਰਾਂ ਨੂੰ ਤਬਦੀਲ ਕੀਤਾ ਜਾਵੇਗਾ। ਕਾਂਗਰਸ ਦੀਆਂ ਕਈ ਇਕਾਈਆਂ- ਮਹਿਲਾ ਕਾਂਗਰਸ, ਯੂਥ ਕਾਂਗਰਸ ਤੇ ਐੱਨਐੱਸਯੂਆਈ ਅਤੇ ਪਾਰਟੀ ਦੇ ਕਈ ਵਿਭਾਗ ਤੇ ਸੈੱਲ ਵੀ ਨਵੀਂ ਇਮਾਰਤ ’ਚ ਤਬਦੀਲ ਕੀਤੇ ਜਾਣਗੇ। ਸੂਤਰਾਂ ਨੇ ਕਿਹਾ ਕਿ ਪਾਰਟੀ ਨੂੰ 1977 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਮਗਰੋਂ ਲੁਟੀਅਨਜ਼ ਦਿੱਲੀ ਵਿਚ 24, ਅਕਬਰ ਰੋਡ ਬੰਗਲੇ ਨੂੰ ਏਆਈਸੀਸੀ ਹੈੱਡਕੁਆਰਟਰ ਵਿਚ ਬਦਲ ਦਿੱਤਾ ਗਿਆ ਸੀ। -ਪੀਟੀਆਈ