For the best experience, open
https://m.punjabitribuneonline.com
on your mobile browser.
Advertisement

ਭਗਤ ਸਿੰਘ ਦੇ ਵਾਰਿਸਾਂ ਦੇ ਨਾਂ

09:08 AM Mar 21, 2024 IST
ਭਗਤ ਸਿੰਘ ਦੇ ਵਾਰਿਸਾਂ ਦੇ ਨਾਂ
Advertisement

ਜਸਵਿੰਦਰ ਸਿੰਘ ਰੁਪਾਲ

Advertisement

ਮੰਜ਼ਿਲ ਦੇ ਮਿਲਣ ਤੀਕਰ, ਰਾਹਾਂ ’ਚ ਕਿਉਂ ਏ ਖੜ੍ਹਨਾ?
ਮੁੜਿਆ ਜੋ ਰਹਿ ਗਿਆ ਸੀ, ਪੰਨਾ ਤੁਸੀਂ ਉਹ ਪੜ੍ਹਨਾ।

ਸਰਗਰਮ ਨੇ ਅਜੇ ਵੀ, ਜੋ ਕਿਰਤ ਦੇ ਲੁਟੇਰੇ,
ਕਿਰਤੀ ਬਚਾਉਣ ਖਾਤਰ, ਮੁੜ ਨੀਤੀਆਂ ਨੂੰ ਘੜਨਾ।

ਮੰਜ਼ਿਲ ਨਾ ਦੂਰ ਯਾਰੋ, ਅੰਬਰ ’ਤੇ ਝਾਤ ਮਾਰੋ
ਤੁਰਦੇ ਰਿਹੋ ਇਵੇਂ ਹੀ, ਤਾਰਾ ਧਰੂ ਹੈ ਫੜਨਾ।

ਬਣਨਾ ਹੈ ਕਾਫ਼ਲਾ ਵੀ, ਸਾਥੀ ਜੇ ਨਾਲ ਚੱਲੇ,
ਡਾਹਢਾ ਬੜਾ ਦੁਸ਼ਮਣ, ਪੈਣਾ ਹੈ ਮਿਲ ਕੇ ਲੜਨਾ।

ਸਕੀਆਂ ਨੇ ਦੋ ਇਹ ਭੈਣਾਂ, ਫਾਂਸੀ ਅਤੇ ਕਰਾਂਤੀ,
ਵਰ੍ਹਨੀ ਹੈ ਇੱਕ ਦੋਹਾਂ ’ਚੋਂ, ਘੋੜੀ ਜਦੋਂ ਵੀ ਚੜ੍ਹਨਾ।

ਹਿੰਮਤ ਬਣੇ ਸਹਾਰਾ, ਬੁੱਧੀ ਚੇਤੰਨ ਹੋਵੇ,
ਬੇਸ਼ਕ ‘ਰੁਪਾਲ’ ਪੈ ਜਾਏ, ਚਿੱਕੜ ਦੇ ਵਿੱਚ ਵੜਨਾ।
ਸੰਪਰਕ: 98147-15796
* * *

