ਭਾਈ ਘਨ੍ਹੱਈਆ ਦੀ ਯਾਦ ਵਿੱਚ ਨਗਰ ਕੀਰਤਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਸਤੰਬਰ
ਭਾਈ ਘਨ੍ਹੱਈਆ ਦੀ ਯਾਦ ਵਿੱਚ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਵੱਖ-ਵੱਖ ਬਾਜ਼ਾਰਾਂ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰੁਮਾਲੇ ਵੀ ਭੇਟ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਬਚਨ ਸਿੰਘ ਨੇ ਦੱਸਿਆ ਕਿ ਭਾਈ ਘਨੱਈਆ ਜੀ ਦੀ ਯਾਦ ਵਿੱਚ ਅੱਜ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਏ ਹਨ ਤੇ 29 ਸਤੰਬਰ ਨੂੰ ਭੋਗ ਪਾਏ ਜਾਣਗੇ।
ਰਾਗੀ ਢਾਡੀ ਜਥਿਆਂ ਵੱਲੋਂ ਕਥਾ ਕੀਰਤਨ ਅਤੇ ਢਾਡੀ ਵਾਰਾਂ ਸੁਣਾਈਆਂ ਗਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਬਚਨ ਸਿੰਘ, ਮੁੱਖ ਗ੍ਰੰਥੀ ਭਾਈ ਗੁਰਸੇਵਕ ਸਿੰਘ, ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਦੇਸ ਰਾਜ ਸਿੰਘ ਰੱਖੜਾ, ਅਮਰਜੀਤ ਸਿੰਘ ਕਾਂਝਲਾ, ਰਘਵੀਰ ਸਿੰਘ, ਪਰਗਟ ਸਿੰਘ, ਕਰਮ ਸਿੰਘ ਨਮੋਲ, ਜਗਜੀਤ ਸਿੰਘ ਜੱਗੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਮਾਸਟਰ ਰਜਿੰਦਰ ਸਿੰਘ ਚੰਗਾਲ , ਜਸਵਿੰਦਰ ਸਿੰਘ ਪ੍ਰਿੰਸ, ਗਿਆਨੀ ਪਿਆਰਾ ਸਿੰਘ, ਬਲਵੰਤ ਸਿੰਘ ਜੋਗਾ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਮੌਜੂਦ ਸਨ।
ਕਈ ਥਾਈਂ ਲਾਏ ਗਏ ਲੰਗਰ
ਨਗਰ ਕੀਰਤਨ ਦੌਰਾਨ ਗੁਰਦੁਆਰਾ ਭਗਤ ਨਾਮਦੇਵ, ਗੁਰਦੁਆਰਾ ਸਾਹਿਬ ਕਿਸ਼ਨਪੁਰਾ, ਗੁਰਦੁਆਰਾ ਸ਼ਾਹੀ ਸਮਾਧਾਂ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸਾਹਿਬ ਨਾਨਕ ਪੁਰਾ, ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ, ਗੁਰਦੁਆਰਾ ਬਾਬਾ ਹਿੰਮਤ ਸਿੰਘ ਅਤੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਹਿਰ ਵਿੱਚ ਕਈ ਥਾਈਂ ਚਾਹ ਪਕੌੜਿਆਂ ਅਤੇ ਫਲ ਫਰੂਟ ਦੇ ਲੰਗਰ ਲਾਏ।