ਨਾਗਪੁਰ ਪੁਲੀਸ ਵੱਲੋਂ ਹਵਾਈ ਉਡਾਣਾਂ ਨੂੰ ਧਮਕੀਆਂ ਦੇਣ ਵਾਲੇ ਦੀ ਪਛਾਣ
ਨਾਗਪੁਰ, 29 ਅਕਤੂਬਰ
ਇੱਥੋਂ ਦੀ ਪੁਲੀਸ ਨੇ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਕੀਆਂ ਦੇਣ ਵਾਲੇ ਦੀ ਪਛਾਣ ਗੋਂਡੀਆ ਦੇ 35 ਸਾਲਾ ਜਗਦੀਸ਼ ਉਈਕੇ ਵਜੋਂ ਹੋਈ ਹੈ ਜਿਸ ਨੇ ਬੰਬ ਧਮਾਕੇ ਕਰਨ ਦੀਆਂ ਧਮਕੀਆਂ ਦੇ ਕੇ ਦਹਿਸ਼ਤ ਫੈਲਾਈ ਸੀ। ਨਾਗਪੁਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਨੇ ਦਹਿਸ਼ਤਗਰਦੀ ਬਾਰੇ ਇਕ ਪੁਸਤਕ ਲਿਖੀ ਸੀ ਤੇ ਉਸ ਨੂੰ 2021 ਵਿੱਚ ਇਕ ਕੇਸ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਦੀ ਪੁਲੀਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਜਗਦੀਸ਼ ਫਰਾਰ ਹੋ ਗਿਆ ਹੈ ਤੇ ਉਸ ਦੀ ਭਾਲ ਵਿਚ ਛਾਪੇ ਮਾਰੇ ਜਾ ਰਹੇ ਹਨ। ਇਹ ਕਾਰਵਾਈ ਪੁਲੀਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਸ਼ਵੇਤਾ ਖੇਡਕਰ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਜਗਦੀਸ਼ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ), ਰੇਲ ਮੰਤਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਏਅਰਲਾਈਨ ਦਫ਼ਤਰਾਂ, ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਸਮੇਤ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਈਮੇਲ ਭੇਜੀਆਂ ਸਨ। ਪੀਟੀਆਈ