ਸਪੂਤ

ਸੁੰਦਰਪਾਲ ਪ੍ਰੇਮੀ

ਭਾਰਤ ਮਾਂ ਦੇ ਲੇਖੇ ਜਿੰਦ ਆਪਣੀ ਲਾ ਗਿਆ।
ਸ਼ਹੀਦੀ ਦਾ ਮਾਣ ਭਗਤ ਸਿੰਘ ਪਾ ਗਿਆ।

ਮਾਂ ਨੂੰ ਆਜ਼ਾਦ ਕਰਾਉਣ ਦਾ ਮਨ ਬਣਇਆ ਸੀ।
ਇਸ ਖ਼ਾਤਰ ਸ਼ੇਰ ਨੇ ਡਾਢਾ ਕਸ਼ਟ ਉਠਾਇਆ ਸੀ।

ਜ਼ਿੰਦਗੀ ਦਾ ਸੁਖ-ਆਰਾਮ ਦਾਅ ’ਤੇ ਲਾ ਗਿਆ।
ਭਗਤ ਸਿੰਘ ਅਣਖੀਲਾ, ਜੋਸ਼ੀਲਾ ਨੌਜਵਾਨ ਸੀ।

ਉਮਰੋਂ ਵੱਧ ਸਿਆਣਾ, ਦਲੇਰ, ਗਿਆਨਵਾਨ ਸੀ।
ਸੂਝਬੂਝ, ਉੱਚੇ ਵਿਚਾਰਾਂ ਦਾ ਲੋਹਾ ਮਨਵਾ ਗਿਆ।

ਕਲਮ ਦਾ ਧਨੀ, ਸਾਹਿਤ ਪੜ੍ਹਨ ਦਾ ਸ਼ੌਕੀਨ ਸੀ।
ਮਾਂ ਦੀ ਗ਼ੁਲਾਮੀ ਨੂੰ ਸਮਝਦਾ ਤੌਹੀਨ ਸੀ।

ਆਜ਼ਾਦੀ ਦੇ ਘੋਲ ’ਚ ਆਪਣੇ ਜੌਹਰ ਦਿਖਾ ਗਿਆ।
ਗੋਰਿਆਂ ਦੇ ਜ਼ੁਲਮਾਂ ਨਾਲ ਡਟਕੇ ਮੱਥਾ ਲਾਇਆ ਸੀ।

ਇਨ੍ਹਾਂ ਅੱਗੇ ਸੂਰੇ ਸਿਰ ਹਰਗਿਜ਼ ਨਾ ਝੁਕਾਇਆ ਸੀ।
ਜੇਲ੍ਹਾਂ ਵਿੱਚ ਚੜ੍ਹਦੀ ਕਲਾ ’ਚ ਵਕਤ ਲੰਘਾ ਗਿਆ।

ਆਪਣੀ ਵੀਰਤਾ ਦਾ ਸੂਰਬੀਰ ਸਿੱਕਾ ਜਮਾ ਗਿਆ।
ਖਿੜੇ ਮੱਥੇ ਫਾਂਸੀ ਦਾ ਫੰਦਾ ਗਲ ਪਾਇਆ ਸੀ।

ਰਾਜਗੂਰ, ਸੁਖਦੇਵ ਨੇ ਹੱਸਦੇ ਸਾਥ ਨਿਭਾਇਆ ਸੀ।
‘ਪ੍ਰੇਮੀ’ ਭਗਤ ਸਿੰਘ ਮਾਂ ਦਾ ਸਪੂਤ ਅਖਵਾ ਗਿਆ।
ਸੰਪਰਕ: 98140-51099
* * *

ਨਵੇਂ ਰੰਗਾਂ ਦੀ ਹੋਲੀ

ਬਲਵਿੰਦਰ ‘ਬਾਲਮ’ ਗੁਰਦਾਸਪੁਰ

ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।
ਨਵੇਂ ਪ੍ਰਯੋਗ ਪਰਿਵਰਤਨ ਦੇ ਵਿੱਚ ਕਸਮਾਂ ਦੀ ਹੋਲੀ ਹੈ।

