For the best experience, open
https://m.punjabitribuneonline.com
on your mobile browser.
Advertisement

ਨਾਇਬ ਸੈਣੀ ਬਹੁਮਤ ਸਾਬਤ ਕਰਨ ਜਾਂ ਅਸਤੀਫ਼ਾ ਦੇਣ: ਦੁਸ਼ਯੰਤ ਚੌਟਾਲਾ

07:49 AM May 09, 2024 IST
ਨਾਇਬ ਸੈਣੀ ਬਹੁਮਤ ਸਾਬਤ ਕਰਨ ਜਾਂ ਅਸਤੀਫ਼ਾ ਦੇਣ  ਦੁਸ਼ਯੰਤ ਚੌਟਾਲਾ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 8 ਮਈ
ਹਰਿਆਣਾ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਭਾਜਪਾ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਅੱਜ ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਬਹੁਮਤ ਸਾਬਤ ਕਰਨ ਜਾਂ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਆਪਣਾ ਬਹੁਮਤ ਗਵਾ ਚੁੱਕੀ ਹੈ।
ਦੁਸ਼ਯੰਤ ਚੌਟਾਲਾ ਨੇ ਅੱਜ ਹਿਸਾਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਜੇਪੀ ਵੱਲੋਂ ਸੂਬੇ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਹਰਿਆਣਾ ਸਰਕਾਰ ਤੋਂ ਬਹੁਮਤ ਸਾਬਤ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਘੱਟ ਗਿਣਤੀ ਸਰਕਾਰ ਨੂੰ ਡੇਗਣ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਚੌਟਾਲਾ ਨੇ ਹਰਿਆਣਾ ਵਿੱਚ ਸਰਕਾਰ ਡੇਗਣ ਲਈ ਕਾਂਗਰਸ ਦੀ ਹਮਾਇਤ ਦਾ ਵੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਤੋਂ ਪੰਜ ਵਿਧਾਇਕ ਦੂਰ ਹੋ ਚੁੱਕੇ ਹਨ। ਤਿੰਨ ਆਜ਼ਾਦ ਵਿਧਾਇਕਾਂ ਨੇ ਆਪਣੀ ਹਮਾਇਤ ਵਾਪਸ ਲੈ ਲਈ ਹੈ ਜਦਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਰਣਜੀਤ ਸਿੰਘ ਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ।
ਜੇਜੇਪੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਆਜ਼ਾਦ ਵਿਧਾਇਕਾਂ ’ਤੇ ਲੈਣ-ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ। ਜੇਕਰ ਇਹ ਸੱਚ ਹੈ ਤਾਂ ਸ੍ਰੀ ਸੈਣੀ ਨੂੰ ਸਾਰਿਆਂ ਦੇ ਸਾਹਮਣੇ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਹਰਿਆਣਾ ਦੇ ਤਿੰਨ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ (ਚਰਖੀ-ਦਾਦਰੀ), ਰਣਧੀਰ ਸਿੰਘ ਗੋਲਨ (ਪੁੰਡਰੀ) ਅਤੇ ਧਰਮਪਾਲ ਗੌਂਡਰ (ਨੀਲੋਖੇੜੀ) ਨੇ ਲੰਘੇ ਦਿਨ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਕਾਂਗਰਸ ਦੀ ਹਮਾਇਤ ਦਾ ਐਲਾਨ ਕੀਤਾ ਸੀ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਕੋਲ 43 ਵਿਧਾਇਕ ਬਚੇ ਹਨ। ਦੂਜੇ ਪਾਸੇ ਭਾਜਪਾ ਵਿਰੁੱਧ 45 ਵਿਧਾਇਕ ਹਨ, ਜਿਸ ਵਿੱਚ ਕਾਂਗਰਸ ਦੇ 30, ਜੇਜੇਪੀ ਦੇ 10, ਆਜ਼ਾਦ ਚਾਰ ਅਤੇ ਇਨੈਲੋ ਦਾ ਇਕ ਵਿਧਾਇਕ ਸ਼ਾਮਲ ਹੈ।

Advertisement

ਹੁੱਡਾ ਵੱਲੋਂ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ

ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਆਪਣਾ ਬਹੁਮਤ ਗਵਾ ਚੁੱਕੀ ਹੈ। ਇਸ ਲਈ ਰਾਜਪਾਲ ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਸਿਫਾਰਸ਼ ਕਰਨੀ ਚਾਹੀਦੀ ਹੈ।

Advertisement
Author Image

joginder kumar

View all posts

Advertisement
Advertisement
×