ਨਵੇਂ ਭਾਵਾਂ ਦੇ ਦ੍ਰਿਸ਼ਟੀਕੋਣ ਦਾ ਆਗ਼ਾਜ਼ ਵਧੀਆ ਹੈ।
ਉੱਡਦੇ ਬਾਜ਼ ਦੇ ਖੰਭਾਂ ਦੇ ਵਿੱਚ ਪਰਵਾਜ਼ ਵਧੀਆ ਹੈ।
ਇਹ ਸ਼ਿਸ਼ਟਾਚਾਰ ਸ਼ਰਧਾ ਪਿਆਰ ਤੇ ਕਦਰਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਨਵੇਂ ਅੰਜਾਮ ਦੇ ਸਿਰ ’ਤੇ ਨਵੀਂ ਕਲਗੀ ਸੁਸ਼ੋਭਿਤ ਹੈ।
ਉਮੀਦਾਂ ਵਿੱਚ ਅਨੁਸ਼ਾਸਨ ਦੀ ਪਰਿਭਾਸ਼ਾ ਨਵੋਦਿਤ ਹੈ।
ਜਗਾਓ ਦੀਪ ਰੰਗਾਂ ਦੇ ਇਹ ਸ਼ੁਭ ਕਰਮਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਖ਼ਿਆਲਾਂ ਦੇ ਨਵੇਂ ਰੰਗਾਂ ਬਿਖੇਰੇ ਖ਼ੂਬਸੂਰਤ ਫੁੱਲ।
ਕ੍ਰਾਂਤੀ ਦੀ ਹਕੀਕਤ ਵਿੱਚ ਖਿੜੇ ਨੇ ਖ਼ੂਬਸੂਰਤ ਫੁੱਲ।
ਖ਼ੁਸ਼ੀ ਤੇ ਸਾਂਝ ਮਿਲਵਰਤਨ ਦੇ ਵਿੱਚ ਰਸਮਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਅਜੋਕੀ ਖ਼ਾਹਿਸ਼ ਦੇ ਬੂਟੇ ਪਿਆ ਹੈ ਬੂਰ ਕਹਿਰਾਂ ਦਾ।
ਭਵਿੱਖ ਵਿੱਚ ਆਸ ਬਦਲੇਗਾ ਰੰਗ ਰੂਪ ਸ਼ਹਿਰਾਂ ਦਾ।
ਕਿਤੇ ਤਕਸੀਮ ਕਰਨੀ ਹੈ ਕਿਤੇ ਜ਼ਰਬਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਜਦੋਂ ਵੀ ਭੀੜ ਦੇ ਵਿੱਚ ਸਾਂਝ, ਏਕਾ, ਰੱਬ ਬਣ ਜਾਵੇ।
ਉਦੋਂ ਫਿਰ ਸੱਚ ਬਣ ਕੇ ਢਾਲ ਸੀਨਿਆਂ ਵਿੱਚ ਤਣ ਜਾਵੇ।
ਭੁਲਾ ਕੇ ਰੰਗ ਭੇਦਾਂ ਨੂੰ ਸਿਰਫ਼ ਕਰਮਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਨਵੇਂ ਸੂਰਜ ਦੀ ਆਮਦ ’ਚੋਂ ਲਈ ਆਸਾਂ ਨੇ ਅੰਗੜਾਈ।
ਨਵੇਂ ਸੂਰਜ ਦੀ ਸਿਰਜਣਾ ਅੰਦਰ ਨਵੀਂ ਗੂੰਜੇਗੀ ਸ਼ਹਿਨਾਈ।
ਜਿਨ੍ਹਾਂ ਇਤਿਹਾਸ ਰਚਿਆ ਹੈ ਉਨ੍ਹਾਂ ਅਰਬਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਇਨ੍ਹਾਂ ਕਰਕੇ ਹੀ ਤਬਦੀਲੀ ਦੇ ਵਿੱਚ ਜਾਨ ਆਈ ਹੈ।
ਪੂਰੇ ਪੰਜਾਬ ਦੀ ਸ਼ਕਤੀ ਦੇ ਵਿੱਚ ਪਹਿਚਾਣ ਆਈ ਹੈ।
ਕਲਮ ਦੇ ਸਾਰਥਕ ਹੋਏ ਨਵੇਂ ਅੱਖਰਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਜੀਉ ਯੁੱਗ-ਯੁੱਗ ਤੁਹਾਡੀ ਸੋਚ ਛੂਹੇ ਇੱਕ ਬੁਲੰਦੀ ਨੂੰ।
ਗੁਲਾਬੀ ਖ਼ੂਬਸੂਰਤ ਫੁੱਲ ਪੈਵਣ ਅਕਲਮੰਦੀ ਨੂੰ।
ਗਲੇ ਮਿਲਣੇਂ, ਬਿਗਾਨੇ ਗ਼ੈਰ ਤੇ ਸੱਜਣਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।

ਤਪੱਸਿਆ ਵਿਵਿਧ ਅਰਥਾਂ ਵਿੱਚ ਹੀ ਆਤਮਤੋਸ਼ ਦਿੰਦੀ ਹੈ।
ਮਿਆਰੀ ਸੋਚ ਹੀ ‘ਬਾਲਮ’ ਤੇਜੱਸਵੀ ਜੋਸ਼ ਦਿੰਦੀ ਹੈ।
ਗਤੀਵਿਧੀਆਂ ’ਚ ਬੁੱਧੀ ਆਤਮਾ ਮਿਹਰਾਂ ਦੀ ਹੋਲੀ ਹੈ।
ਨਵੇਂ ਰੰਗਾਂ ਨਵੇਂ ਢੰਗਾਂ ਨਵੇਂ ਨਿਯਮਾਂ ਦੀ ਹੋਲੀ ਹੈ।
ਸੰਪਰਕ: 98156-25409
* * *

ਰੰਗ ਜ਼ਿੰਦਗੀ ਦੇ

ਮੁਨੀਸ਼ ਭਾਟੀਆ

ਰੰਗ ਜ਼ਿੰਦਗੀ ਦੇ ਹਨ,
ਸੁਆਰਥ ਦੇ ਪ੍ਰਭਾਵ ਅਧੀਨ,
ਮਨੁੱਖ ਨੇ ਆਪਣੀ ਮਰਜ਼ੀ ਅਨੁਸਾਰ
ਇਨ੍ਹਾਂ ਰੰਗਾਂ ਨੂੰ ਵੱਖ ਵੱਖ ਨਾਮ ਦਿੱਤੇ!
ਕਦੇ ਧਾਰਮਿਕ ਆਧਾਰ ’ਤੇ,
ਕਈ ਵਾਰ ਜਜ਼ਬਾਤ ਕਰਕੇ।
ਚਿੱਟਾ ਰੰਗ ਬਣਇਆ ਅਨਾਥ ਦਾ ਚੋਲਾ ਤੇ
ਲਾਲ ਰੰਗ ਦੁਲਹਨ ਦਾ ਪਹਿਰਾਵਾ ਬਣ ਗਿਆ।
ਕਾਲਾ ਰੰਗ ਬਣਾਇਆ ਕਿਤੇ ਸੋਗ ਦਾ ਪ੍ਰਤੀਕ,
ਤੇ ਬਣ ਗਿਆ ਕਿਤੇ ਮਖੌਟਾ ਅਬਲਾ ਦਾ।
ਹਰਾ ਰੰਗ ਦਿੰਦਾ ਹੈ ਨਵੀਨਤਾ ਦਾ ਅਹਿਸਾਸ,
ਪੱਤਝੜ ਪੀਲੇ ਰੰਗ ਵਿੱਚ ਢਕੀ।

ਰੰਗਾਂ ਦੇ ਨਾਂ ’ਤੇ ਖੇਡਾਂ ਕਈ ਖੇਡੀਆਂ ਗਈਆਂ,
ਕਿ ਇਨਸਾਨੀਅਤ ਵੀ ਹੋ ਗਈ ਸ਼ਰਮਸਾਰ,
ਦੁਨੀਆ ਦੇ ਰਿਵਾਜ਼ ਅਦਭੁੱਤ ਹਨ
ਰੰਗਾਂ ਨੂੰ ਹੀ ਸਾਰਿਆਂ ਨੇ ਦੋਸ਼ ਦਿੱਤਾ।

ਰੰਗ ਸਦਾ ਤੋਂ ਹੀ ਮਨੁੱਖ ਜਾਤੀ ਦੇ
ਮੋਹਰੇ ਅਤੇ ਹਥਿਆਰ ਬਣਦੇ ਰਹੇ,
ਜ਼ਿੰਦਗੀ ਸਾਰੇ ਰੰਗਾਂ ਨਾਲ ਭਰੀ ਹੋਈ ਹੈ
ਜੇ ਮਿਲ ਜਾਣ ਤਾਂ ਸਤਰੰਗੀ ਪੀਂਘ ਬਣ ਜਾਣ।

ਕੁਦਰਤ ਸਾਰੇ ਰੰਗਾਂ ਨੂੰ ਮਿਲਾ ਕੇ ਹੀ
ਸੁੰਦਰ ਬਣ ਸਕਦੀ ਹੈ,
ਧੁਨ ਸੰਗੀਤਕ ਹੈ ਜਾਂ ਤਾਲ ਦਿਲ ਦੀ ਧੜਕਣ,
ਰੰਗ ਕਣ ਕਣ ਵਿੱਚ ਮੌਜੂਦ ਹੈ।
ਸਰੀਰ ਦੀਆਂ ਨਾੜੀਆਂ ਹਰੀਆਂ ਨੀਲੀਆਂ ਹਨ
ਲਾਲ ਲਹੂ ਜੀਵਨ ਦਾ ਹੈ ਰੰਗ,
ਹਰ ਰੰਗ ਦੀ ਮਹਿਕ ਅਨੋਖੀ ਹੈ,
ਪਿਆਰ ਹਰ ਰੰਗ ਵਿੱਚ ਹੈ ਮੌਜੂਦ।
ਹੋਲੀ ਰੰਗਾਂ ਦਾ ਹੈ ਤਿਉਹਾਰ ਪਵਿੱਤਰ ,
ਇਸ ਲਈ, ਅਸਮਾਨ ਰੰਗ ਵਿੱਚ ਰੰਗਿਆ
ਇਸ ਦਿਨ ਜਾ ਸਕਦਾ ਹੈ ਦੇਖਿਆ
ਇਸ ਦਿਨ ਰੰਗਾਂ ਦਾ ਫ਼ਰਕ
ਭੁੱਲ ਜਾਂਦੇ ਹਨ ਸਾਰੇ ਮਨੁੱਖ।
ਹੁੰਦੀ ਅੰਮ੍ਰਿਤ ਵਰਖਾ ਇਸ ਦਿਨ...
ਪਿਆਰ ਦੀ ਜ਼ਿੰਦਗੀ ਦਾ ਰੰਗ ਪੱਕਾ ਹੈ!
ਇਕੱਠੇ ਰਹਿਣ ਦਾ ਰੰਗ ਅਮਰ ਹੈ!!
ਸੰਪਰਕ: 9416457695
* * *

ਹੋਲੀ ਦਾ ਤਿਉਹਾਰ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਹੋਲੀ ਦਾ ਤਿਉਹਾਰ ਇਹ ਆਪਾਂ ਰਲਕੇ ਸਭ ਮਨਾਈਏ।
ਰੰਗ ਮੁਹੱਬਤਾਂ ਵਾਲੇ ਗੂੜ੍ਹੇ ਇੱਕ-ਦੂਜੇ ’ਤੇ ਪਾਈਏ।

ਛੋਟੇ-ਵੱਡੇ ਸਾਰੇ ਛੱਡ ਦਿਓ ਤੰਗਦਿਲੀ ਦੀਆਂ ਗਲੀਆਂ,
ਇੱਕ-ਦੂਜੇ ’ਤੇ ਰੰਗ ਖ਼ੁਸ਼ੀ ’ਨਾ ਪਾਓ ਭਰ-ਭਰ ਪਲੀਆਂ,
ਏਸ ਸਮੇਂ ਨੇ ਮੁੜ ਨਾ ਆਉਣਾ ਇਸਨੂੰ ਰੱਜ ਹੰਢਾਈਏ
ਹੋਲੀ ਦਾ ਤਿਉਹਾਰ ਇਹ ਆਪਾਂ ਰਲਕੇ ਸਭ ਮਨਾਈਏ।

ਖ਼ੁਸ਼ੀਆਂ ਦਾ ਪ੍ਰਤੀਕ ਹੈ ਕਹਿੰਦੇ ਇਹ ਜੋ ਆਵੇ ਹੋਲੀ,
ਰੰਗਾਂ ਦੇ ਵਿੱਚ ਪ੍ਰੀਤ ਆਪਸੀ ਜਾਵੇ ਦੱਬ ਕੇ ਘੋਲੀ,
ਰੂਹਾਂ ਉੱਤੇ ਇਤਰ ਸਾਂਝ ਦਾ ਜੀਅ ਭਰਕੇ ਛਿੜਕਾਈਏ
ਹੋਲੀ ਦਾ ਤਿਉਹਾਰ ਇਹ ਆਪਾਂ ਰਲਕੇ ਸਭ ਮਨਾਈਏ।

ਰੰਗ ਮਜੀਠੀ ਵਾਲੇ ਦੀ ਭਰ-ਭਰ ਕੇ ਪਿਚਕਾਰੀ,
ਭਟਕੀ ਹੋਈ ਮਾਨਵਤਾ ’ਤੇ ਜਾਵੇ ਹਰ ਥਾਂ ਮਾਰੀ,
ਮੁੜ ਨਾ ਲੱਥੇ ਰੰਗ ਸਦੀਵੀ ਮਨ ’ਤੇ ਇੰਝ ਚੜ੍ਹਾਈਏ
ਹੋਲੀ ਦਾ ਤਿਉਹਾਰ ਇਹ ਆਪਾਂ ਰਲਕੇ ਸਭ ਮਨਾਈਏ।

ਹਿੰਦੂ, ਮੁਸਲਿਮ, ਸਿੱਖ, ਇਸਾਈ ਮੁੱਢ ਤੋਂ ਹੀ ਜਦ ਭਾਈ,
‘ਪਾਰਸ’ ਦੂਰੀ ਅੱਜ ਫਿਰ ਆਪਾਂ ਕਿਹੜੀ ਗੱਲ ਤੋਂ ਪਾਈ,
ਉਸ ਕਾਦਰ ਦੇ ਰੰਗਾਂ ਦੇ ਸੰਗ ਆਓ ਘੁਲ-ਮਿਲ ਜਾਈਏ
ਹੋਲੀ ਦਾ ਤਿਉਹਾਰ ਇਹ ਆਪਾਂ ਰਲਕੇ ਸਭ ਮਨਾਈਏ।
ਸੰਪਰਕ: 99888-11681
* * *

ਸੀਨੀਅਰ ਲੀਡਰ

ਰੰਜੀਵਨ ਸਿੰਘ

ਸੀਨੀਅਰ ਲੀਡਰ ਹਾਂ ਅਸੀਂ
ਸੀਨੀਅਰ ਲੀਡਰ!

ਇਸ ਪਾਰਟੀ ਵਿੱਚ
ਅਸੀਂ ਵਰਕਰ ਸਾਂ ਪਹਿਲੋਂ
ਫੇਰ ਬਲਾਕ ਪ੍ਰਧਾਨ
ਜ਼ਿਲ੍ਹਾ ਪ੍ਰਧਾਨ ਤੋਂ
ਸੂਬਾ ਪ੍ਰਧਾਨ ਹੁੰਦਿਆਂ
ਐੱਮ.ਐੱਲ.ਏ. ਵੀ ਰਹੇ
ਫੇਰ ਮੰਤਰੀ ਪਦ ਮਾਣਿਆ
ਦਮ ਘੁਟਣ ਲੱਗਾ ਫਿਰ
ਇਸ ਪਾਰਟੀ ਵਿੱਚ ਸਾਡਾ
ਅੱਚਵੀ ਜਿਹੀ ਲੱਗਣ ਲੱਗੀ
ਖੜੋਤ ਜਿਹੀ ਜਾਪਣ ਲੱਗੀ
ਰਾਜਨੀਤਕ ਖੜੋਤ
ਸਥਿਤੀਆਂ ਬਦਲੀਆਂ
ਸਮੀਕਰਨ ਬਦਲੇ
ਮਾਰ ਛੜੱਪੇ ਫੇਰ ਅਸੀਂ
ਕਦੇ ਏਸ ਪਾਰਟੀ
ਕਦੇ ਓਸ ਪਾਰਟੀ

ਪਰ ਦੇਖੋ!
ਕਮਾਲ ਅਸਾਡਾ
ਨਵੀਂ ਪਾਰਟੀ ਵਿੱਚ ਵੀ
ਰਹਿੰਦੇ ਅਸੀਂ
ਸੀਨੀਅਰ ਲੀਡਰ ਹੀ ਹਾਂ

ਅਸੀਂ ਜਿਸ ਵੀ ਪਾਰਟੀ
ਵਿੱਚ ਹੁੰਦੇ ਹਾਂ ਸ਼ਾਮਿਲ
ਆਪਣੀ ਸੀਨੀਆਰਤਾ
ਨਾਲ ਲੈ ਕੇ ਜਾਂਦੇ ਹਾਂ

ਅਸੀਂ ਕੋਈ ਮੁਲਾਜ਼ਮ ਥੋੜ੍ਹੇ ਹਾਂ
ਜੋ ਸੀਨੀਆਰਤਾ ਛੱਡਾਂਗੇ
ਦੂਜੇ ਵਿਭਾਗ ਵਿੱਚ ਜਾ ਕੇ
ਜਿਸ ਮਰਜ਼ੀ ਪਾਰਟੀ ਵਿੱਚ ਹੋਈਏ
ਟਿਕਟਾਂ ਸਾਨੂੰ ਹੀ ਮਿਲਦੀਆਂ ਹਨ
ਲਤਾੜ ਕੇ ਹੇਠਲੇ ਵਰਕਰਾਂ ਨੂੰ
ਰੌਂਦ ਕੇ ਟਕਸਾਲੀ ਲੀਡਰਾਂ ਨੂੰ

ਦੇਖਿਆ!
ਲੀਡਰ, ਲੀਡਰ ਹੀ ਰਹਿੰਦੇ ਨੇ
ਤੇ ਵਰਕਰ, ਵਰਕਰ ਹੀ
ਦਰੀਆਂ ਵਿਛਾਉਣ ਨੂੰ
ਰੈਲੀਆਂ ’ਚ ਨਾਅਰੇ ਲਾਉਣ ਨੂੰ।
ਸੰਪਰਕ: 98150-68816
* * *

ਚੋਣਾਂ ਦਾ ਐਲਾਨ ਹੋ ਗਿਆ

ਹਰਦੀਪ ਬਿਰਦੀ

ਚੋਣਾਂ ਦਾ ਐਲਾਨ ਹੋ ਗਿਆ।
ਭੋਲ਼ਾ ਹਰ ਸ਼ੈਤਾਨ ਹੋ ਗਿਆ।

ਧੌਣ ਝੁਕਾਈ ਦੇਖੋ ਕਿੱਦਾਂ
ਨਿਰਬਲ, ਹੁਣ ਬਲਵਾਨ ਹੋ ਗਿਆ।

ਦਾਰੂ ਮਿਲਣੀ ਮੁਫ਼ਤੋ ਮੁਫ਼ਤੀ
ਕੈਸਾ ਇਹ ਫੁਰਮਾਨ ਹੋ ਗਿਆ।

ਇੱਕ ਦੂਜੇ ’ਤੇ ਦੋਸ਼ ਮੜ੍ਹਣਗੇ
ਚਾਲੂ ਫਿਰ ਘਮਸਾਨ ਹੋ ਗਿਆ।

ਚੋਣਾਂ ਤੱਕ ਨਾ ਬੇਲੀ ਕੋਈ
ਵੈਰੀ ਪਾਕਿਸਤਾਨ ਹੋ ਗਿਆ।

ਤੂੰ-ਤੂੰ ਮੈਂ-ਮੈਂ ਚਲਦੀ ਰਹਿਣੀ
ਰਕੀਬ ਭਾਈ ਜਾਨ ਹੋ ਗਿਆ।

ਜੋ ਸੀ ਆਕੜ-ਆਕੜ ਖੜ੍ਹਦਾ
ਨੇਤਾ ਹੀ ਬੇਜਾਨ ਹੋ ਗਿਆ।

ਪਹਿਲਾਂ ਲੁੱਟ-ਲੁੱਟ ਖਾਧਾ ਚੋਖਾ
ਚਾਲੂ ਹੁਣ ਤੋਂ ਦਾਨ ਹੋ ਗਿਆ।
ਸੰਪਰਕ: 90416-00900
* * *

ਵੋਟਾਂ

ਗੁਰਤੇਜ ਸਿੰਘ ਖੁਡਾਲ

ਵੋਟਾਂ ਆਈਆਂ, ਵੋਟਾਂ ਆਈਆਂ,
ਵੋਟਾਂ ਮੰਗਣ, ਆਉਣਗੇ ਸਾਰੇ...
ਨੀਲੀਆਂ, ਚਿੱਟੀਆਂ, ਪੀਲੀਆਂ ਵਾਲੇ,
ਘਰ ਘਰ ਸਭ ਦੇ, ਆਉਣਗੇ ਸਾਰੇ...

ਬਿਨਾਂ ਬੁਲਾਏ, ਸਾਰੇ ਲੀਡਰ,
ਪੈਰੀਂ ਹੱਥ, ਲਗਾਉਣਗੇ ਸਾਰੇ,
ਇੱਕ ਦੂਜੇ ਤੋਂ, ਅੱਗੇ ਵਧ ਵਧ,
ਆਪਣੇ ਸੋਹਲੇ, ਗਾਉਣਗੇ ਸਾਰੇ...

ਪੈਸਿਆਂ ਪਿੱਛੇ, ਵਿਕ ਨਾ ਜਾਇਓ,
ਖਰੀਦਣ ਤੁਹਾਨੂੰ, ਆਉਣਗੇ ਸਾਰੇ,
ਲਾਲਚ ਪਿੱਛੇ, ਵੋਟ ਨਾ ਪਾਇਓ,
ਲਾਲਚ ਤੁਹਾਨੂੰ, ਦੇਣਗੇ ਸਾਰੇ...

ਬੋਤਲ ਲਈ ਜ਼ਮੀਰ ਨਾ ਵੇਚਿਓ,
ਬੋਤਲਾਂ ਵੰਡਣ ਆਉਣਗੇ ਸਾਰੇ,
ਨਸ਼ਾ, ਮਹਿੰਗਾਈ, ਬੇਰੁਜ਼ਗਾਰੀ,
ਕੌਣ ਮੁਕਾਊ, ਪੁੱਛਿਓ ਸਾਰੇ...

ਚੰਗੇ ਬੰਦੇ ਚੁਣਨ ਦੇ ਲਈ,
ਤੁਸੀਂ ਇਕੱਠੇ ਹੋ ਜਾਓ ਸਾਰੇ...
ਖੁਡਾਲ ਜੇ ਵੇਲਾ ਹੱਥੋਂ ਲੰਘ ਗਿਆ,
ਫਿਰ ਪਛਤਾਵਾਂਗੇ ਆਪਾਂ ਸਾਰੇ...।
ਸੰਪਰਕ: 94641-29118
* * *

ਗ਼ਜ਼ਲ

ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ

ਮੇਰੇ ਸਿਰ ਅਹਿਸਾਨ ਚੜ੍ਹੇ ਨੇ
‘ਘਰ’ ਦੀ ਥਾਂ ‘ਮਕਾਨ’ ਬੜੇ ਨੇ।

ਜਿਸ ਨੇ ਅੱਗੇ ਵਧਣਾ ਹੁੰਦਾ
ਉਸ ਦੇ ਲਈ ਅਸਮਾਨ ਬੜੇ ਨੇ।

ਮੁਲਕ ਦੀ ਖ਼ਾਤਿਰ ਜਾਨਾਂ ਵਾਰਨ
ਐਸੇ ਪੁੱਤ ਮਹਾਨ ਬੜੇ ਨੇ।

ਭੀੜ ਪਏ ’ਤੇ ਵੀ ਨਾ ਡੋਲੇ
ਐਸੇ ਸਖ਼ਤ ਚੱਟਾਨ ਬੜੇ ਨੇ।

ਦੌਲਤ, ਸ਼ੁਹਰਤ ਪਾ ਨਾ ਬਦਲੇ
ਐਸੇ ਵੀ ਇਨਸਾਨ ਬੜੇ ਨੇ।

ਇਹ ਧਰਤੀ ਏ ਸ਼ਾਇਰਾਂ ਮੱਲੀ
‘ਤੁਲਸੀ’ ਤੇ ‘ਰਸਖ਼ਾਨ’ ਬੜੇ ਨੇ।

ਠੋਕਰ ਵਿੱਚ ਜ਼ਮਾਨਾ ਰੱਖਦੇ
ਐਸੇ ਖੱਬੀਖਾਨ ਬੜੇ ਨੇ।
ਸੰਪਰਕ: 97816-46008

Advertisement
Author Image

joginder kumar

View all posts

Advertisement
Advertisement
×